ਇੰਜੀਨੀਅਰ ਬੋਪਾਰਾਏ ਨੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

Thursday, Aug 19, 2021 - 11:41 AM (IST)

ਇੰਜੀਨੀਅਰ ਬੋਪਾਰਾਏ ਨੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

ਪਾਇਲ (ਵਿਨਾਇਕ) : ਅੱਜ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ‘ਬੋਪਾਰਾਏ ਇਲੈਕਟ੍ਰੀਕਲਜ ਐਂਡ ਇਲੈਕਟ੍ਰਾਨਿਕਸ’ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵਕ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਵਰਣਨਯੋਗ ਹੈ ਕਿ ਇੰਜੀਨੀਅਰ ਬੋਪਾਰਾਏ ਦਾ ਪਾਇਲ ਅਤੇ ਖੰਨਾ ਹਲਕਿਆਂ ਵਿਚ ਕਾਂਗਰਸ ਪਾਰਟੀ ਲਈ ਵੱਡਾ ਯੋਗਦਾਨ ਰਿਹਾ ਹੈ, ਜਿਨ੍ਹਾਂ ਨੇ ਪਿਛਲੇ 35 ਸਾਲਾਂ ਦੌਰਾਨ ਕਾਂਗਰਸ ਪਾਰਟੀ ਵਿਚ ਵੱਖ-ਵੱਖ ਅਹੁਦਿਆਂ ’ਤੇ ਰਹਿ ਕੇ ਤਨ, ਮਨ ਅਤੇ ਧਨ ਨਾਲ ਪਾਰਟੀ ਦੀ ਪੂਰੀ ਤਨਦੇਹੀ ਨਾਲ ਸੇਵਾ ਕੀਤੀ ਹੈ ਪਰ ਪਿਛਲੇ ਸਮੇਂ ਵਿਚ ਕਾਂਗਰਸੀ ਵਿਧਾਇਕਾਂ ਅਤੇ ਉੱਚ-ਦਰਜੇ ਦੇ ਕਾਂਗਰਸੀ ਨੇਤਾਵਾਂ ਵੱਲੋਂ ਉਨ੍ਹਾਂ ਨਾਲ ਹੋਈ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਦੀ ਗੈਰਕਨੂੰਨੀ ਢੰਗ ਨਾਲ ਮਦਦ ਕੀਤੇ ਜਾਣ ਕਾਰਨ ਭਾਰੀ ਖਫ਼ਾ ਚਲੇ ਆ ਰਹੇ ਸਨ।

ਕਾਂਗਰਸ ਪ੍ਰਧਾਨ ਨੂੰ ਭੇਜੇ ਆਪਣੇ ਅਸਤੀਫ਼ੇ ’ਚ ਇੰਜੀਨੀਅਰ ਬੋਪਾਰਾਏ ਨੇ ਪਾਰਟੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਖੰਨਾ ਅਤੇ ਪਾਇਲ ਦੇ ਵਿਧਾਇਕਾਂ ਸਮੇਤ ਚੋਟੀ ਦੇ ਕਾਂਗਰਸੀ ਆਗੂਆਂ ਨੇ ਬਹੁ-ਕਰੋੜੀ ਇਨਕਮ ਟੈਕਸ ਧੋਖਾਧੜੀ ਦੇ ਕੇਸ ਵਿਚ ਮੁਲਜ਼ਮ ਐਡਵੋਕੇਟ ਜਸਵਿੰਦਰ ਸਿੰਘ ਲੋਟੇ ਦੀ ਗੈਰਕਨੂੰਨੀ ਮਦਦ ਕੀਤੀ ਹੈ, ਹਾਲਾਂਕਿ ਇਸ ਮਾਮਲੇ ਦੀ ਤਸਵੀਰ ਬਿਲਕੁੱਲ ਸਪੱਸ਼ਟ ਸੀ। ਉਨ੍ਹਾਂ ਕਿਹਾ ਕਿ ਅੱਜ ਇਸ ਪਾਰਟੀ ਤੋਂ ਮੇਰਾ ਅਸਤੀਫ਼ਾ ਦੇਣ ਦਾ ਇਹੀ ਮੁੱਖ ਕਾਰਨ ਹੈ।

ਜ਼ਿਕਰਯੋਗ ਹੈ ਕਿ ਖੰਨਾ ਦੀ ਲਾਅ ਫਰਮ ਜੇ.ਐੱਸ. ਲੋਟੇ ਐਂਡ ਕੰਪਨੀ ਦੇ ਪਾਰਟਨਰ ਐਡਵੋਕੇਟ ਜਸਵਿੰਦਰ ਸਿੰਘ ਲੋਟੇ ਅਤੇ ਉਨ੍ਹਾਂ ਦੀ ਪਤਨੀ ਸੀਤਲ ਲੋਟੇ ਨੇ ਆਪਣੇ ਗਾਹਕ ਕਾਰੋਬਾਰੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨਾਲ ਆਮਦਨ ਟੈਕਸ ਵਿਭਾਗ ਦੇ ਕਰੋੜਾਂ ਰੁਪਏ ਦੇ ਜਾਅਲੀ ਚਲਾਨ ਬਣਾ ਕੇ 1 ਕਰੋੜ 10 ਲੱਖ ਰੁਪਏ ਦੀ ਠੱਗੀ ਮਾਰੀ ਸੀ। ਬਾਅਦ ਵਿਚ ਪੰਜਾਬ ਪੁਲਸ ਨੇ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਦੇ ਬਾਵਜੂਦ ਸਿਆਸੀ ਦਬਾਅ ਕਾਰਨ ਦੋਸ਼ੀ ਐਡਵੋਕੇਟ ਜਸਵਿੰਦਰ ਸਿੰਘ ਲੋਟੇ ਨੂੰ ਲੰਮੇ ਸਮੇਂ ਤੱਕ ਗ੍ਰਿਫ਼ਤਾਰ ਨਹੀਂ ਕੀਤਾ। ਨਤੀਜੇ ਵਜੋਂ, ਇੰਜੀਨੀਅਰ ਬੋਪਾਰਾਏ ਨੂੰ ਮਾਨਯੋਗ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਆਪਣੇ ਮਾਮਲੇ ਵਿਚ ਨਿਆਂ ਦੀ ਮੰਗ ਕਰਨੀ ਪਈ।

ਇੰਜੀਨੀਅਰ ਬੋਪਾਰਾਏ ਨੇ ਦੋਸ਼ ਲਾਇਆ ਕਿ ਜਦੋਂ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਕਾਂਗਰਸੀ ਵਿਧਾਇਕ ਅਤੇ ਸੀਨੀਅਰ ਆਗੂ ਆਮ ਵਰਕਰਾਂ ਦੀ ਕੋਈ ਪੁੱਛਗਿੱਛ ਨਹੀਂ ਕਰਦੇ, ਸਗੋਂ ਭ੍ਰਿਸ਼ਟ ਅਤੇ ਦੋਸ਼ੀ ਲੋਕਾਂ ਨੂੰ ਪਾਰਟੀ ਵਿਚ ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਚ ਕਾਂਗਰਸ ਪਾਰਟੀ ਦੇ ਨਿਘਾਰ ਦਾ ਕਾਰਨ ਸਿਰਫ ਅਜਿਹੇ ਕਾਂਗਰਸੀ ਨੇਤਾ ਹਨ, ਜੋ ਆਪਣੇ ਮਾੜੇ ਕੰਮਾਂ ਲਈ ਕਾਂਗਰਸ ਪਾਰਟੀ ਦੇ ਵਫਾਦਾਰ ਵਰਕਰਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ। ਉੱਥੇ ਸਪੱਸ਼ਟ ਜਮੀਰ ਵਾਲੇ ਲੋਕਾਂ ਲਈ ਆਮ ਜਨਤਾ ਪ੍ਰਤੀ ਜਵਾਬਦੇਹ ਹੋਣਾ ਬਹੁਤ ਔਖਾ ਹੈ।


author

Gurminder Singh

Content Editor

Related News