ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਪਰਸੋਂ

03/31/2019 10:07:30 AM

ਜਲੰਧਰ (ਧਵਨ) - ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ 2 ਅਪ੍ਰੈਲ ਨੂੰ ਦਿੱਲੀ 'ਚ ਹੋਵੇਗੀ, ਜਿਸ 'ਚ ਹਿੱਸਾ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾਈ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸੱਦਾ ਮਿਲਿਆ ਹੈ। ਬੈਠਕ 'ਚ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਕਾਂਗਰਸ ਦੇ ਸੰਗਠਨ ਸਕੱਤਰ ਕੇ. ਸੀ. ਵੇਣੂਗੋਪਾਲ ਵੀ ਹਿੱਸਾ ਲੈਣਗੇ। ਸਕਰੀਨਿੰਗ ਕਮੇਟੀ ਪਹਿਲਾਂ 10 ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਦਾ ਪੈਨਲ ਤਿਆਰ ਕਰ ਚੁੱਕੀ ਹੈ ਜਦਕਿ 3 ਸੀਟਾਂ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਬਠਿੰਡਾ ਨੂੰ ਅਜੇ ਪੈਂਡਿੰਗ ਹਨ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ 13 'ਚੋਂ ਕੁਝ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ 2 ਅਪ੍ਰੈਲ ਨੂੰ ਰਾਤ ਵੇਲੇ ਜਾਂ 3 ਅਪ੍ਰੈਲ ਨੂੰ ਸਵੇਰੇ ਹੋਣ ਦੀ ਭਾਰੀ ਸੰਭਾਵਨਾ ਹੈ। ਭਾਵੇਂ ਪੰਜਾਬ 'ਚ ਵੋਟਾਂ 19 ਮਈ ਨੂੰ ਪੈਣੀਆਂ ਹਨ ਪਰ ਕਾਂਗਰਸ ਦੀ ਲੀਡਰਸ਼ਿਪ ਟਿਕਟਾਂ ਦੀ ਵੰਡ ਨੂੰ ਲੈ ਕੇ ਹੋਰ ਦੇਰੀ ਨਹੀਂ ਕਰਨਾ ਚਾਹੁੰਦੀ। 

ਪਤਾ ਲੱਗਾ ਹੈ ਕਿ 2 ਅਪ੍ਰੈਲ ਦੀ ਬੈਠਕ 'ਚ ਪਟਿਆਲਾ ਤੋਂ ਪ੍ਰਨੀਤ ਕੌਰ, ਗੁਰਦਾਸਪੁਰ ਤੋਂ ਸੁਨੀਲ ਜਾਖੜ, ਜਲੰਧਰ ਤੋਂ ਚੌਧਰੀ ਸੰਤੋਖ ਸਿੰਘ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਤੇ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਦੇ ਨਾਵਾਂ 'ਤੇ ਮੋਹਰ ਲੱਗਣੀ ਤੈਅ ਮੰਨੀ ਜਾ ਰਹੀ ਹੈ। ਇਨ੍ਹਾਂ ਸੀਟਾਂ ਲਈ ਸਕਰੀਨਿੰਗ ਕਮੇਟੀ ਨੇ ਸਿਰਫ 1-1 ਨਾਂ ਦਾ ਪੈਨਲ ਬਣਾ ਕੇ ਕੇਂਦਰੀ ਚੋਣ ਕਮੇਟੀ ਨੂੰ ਭੇਜਿਆ ਹੈ। ਹੋਰਨਾਂ ਸੀਟਾਂ ਲਈ 2-2 ਨਾਵਾਂ ਦੇ ਪੈਨਲ ਭੇਜੇ ਗਏ ਹਨ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਜੇ ਕੁਝ ਹੋਰ ਸੀਟਾਂ 'ਤੇ ਸਹਿਮਤੀ ਬਣੀ ਤਾਂ ਪਾਰਟੀ ਉਨ੍ਹਾਂ ਸੀਟਾਂ 'ਤੇ ਵੀ ਕਾਂਗਰਸ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦੇਵੇਗੀ। ਕੁਝ ਵਿਧਾਇਕਾਂ ਨੂੰ ਟਿਕਟ ਮਿਲਣੀ ਤੈਅ ਮੰਨੀ ਜਾ ਰਹੀ ਹੈ । ਸ਼੍ਰੋਮਣੀ ਅਕਾਲੀ ਦਲ ਨੇ ਅਜੇ ਤਕ ਬਠਿੰਡਾ ਅਤੇ ਫਿਰੋਜ਼ਪੁਰ ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ। ਕਾਂਗਰਸ ਇਸ ਸਬੰਧੀ 'ਵੇਖੋ ਤੇ ਉਡੀਕੋ' ਦੀ ਨੀਤੀ 'ਤੇ ਚੱਲ ਰਹੀ ਹੈ। ਜਿਵੇਂ ਹੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਐਲਾਨ ਹੋਵੇਗਾ, ਕਾਂਗਰਸ ਵੀ ਆਪਣੇ ਪੱਤੇ ਖੋਲ੍ਹ ਦੇਵੇਗੀ।


rajwinder kaur

Content Editor

Related News