ਕਾਂਗਰਸ ’ਚ ਚੱਲ ਰਹੀ ਖਾਨਾਜੰਗੀ ਦੌਰਾਨ ਵੱਡੀ ਖ਼ਬਰ, ਵਿਧਾਇਕਾਂ ਨਾਲ ਜਲਦ ਮੁਲਾਕਾਤ ਕਰ ਸਕਦੇ ਨੇ ਰਾਹੁਲ ਗਾਂਧੀ

Friday, May 21, 2021 - 06:38 PM (IST)

ਕਾਂਗਰਸ ’ਚ ਚੱਲ ਰਹੀ ਖਾਨਾਜੰਗੀ ਦੌਰਾਨ ਵੱਡੀ ਖ਼ਬਰ, ਵਿਧਾਇਕਾਂ ਨਾਲ ਜਲਦ ਮੁਲਾਕਾਤ ਕਰ ਸਕਦੇ ਨੇ ਰਾਹੁਲ ਗਾਂਧੀ

ਜਲੰਧਰ : ਪੰਜਾਬ ਵਿਚ ਛਿੜੀ ਘਰੇਲੂ ਜੰਗ ਦਾ ਨਤੀਜਾ ਕੀ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਦੌਰਾਨ ਵੱਡੀ ਖ਼ਬਰ ਇਹ ਆਈ ਹੈ ਕਿ ਰਾਹੁਲ ਗਾਂਧੀ ਜਲਦੀ ਹੀ ਪੰਜਾਬ ਦੇ ਵਿਧਾਇਕਾਂ ਨਾਲ ਬੈਠਕ ਕਰ ਸਕਦੇ ਹਨ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਵੱਖ-ਵੱਖ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ ਅਤੇ ਸੂਬੇ ਦੇ ਮੌਜੂਦਾ ਹਾਲਾਤ ਬਾਰੇ ਫੀਡਬੈਕ ਲੈਣਗੇ। ਹਾਲਾਂਕਿ ਅਜੇ ਰਾਹੁਲ ਗਾਂਧੀ ਕੋਰੋਨਾ ਤੋਂ ਉਭਰ ਰਹੇ ਹਨ, ਜਿਸ ਦੇ ਚੱਲਦੇ ਉਨ੍ਹਾਂ ਦਾ ਇਹ ਪ੍ਰੋਗਰਾਮ ਥੋੜਾ ਅੱਗੇ ਵੀ ਜਾ ਸਕਦਾ ਹੈ। ਦੂਜੇ ਪਾਸੇ ਸੂਤਰ ਇਹ ਵੀ ਦੱਸ ਰਹੇ ਹਨ ਕਿ ਜਿਸ ਤਰ੍ਹਾਂ ਪੰਜਾਬ ਕਾਂਗਰਸ ਵਿਚ ਹਾਲਾਤ ਬਣੇ ਹੋਏ ਹਨ, ਉਸ ਨੂੰ ਦੇਖਦੇ ਹੋਏ ਹਾਈਕਮਾਨ ਨੇ ਦੋਵਾਂ ਧਿਰਾਂ ਨੂੰ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਰੱਖਣ ਲਈ ਆਖਿਆ ਹੈ ਪਰ ਇਸ ਸਭ ਦੇ ਚੱਲਦੇ ਆਉਣ ਵਾਲੇ ਕੁੱਝ ਦਿਨਾਂ ’ਚ ਹੀ ਰਾਹੁਲ ਗਾਂਧੀ ਇਸ ਮੁਲਾਕਾਤ ਬਾਰੇ ਕੋਈ ਫ਼ੈਸਲਾ ਲੈ ਸਕਦੇ ਹਨ।

ਇਹ ਵੀ ਪੜ੍ਹੋ : ਕੋਰੋਨਾ ਦੀ ਔਖੀ ਘੜੀ ’ਚ ਕੈਪਟਨ ਅਮਰਿੰਦਰ ਸਿੰਘ ਦਾ ਇਕ ਹੋਰ ਐਲਾਨ, ਚੁੱਕਿਆ ਇਹ ਵੱਡਾ ਕਦਮ

ਦੂਜੇ ਪਾਸੇ ਚਰਚਾ ਸੀ ਕਿ ਪੰਜਾਬ ਕਾਂਗਰਸ ਵਿਚ ਪੈਦਾ ਹੋਏ ਕਲੇਸ਼ ਨੂੰ ਠੱਲ੍ਹਣ ਲਈ ਸੂਬਾ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਅਤੇ ਚਰਚਾ ਇਹ ਵੀ ਸੀ ਕਿ ਉਹ ਜਲਦੀ ਹੀ ਪੰਜਾਬ ਦਾ ਦੌਰਾ ਕਰ ਸਕਦੇ ਹਨ ਜਦਕਿ ਇਸ ਸਭ ਦੇ ਦਰਮਿਆਨ ਵੀਰਵਾਰ ਨੂੰ ਇਹ ਖ਼ਬਰ ਆਈ ਕਿ ਰਾਵਤ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ ਹੈ। ਦੱਸਿਆ ਗਿਆ ਕਿ ਕੋਵਿਡ ਤੋਂ ਠੀਕ ਹੋਣ ਤੋਂ ਬਾਅਦ ਉਨ੍ਹਾਂ ਦੇ ਗਲੇ ਵਿਚ ਖਰਾਸ਼ ਅਤੇ ਵੋਕਲ ਕੌਰਡ ਵਿਚ ਕੁੱਝ ਸਮੱਸਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਬੋਲਣ ਵਿਚ ਕਠਿਨਾਈ ਮਹਿਸੂਸ ਹੋ ਰਹੀ ਹੈ। ਸੂਤਰ ਇਹ ਵੀ ਦੱਸ ਰਹੇ ਹਨ ਕਿ ਪੰਜਾਬ ਕਾਂਗਰਸ ਦੇ ਚੋਟੀ ਦੇ ਲੀਡਰਾਂ ਵਿਚ ਪੈਦਾ ਹੋਏ ਹਾਲਾਤ ਤੋਂ ਹਰੀਸ਼ ਰਾਵਤ ਖੁਦ ਨੂੰ ਵੱਖ ਰੱਖਣਾ ਚਾਹੁੰਦੇ ਹਨ। ਫਿਲਹਾਲ ਪੰਜਾਬ ਕਾਂਗਰਸ ਵਿਚ ਪੈਦਾ ਹੋਈ ਘਰੇਲੂ ਜੰਗ ਕਦੋਂ ਸ਼ਾਂਤ ਹੁੰਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ : ਲਾਕਡਾਊਨ ’ਚ ਜੇਕਰ ਤੁਸੀਂ ਜਨਮ ਦਿਨ ਮਨਾਉਣ ਦੀ ਸੋਚ ਰਹੇ ਹੋ ਤਾਂ ਸਾਵਧਾਨ, ਕੇਕ ਕੱਟਣ ’ਤੇ ਪੁੱਜ ਸਕਦੇ ਹੋ ਜੇਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News