ਕਾਂਗਰਸ ’ਚ ਚੱਲ ਰਹੇ ਘਮਸਾਨ ਵਿਚਾਲੇ ਮੰਤਰੀ ਮੰਡਲ ’ਚ ਹੋ ਰਹੇ ਬਦਲਾਅ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ
Wednesday, May 12, 2021 - 06:21 PM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਵਿਚ ਮਚੇ ਘਮਸਾਨ ਵਿਚ ਆਮ ਰਾਏ ਇਹ ਹੈ ਕਿ ਸਭ ਆਪਣੀ-ਆਪਣੀ ਸਥਿਤੀ ਤੈਅ ਕਰਨ ਵਿਚ ਲੱਗੇ ਹੋਏ ਹਨ। ਕੋਈ ਮੰਤਰੀ ਮੰਡਲ ਵਿਚ ਬਦਲਾਅ ’ਤੇ ਅੱਖ ਟਿਕਾਈ ਬੈਠਾ ਹੈ ਤਾਂ ਕੋਈ ਮੁੱਖ ਮੰਤਰੀ ਦੀ ਕੁਰਸੀ ਨੂੰ ਹਿਲਾਉਣ ਦੀ ਕੋਸ਼ਿਸ਼ ਵਿਚ ਹੈ। ਕਾਂਗਰਸ ਪਾਰਟੀ ਦੇ ਪੱਧਰ ’ਤੇ ਇਕ ਸੀਨੀਅਰ ਨੇਤਾ ਮੁਤਾਬਕ ਮੌਜੂਦਾ ਸਥਿਤੀ ਵਿਚ ਧੜਿਆਂ ਵਿਚ ਵੰਡੇ ਹੋਏ ਚਿਹਰਿਆਂ ਨੂੰ ਉਂਗਲਾਂ ’ਤੇ ਗਿਣਿਆ ਜਾ ਸਕਦਾ ਹੈ। ਅਜਿਹੀ ਸਥਿਤੀ ਉਦੋਂ ਵੀ ਪੈਦਾ ਹੋਈ ਸੀ, ਜਦੋਂ ਮੁੱਖ ਸਕੱਤਰ ਨਾਲ ਬੈਠਕ ਵਿਚ ਅਫਸਰਸ਼ਾਹੀ ਅਤੇ ਨੇਤਾਵਾਂ ਵਿਚਕਾਰ ਤਣਾਤਨੀ ਦਾ ਮਾਹੌਲ ਬਣਿਆ ਸੀ। ਬੇਸ਼ੱਕ ਹੁਣ ਬੇਅਦਬੀ-ਗੋਲੀਕਾਂਡ ਮਾਮਲੇ ਨੂੰ ਉਠਾਇਆ ਜਾ ਰਿਹਾ ਹੈ ਪਰ ਬਗਾਵਤ ਦੀ ਕਹਾਣੀ ਉਹੀ ਪੁਰਾਣੀ ਹੈ।
ਇਹ ਵੀ ਪੜ੍ਹੋ : ਬੇਅਦਬੀ ’ਤੇ ਕਾਂਗਰਸ ’ਚ ਘਮਸਾਨ, ਸਾਂਸਦਾਂ ਤੇ ਮੰਤਰੀਆਂ ਵਿਚਾਲੇ ਮੀਟਿੰਗ ਤੋਂ ਬਾਅਦ ਕੈਪਟਨ ਖੇਮੇ ’ਚ ਖਲਬਲੀ
ਹੁਣ ਜਦੋਂ ਮੰਤਰੀ ਮੰਡਲ ਵਿਚ ਫੇਰਬਦਲ ਦੀਆਂ ਚਰਚਾਵਾਂ ਦਾ ਦੌਰ ਚੱਲਿਆ ਹੈ ਤਾਂ ਕੁਝ ਨਵੇਂ ਧੜੇ ਵੀ ਬੈਠਕਾਂ ਵਿਚ ਲੱਗ ਗਏ ਹਨ ਤਾਂ ਕਿ ਜਦੋਂ ਮੰਤਰਾਲਾ ਵੰਡੇ ਤਾਂ ਇਕ ਦੀ ਥਾਂ ਦੋ ਜਾਂ ਉਨ੍ਹਾਂ ਦੇ ਚਹੇਤਿਆਂ ਨੂੰ ਮੰਤਰਾਲਾ ਮਿਲੇ। ਖਿੱਚੋਤਾਣ ਤਾਂ ਉਪ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਵੀ ਹੈ। ਇਕ ਸੀਨੀਅਰ ਨੇਤਾ ਮੁਤਾਬਕ ਅੱਜ ਜੋ ਸਥਿਤੀ ਹੈ ਉਹ ਇਹ ਹੈ ਕਿ ‘ਨਾ ਛੁਰਾ ਉੱਠੇਗਾ, ਨਾ ਤਲਵਾਰ ਉੱਠੇ, ਯੇਹ ਬਾਜੂ ਹਮਾਰੇ ਅਜ਼ਮਾਏ ਹੂਏ ਹੈ।’ ਹਾਲਾਂਕਿ ਉਨ੍ਹਾਂ ਨੇ ਇਹ ਗੱਲ ਸਪੱਸ਼ਟ ਕਰਦੇ ਹੋਏ ਕਿਹਾ ਕਿ ਬੇਅਦਬੀ-ਗੋਲੀਕਾਂਡ ਮਾਮਲਾ ਚਿੰਤਾ ਦਾ ਵਿਸ਼ਾ ਹੈ। ਇਹ ਪੰਜਾਬ ਦੇ ਲੋਕਾਂ ਨਾਲ ਜੁੜਿਆ ਮਸਲਾ ਹੈ, ਰਾਜਨੀਤੀ ਕਰਨ ਦਾ ਮਸਲਾ ਨਹੀਂ ਹੈ। ਜੇਕਰ ਸਭ ਵਾਕਿਆ ਹੀ ਗੰਭੀਰ ਹੁੰਦੇ ਤਾਂ ਇਨ੍ਹਾਂ ਕੁਝ ਨੇਤਾਵਾਂ ਦੀ ਬੈਠਕ ਨਾ ਹੁੰਦੀ ਸਗੋਂ ਸਾਰੇ ਵਿਧਾਇਕਾਂ ਦੀ ਬੈਠਕ ਹੁੰਦੀ। ਅੱਜ ਜੋ ਬੈਠਕਾਂ ਹੋ ਰਹੀਆਂ ਹਨ, ਉਨ੍ਹਾਂ ਦਾ ਆਪਣਾ ਨਜ਼ਰੀਆ ਹੈ ਅਤੇ ਆਪਣਾ ਅੰਦਾਜ਼ ਹੈ, ਜੋ ਸਿਰਫ਼ ਆਪਣੀ ਪੁਜੀਸ਼ਨਿੰਗ ਲਈ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਮਚੀ ਤਰਥੱਲੀ, ਹੁਣ ਕੈਪਟਨ ਦੇ ਮੰਤਰੀਆਂ ਨੇ ਨਵਜੋਤ ਸਿੱਧੂ ਖ਼ਿਲਾਫ਼ ਖੋਲ੍ਹਿਆ ਮੋਰਚਾ
ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਥੀ ਨੇਤਾਵਾਂ ਨਾਲ ਕੀਤੀ ਬੈਠਕ
ਪਿਛਲੇ ਕੁਝ ਦਿਨਾਂ ਤੋਂ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਸੰਸਦਾਂ ਮੈਂਬਰਾਂ ਦੀਆਂ ਗੁਪਤ ਬੈਠਕਾਂ ਵਿਚਕਾਰ ਮੰਗਲਵਾਰ ਨੂੰ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਕ ਬੈਠਕ ਕੀਤੀ। ਇਸ ਬੈਠਕ ਵਿਚ ਕਰੀਬ 12 ਦਲਿਤ ਵਿਧਾਇਕਾਂ ਅਤੇ 2 ਮੰਤਰੀਆਂ ਨੇ ਹਿੱਸਾ ਲਿਆ, ਜਿਸ ਵਿਚ ਵਿਧਾਇਕ ਰਾਜ ਕੁਮਾਰ ਵੇਰਕਾ ਵੀ ਸ਼ਾਮਲ ਰਹੇ। ਮੰਗਲਵਾਰ ਨੂੰ ਹੋਈ ਬੈਠਕ ਨੂੰ ਲੈ ਕੇ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਇਹ ਇਕ ਪਰਿਵਾਰਕ ਬੈਠਕ ਸੀ, ਜਿਸ ਵਿਚ ਅਨੁਸੂਚਿਤ ਜਾਤੀ ਅਤੇ ਪਛੜੇ ਵਰਗ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕੀਤੀ ਗਈ ਹੈ। ਇਹ ਕਿਸੇ ਦੇ ਖ਼ਿਲਾਫ਼ ਕੀਤੀ ਗਈ ਬੈਠਕ ਨਹੀਂ ਹੈ।
ਇਹ ਵੀ ਪੜ੍ਹੋ : ਆਪਣੀ ਹੀ ਸਰਕਾਰ ਖ਼ਿਲਾਫ਼ ਸਿੱਧੂ ਦੇ ‘ਵਾਰ’ ਲਗਾਤਾਰ ਜਾਰੀ, ਹੁਣ ਫਿਰ ਦਿੱਤਾ ਤਿੱਖਾ ਬਿਆਨ
ਉੱਧਰ, ਸਿਆਸੀ ਮਾਹਰ ਇਸ ਬੈਠਕ ਦੇ ਵੱਖਰੇ ਮਾਇਨੇ ਦੱਸਦੇ ਹਨ। ਸਿਆਸੀ ਮਾਹਰਾਂ ਦੀ ਮੰਨੀਏ ਤਾਂ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੁੱਖ ਮੰਤਰੀ ਨਾਲ ਅੰਦਰਖਾਤੇ ਨਾਰਾਜ਼ਗੀ ਕਿਸੇ ਤੋਂ ਛੁਪੀ ਨਹੀਂ ਹੈ। ਸਾਬਕਾ ਚੀਫ ਸਕੱਤਰ ਨਾਲ ਹੋਈ ਬੈਠਕ ਵਿਚ ਚਰਨਜੀਤ ਸਿੰਘ ਚੰਨੀ ਅਜਿਹੇ ਮੰਤਰੀ ਸਨ, ਜਿਨ੍ਹਾਂ ਨੇ ਪ੍ਰਮੁੱਖਤਾ ਨਾਲ ਸਰਕਾਰ ’ਤੇ ਹਾਵੀ ਅਫਸਰਸ਼ਾਹੀ ਨੂੰ ਲੈ ਕੇ ਆਪਣੀ ਨਾਰਾਜ਼ਗੀ ਸਾਫ਼ ਜ਼ਾਹਿਰ ਕੀਤੀ ਸੀ। ਤਦ ਮੁੱਖ ਮੰਤਰੀ ਦੇ ਨਿਰਦੇਸ਼ ’ਤੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਨ੍ਹਾਂ ਨੂੰ ਮਨਾਉਣ ਲਈ ਪਹੁੰਚੇ ਸਨ। ਤਦ ਇਹ ਗੱਲ ਚਰਚਾ ਵਿਚ ਆਈ ਸੀ ਕਿ ਚੰਨੀ ਦੇ ਪੁਰਾਣੇ ਟਵੀਟ ਮਾਮਲੇ ਨੂੰ ਦੁਬਾਰਾ ਖੋਲ੍ਹਣ ਦੀ ਗੱਲ ਕਹੀ ਗਈ, ਜਿਸ ’ਤੇ ਚੰਨੀ ਨੇ ਕਾਫ਼ੀ ਤਿੱਖੇ ਤੇਵਰ ਦਿਖਾਏ। ਹਾਲਾਂਕਿ ਬਾਅਦ ਵਿਚ ਇਹ ਮਾਮਲਾ ਦੱਬ ਗਿਆ ਪਰ ਹੁਣ ਬੇਅਦਬੀ-ਗੋਲੀਕਾਂਡ ਮਾਮਲੇ ਨੂੰ ਲੈ ਕੇ ਚੰਨੀ ਇਕ ਵਾਰ ਫਿਰ ਬਗਾਵਤੀ ਬੈਠਕਾਂ ਦੇ ਦੌਰ ਵਿਚ ਸ਼ਾਮਲ ਹੋ ਰਹੇ ਹਨ।
ਇਹ ਵੀ ਪੜ੍ਹੋ : ਲਗਾਤਾਰ ਵੱਧ ਰਹੇ ਕੋਰੋਨਾ ਦੇ ਕਹਿਰ ਦਰਮਿਆਨ ਐਕਸ਼ਨ ’ਚ ਲੁਧਿਆਣਾ ਪੁਲਸ, ਚੁੱਕਿਆ ਸਖ਼ਤ ਕਦਮ
3 ਮੰਤਰੀਆਂ ਤੋਂ ਬਾਅਦ ਬਲਬੀਰ ਸਿੱਧੂ ਵੀ ਉੱਤਰੇ ਸਰਕਾਰ ਦੇ ਸਮਰਥਨ ’ਚ
ਕਾਂਗਰਸੀ ਨੇਤਾਵਾਂ ਦੇ ਬਾਗੀ ਤੇਵਰਾਂ ਵਿਚਕਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਮਰਥਨ ਵਿਚ ਵੀ ਕੁਝ ਮੰਤਰੀ ਖੁੱਲ੍ਹ ਕੇ ਖੜ੍ਹੇ ਹੋ ਚੁੱਕੇ ਹਨ। ਸੋਮਵਾਰ ਨੂੰ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ, ਸੁੰਦਰ ਸ਼ਾਮ ਅਰੋੜਾ ਅਤੇ ਸਾਧੂ ਸਿੰਘ ਧਰਮਸੋਤ ਵਲੋਂ ਸਿੱਧੂ ਖ਼ਿਲਾਫ਼ ਹਾਈਕਮਾਨ ਵਲੋਂ ਅਨੁਸ਼ਾਨਾਤਮਕ ਕਾਰਵਾਈ ਦੀ ਅਪੀਲ ਤੋਂ ਬਾਅਦ ਮੰਗਲਵਾਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਕਾਂਗਰਸ ਵਿਚ ਉਪਜੇ ਮੱਤਭੇਦ ’ਤੇ ਆਪਣੀ ਗੱਲ ਰੱਖੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਦੇ ਮਨ ਵਿਚ ਕੋਈ ਨਾਰਾਜਗ਼ੀ ਜਾਂ ਮੱਤਭੇਦ ਹੈ ਤਾਂ ਉਹ ਪਾਰਟੀ ਪੱਧਰ ’ਤੇ ਆਪਣੀ ਗੱਲ ਰੱਖ ਸਕਦਾ ਹੈ। ਜਨਤਕ ਤੌਰ ’ਤੇ ਬਿਆਨਬਾਜ਼ੀ ਠੀਕ ਨਹੀਂ ਹੈ।
ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ ’ਚ ਕਰਵਟ ਲਵੇਗਾ ਮੌਸਮ, ਹੋਵੇਗੀ ਗੜੇਮਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?