ਕਾਂਗਰਸ ਸਰਕਾਰ ਵੀ ਅਕਾਲੀ ਭਾਜਪਾ ਸਰਕਾਰ ਦੇ ਰਾਹ ਤੁਰੀ- ਸਹੌਲੀ
Thursday, Oct 05, 2017 - 04:53 PM (IST)
ਨਾਭਾ (ਜਗਨਾਰ) - ਵੀਰਵਾਰ ਸਥਾਨਕ ਅਲੌਹਰਾਂ ਗੇਟ ਸਥਿਤ ਮੋਤੀ ਬਾਗ ਵਿਖੇ ਪਾਰਟੀ ਦੇ ਮੁੱਖ ਦਫਤਰ 'ਚ ਅਕਾਲੀ ਦਲ ਸੁਤੰਤਰ ਦੀ ਵਿਸ਼ੇਸ ਇਕੱਤਰਤਾ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ 'ਚ ਹੋਈ, ਜਿਸ 'ਚ ਵਰਕਰਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਅਤੇ ਭਖਦੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਹੌਲੀ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਹੋਂਦ 'ਚ ਆਇਆਂ ਛੇ ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਦੇ ਬਾਵਜੂਦ ਅੱਜ ਤੱਕ ਬਰਗਾੜੀ ਗੋਲੀ ਕਾਂਡ ਤੋਂ ਇਲਾਵਾ ਪੰਜਾਬ ਵਿੱਚ ਥਾਂ-ਥਾਂ ਹੋਈਆਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇ-ਅਦਬੀ ਦੀਆਂ ਘਟਨਾਵਾਂ ਦੇ ਸਬੰਧ 'ਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਤੇ ਅਕਾਲੀ ਭਾਜਪਾ ਗੱਠਜੋੜ ਫਰੈਂਡਲੀ ਮੈਚ ਖੇਡਦੇ ਜਾਪਦੇ ਹਨ।| ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਬੇਅਦਬੀ ਕਰਨ ਵਾਲੇ ਦੋਖੀਆਂ ਨੂੰ ਜਲਦ ਤੋਂ ਜਲਦ ਕਾਬੂ ਕਰੇ ਅਤੇ ਨਿੱਤ ਦਿਨ ਵਾਪਰ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਠੱਲ ਪਾਉਣ ਲਈ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਉਹਨਾਂ ਦੇ ਕਰਜ਼ੇ ਤੇ ਲਾਈਨ ਮਾਰੇ ਅਤੇ ਫਸਲ ਦੀ ਰਹਿੰਦ-ਖੂੰਹਦ ਨੂੰ ਸਮੇਟਣ ਲਈ ਕਿਸਾਨਾਂ ਦੀ ਯੋਗ ਮੱਦਦ ਕਰੇ।
