ਕਾਂਗਰਸ ਦੇ ਰਾਜ ''ਚ ਸੂਬੇ ਦੀ ਅਮਨ ਸ਼ਾਂਤੀ ਖਤਰੇ ਵਿਚ : ਚੀਮਾ
Wednesday, Sep 18, 2019 - 06:18 PM (IST)

ਭਵਾਨੀਗੜ (ਵਿਕਾਸ, ਸੰਜੀਵ) : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ 'ਆਪ' ਦੇ ਸੀਨੀਅਰ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪਿੰਡ ਚੰਨੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਮੌਜੂਦਾ ਸਮੇਂ 'ਚ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਤਰਸਯੋਗ ਬਣੀ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਸੂਬੇ ਦਾ ਗ੍ਰਹਿ ਵਿਭਾਗ ਵੀ ਸੰਭਾਲ ਰਹੇ ਹਨ, ਦੇ ਬਾਵਜੂਦ ਪੰਜਾਬ ਵਿਚ ਲਾਅ ਐਂਡ ਆਰਡਰ ਖਤਰੇ ਵਿਚ ਹੈ। ਚੀਮਾ ਨੇ ਆਖਿਆ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਜਨਤਾ ਨਾਲ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਨਹੀਂ ਨਿਭਾਇਆ ਗਿਆ। ਰੁਜ਼ਗਾਰ ਮੇਲਿਆਂ ਵਿਚ ਬੇਰੁਜ਼ਗਾਰ ਨਿੱਜੀ ਕੰਪਨੀਆਂ ਰਾਹੀਂ ਨੌਕਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨ ਬੱਚੇ ਕੁੱਝ ਮਹੀਨਿਆਂ ਬਾਅਦ ਫਿਰ ਤੋਂ ਬੇਰੁਜ਼ਗਾਰ ਹੋ ਜਾਂਦੇ ਹਨ ।
ਕਸ਼ਮੀਰ ਵਿਚ ਧਾਰਾ 370 ਦੇ ਪੱਖ ਵਿਚ 'ਆਪ' ਦੇ ਸਟੈਂਡ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਚੀਮਾ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਕਸ਼ਮੀਰ ਵਿਚ ਅਮਨ ਸ਼ਾਂਤੀ ਭੰਗ ਸੀ ਕਸ਼ਮੀਰ ਦੀ ਖੁਸ਼ਹਾਲੀ ਤੇ ਵਿਕਾਸ ਲਈ ਹੀ ਉਨ੍ਹਾਂ ਦੀ ਪਾਰਟੀ ਵੱਲੋਂ ਧਾਰਾ 370 ਨੂੰ ਖਤਮ ਕਰਨ 'ਤੇ ਕੇਂਦਰ ਸਰਕਾਰ ਨੂੰ ਸਮਰਥਨ ਦਿੱਤਾ ਗਿਆ। ਚੀਮਾ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਪੰਜਾਬ ਦੀ ਨੰਬਰ ਇਕ ਪਾਰਟੀ ਹੋਵੇਗੀ ਜਿਸ ਲਈ ਪਾਰਟੀ ਦੇ ਸਾਰੇ ਆਗੂ ਤੇ ਵਾਲੰਟੀਅਰ ਮਿਲ ਕੇ ਮਿਹਨਤ ਕਰ ਰਹੇ ਹਨ।