ਕਾਂਗਰਸ ਸਰਕਾਰ ਦੌਰਾਨ ਨਸ਼ੇ ਕਾਰਨ 218 ਨੌਜਵਾਨਾਂ ਦੀ ਜਾਨ ਗਈ : ਸੁਖਬੀਰ ਬਾਦਲ

07/13/2019 6:27:18 PM

ਜਲਾਲਾਬਾਦ (ਸੇਤੀਆ, ਗੁਲਸ਼ਨ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਕੋਲੋਂ ਉਹ ਸਾਰੀਆਂ ਸਹੂਲਤਾਂ ਖੋਹ ਲਈਆਂ, ਜਿਹੜੀਆਂ ਨੂੰ ਉਨ੍ਹਾਂ ਨੂੰ ਪਹਿਲਾਂ ਬੂਹੇ 'ਤੇ ਮਿਲਦੀਆਂ ਸਨ ਅਤੇ ਇਸ ਦੀ ਥਾਂ ਕਾਂਗਰਸੀ ਆਗੂਆਂ ਨੇ ਡਰੱਗ ਮਾਫੀਆ ਅਤੇ ਭ੍ਰਿਸ਼ਟ ਪੁਲਸ ਅਧਿਕਾਰੀਆਂ ਨਾਲ ਮਿਲ ਕੇ ਹੁਣ ਲੋਕਾਂ ਨੂੰ ਬੂਹੇ 'ਤੇ ਜਾ ਕੇ ਨਸ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ।

ਜਲਾਲਾਬਾਦ ਵਿਚ ਆਪਣੇ ਧੰਨਵਾਦੀ ਦੌਰੇ ਦੌਰਾਨ ਢਿੱਪਾਂ ਵਾਲੀ, ਮੂਲਿਆਂ ਵਾਲੀ, ਬੰਨਾਂ ਵਾਲਾ, ਪਾਕਾਂ, ਜੰਡਵਾਲਾ ਭੀਮੇਸ਼ਾਹ, ਝੋਟਿਆਂ ਵਾਲੀ, ਢਾਣੀ ਚਿਰਾਗ ਅਤੇ ਸ਼ਾਹਪੁਰਾ ਆਦਿ ਪਿੰਡਾਂ ਵਿਚ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਨਸ਼ਿਆਂ ਦੀ ਓਵਰਡੋਜ਼ ਨਾਲ 218 ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ। ਸ਼ਰੇਆਮ ਨਸ਼ਾ ਵੇਚਣ ਵਾਲੇ ਤਸਕਰਾਂ ਨੇ ਅੱਲ੍ਹੜ ਉਮਰ ਦੀਆਂ ਕੁੜੀਆਂ ਨੂੰ ਵੀ ਨਸ਼ੇ ਉੱਤੇ ਲਾ ਦਿੱਤਾ ਹੈ ਕਿਉਂਕਿ ਉਨ੍ਹਾਂ ਉੱਤੇ ਕਾਂਗਰਸ ਪਾਰਟੀ ਦਾ ਹੱਥ ਹੈ। ਬਾਦਲ ਨੇ ਕਿਹਾ ਕਿ ਚੋਣ ਜ਼ਾਬਤੇ ਦੌਰਾਨ ਸੂਬੇ 'ਚੋਂ ਚੋਣ ਕਮਿਸ਼ਨ ਅਤੇ ਕਸਟਮਜ਼ ਅਧਿਕਾਰੀਆਂ ਟਰੱਕਾਂ ਦੇ ਟਰੱਕ ਨਸ਼ੇ ਦੇ ਫੜੇ ਗਏ ਸਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀਆਂ ਫੜੀਆਂ ਇਹ ਖੇਪਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਪਾਕਿਸਤਾਨ ਤੋਂ ਨਸ਼ਿਆਂ ਦੀ ਤਸਕਰੀ ਵਿਚ ਭਾਰੀ ਵਾਧਾ ਹੋਇਆ ਹੈ। ਜਿਸ ਲਈ ਪੰਜਾਬ ਸਰਕਾਰ ਦੀ ਅਣਗਹਿਲੀ ਅਤੇ ਡਰੱਗ ਮਾਫੀਆ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਜ਼ਿੰਮੇਵਾਰ ਹੈ।

ਇਸ ਦੌਰੇ ਦੌਰਾਨ ਲੋਕ ਬਾਦਲ ਕੋਲ ਬਿਜਲੀ ਦੇ ਭੇਜੇ ਗਏ ਵੱਡੇ ਬਿਲਾਂ ਦੀਆਂ ਸ਼ਿਕਾਇਤਾਂ ਲੈ ਕੇ ਆਏ। ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਲੋਕਾਂ ਨੂੰ ਮਿਲਦੀ ਅੰਸ਼ਿਕ ਮੁਫਤ ਬਿਜਲੀ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਬਿਜਲੀ ਦੇ ਮੋਟੇ ਬਿਲ ਭੇਜੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਵੱਲੋਂ ਬਿਜਲੀ ਦੇ ਮੋਟੇ ਬਿਲ ਵਾਪਸ ਲੈਣ ਲਈ ਕਾਂਗਰਸ ਸਰਕਾਰ 'ਤੇ ਦਬਾਅ ਪਾਇਆ ਜਾਵੇਗਾ। ਲੋਕਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਕਰ ਦਿੱਤੇ ਗਏ ਹਨ, ਇਥੋਂ ਤਕ ਕਿ ਪਿੰਡ ਪੱਧਰ 'ਤੇ ਵੀ ਕੋਈ ਵਿਕਾਸ ਕਾਰਜ ਨਹੀਂ ਕੀਤਾ ਜਾ ਰਿਹਾ ਹੈ।

ਉਨ੍ਹਾਂ ਲੋਕਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਹ ਕਾਂਗਰਸ ਸਰਕਾਰ ਨੂੰ ਆਪਣੇ ਹਲਕੇ ਨਾਲ ਵਿਤਕਰਾ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਸਾਰੇ ਯੋਗ ਲਾਭਪਾਤਰੀ, ਜਿਨ੍ਹਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਹਨ, ਉਨ੍ਹਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਆਟਾ-ਦਾਲ ਸਕੀਮ ਦੇ ਸਾਰੇ ਲਾਭ ਦਿਵਾਏ ਜਾਣਗੇ। ਉਨ੍ਹਾਂ ਨੂੰ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਕਿ ਜੇਕਰ ਕਾਂਗਰਸੀਆਂ ਵੱਲੋਂ ਮਨਰੇਗਾ ਸਕੀਮ ਤਹਿਤ ਫੰਡਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤਾਂ ਉਹ ਤੁਰੰਤ ਇਸ ਬਾਰੇ ਰਿਪੋਰਟ ਕਰਨ।  


Gurminder Singh

Content Editor

Related News