ਕਾਂਗਰਸ ਵੱਲੋਂ ਨਸ਼ਾ ਰਹਿਤ ਉਮੀਦਵਾਰਾਂ ਨੂੰ ਹੀ ਚੋਣਾਂ ''ਚ ਉਤਾਰਿਆ ਜਾਵੇਗਾ : ਆਸ਼ੂ

Tuesday, Sep 04, 2018 - 06:25 PM (IST)

ਕਾਂਗਰਸ ਵੱਲੋਂ ਨਸ਼ਾ ਰਹਿਤ ਉਮੀਦਵਾਰਾਂ ਨੂੰ ਹੀ ਚੋਣਾਂ ''ਚ ਉਤਾਰਿਆ ਜਾਵੇਗਾ : ਆਸ਼ੂ

ਸੰਗਰੂਰ (ਬੇਦੀ, ਹਰਜਿੰਦਰ) : ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਨਸ਼ਾ ਰਹਿਤ ਕਰਵਾਉਣ ਲਈ ਕਾਂਗਰਸ ਸਿਰਫ਼ ਨਸ਼ਾ ਰਹਿਤ ਆਗੂਆਂ ਨੂੰ ਆਪਣਾ ਉਮੀਦਵਾਰ ਬਣਾਏਗੀ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਸੰਗਰੂਰ ਵਿਖੇ ਕਾਂਗਰਸੀਆਂ ਦੀ ਜ਼ਿਲਾ ਪੱਧਰੀ ਜ਼ਿਲਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਰੱਖੀ ਇਕੱਤਰਤਾ ਦੌਰਾਨ ਕੀਤਾ। 

ਆਸ਼ੂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਵਿਸ਼ੇਸ਼ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਚੋਣਾਂ ਵਿਚ ਕੋਈ ਵੀ ਉਮੀਦਵਾਰ ਅਜਿਹਾ ਨਾ ਚੁਣਿਆ ਜਾਵੇ ਜਿਹੜਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਨਸ਼ਿਆਂ ਦੇ ਕਾਰੋਬਾਰ ਨਾਲ ਨਾ ਜੁੜਿਆ ਹੋਵੇ। ਇਸ ਸਬੰਧੀ ਪਾਰਟੀ ਦੀਆਂ ਵਿਸ਼ੇਸ਼ ਹਦਾਇਤਾਂ ਦੀ ਸੂਚੀ ਬਣ ਕੇ ਆਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਸਿਰਫ਼ ਉਨ੍ਹਾਂ ਨੂੰ ਹੀ ਉਮੀਦਵਾਰ ਬਣਾਇਆ ਗਿਆ ਹੈ ਜਾਂ ਬਣਾਇਆ ਜਾਵੇਗਾ ਜਿਸਨੂੰ ਸਥਾਨਕ ਕਮੇਟੀ ਵੱਲੋਂ ਪ੍ਰਵਾਨਿਤ ਕੀਤਾ ਜਾਵੇਗਾ। 

ਆਸ਼ੂ ਨੇ ਇਹ ਵੀ ਕਿਹਾ ਕਿ ਅਸੀਂ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਕੀਤਾ ਹੈ। ਇਸ ਤੋਂ ਇਲਾਵਾ ਕਈ ਹੋਰ ਮੁੱਦੇ ਹਨ ਜਿਨ੍ਹਾਂ ਨੂੰ ਲੈ ਕੇ ਅਸੀਂ ਲੋਕਾਂ ਦੀ ਕਚਹਿਰੀ ਵਿਚ ਪੇਸ਼ ਹੋਵਾਂਗੇ ਅਤੇ ਇਨ੍ਹਾਂ ਚੋਣਾਂ ਵਿਚ ਲੋਕ ਕਾਂਗਰਸ ਦੇ ਲੋਕ ਹਿਤੈਸ਼ੀ ਕੰਮਾਂ 'ਤੇ ਆਪਣੀ ਮੋਹਰ ਲਾਉਣਗੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਕੋਈ ਵੀ ਵਿਰੋਧੀ ਧਿਰ ਹੈ ਹੀ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਕਾਟੋ ਕਲੇਸ਼ ਵਿਚ ਉਲਝੀ ਹੋਈ ਹੈ ਅਤੇ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਵਿਚੋਂ ਆਪਣਾ ਵਿਸ਼ਵਾਸ ਗੁਆ ਲਿਆ ਹੈ। ਆਸ਼ੂ ਨੇ ਇਹ ਵੀ ਇਸ਼ਾਰਾ ਕੀਤਾ ਕਿ ਚੋਣਾਂ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵੀ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ।

ਸੀ. ਬੀ. ਆਈ. ਜਾਂਚ ਤੋਂ ਕਾਂਗਰਸ ਨੇ ਫਿਰ ਕੀਤਾ ਕਿਨਾਰਾ
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਆਸ਼ੂ ਨੇ ਇਕ ਵਾਰ ਫਿਰ ਦੁਹਰਾਇਆ ਕਿ ਅਸੀਂ ਬੇਅਦਬੀ ਮਾਮਲੇ ਵਿਚ ਜਾਂਚ ਸੀ. ਬੀ. ਆਈ. ਤੋਂ ਵਾਪਿਸ ਲੈ ਕੇ ਆਪਣੇ ਪੱਧਰ 'ਤੇ ਮੁੜ ਸਪੈਸ਼ਲ ਜਾਂਚ ਕਮੇਟੀ ਬਣਾਈ ਜਾਵੇਗੀ। ਉਨ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ. ਐੱਸ. ਫੂਲਕਾ ਦੇ ਐਲਾਨ ਦਾ ਸਮਰਥਨ ਕੀਤਾ ਕਿ ਫੂਲਕਾ ਦਾ ਫੈਸਲਾ ਸਹੀ ਹੈ ਪਰ ਫੂਲਕਾ ਵੱਲੋਂ ਕਾਂਗਰਸ ਦੇ ਮੰਤਰੀਆਂ ਦੇ ਅਸਤੀਫਿਆਂ ਦੀ ਕੀਤੀ ਮੰਗ 'ਤੇ ਉਹ ਚੁੱਪ ਕਰ ਗਏ।


Related News