ਸੰਘਰਸ਼ਾਂ ਨਾਲ ਹੀ ਆਉਂਦੈ ਇਨਕਲਾਬ : ਕਾਮਰੇਡ ਪਾਸਲਾ

Tuesday, Feb 06, 2018 - 12:39 PM (IST)

ਸੰਘਰਸ਼ਾਂ ਨਾਲ ਹੀ ਆਉਂਦੈ ਇਨਕਲਾਬ : ਕਾਮਰੇਡ ਪਾਸਲਾ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਦੇਸ਼ ਅਤੇ ਸੂਬੇ ਦੇ ਹੁਕਮਰਾਨਾਂ ਵੱਲੋਂ ਸਮਾਜ ਨੂੰ 2 ਹਿੱਸਿਆਂ 'ਚ ਵੰਡਿਆ ਹੋਇਆ ਹੈ, ਜਿਸ 'ਚ ਇਕ ਲੁੱਟਣ ਵਾਲੇ ਅਤੇ ਦੂਜੇ ਲੁੱਟੇ ਜਾਣ ਵਾਲੇ ਲੋਕ ਹਨ।
ਇਹ ਪ੍ਰਗਟਾਵਾ ਉਘੇ ਕਮਿਊਨਿਸਟ ਆਗੂ ਅਤੇ ਮਰਹੂਮ ਐੱਮ. ਐੱਲ. ਏ. ਕਾਮਰੇਡ ਦਰਸ਼ਨ ਸਿੰਘ ਝਬਾਲ ਸਮੇਤ ਕਮਿਊਨਿਸਟ ਲਹਿਰ ਦੌਰਾਨ ਕੁਰਬਾਨੀਆਂ ਦੇਣ ਵਾਲੇ ਖੇਤਰ ਦੇ ਦੇਸ਼ ਭਗਤਾਂ ਤਰਲੋਕ ਸਿੰਘ, ਕਾਮਰੇਡ ਕੁੰਦਨ ਸਿੰਘ ਰਸੂਲਪੁਰ, ਗੁਰਬਖਸ਼ ਸਿੰਘ ਠੱਠਾ ਦੀ ਮਨਾਈ ਗਈ ਸਾਲਾਨਾ ਬਰਸੀ ਸਮਾਗਮ ਮੌਕੇ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕੀਤਾ। ਸਮਾਗਮ ਦੀ ਪ੍ਰਧਾਨਗੀ ਸਾਥੀ ਜਸਪਾਲ ਸਿੰਘ ਝਬਾਲ, ਕਾਮਰੇਡ ਬਲਬੀਰ ਸੂਦ, ਬਲਦੇਵ ਸਿੰਘ ਪੰਡੋਰੀ ਅਤੇ ਹਰਦੀਪ ਸਿੰਘ ਰਸੂਲਪੁਰ ਵੱਲੋਂ ਕੀਤੀ ਗਈ। ਪਾਸਲਾ ਨੇ ਕਿਹਾ ਕਿ ਦੇਸ਼ ਭਗਤਾਂ ਤੇ ਕਮਿਊਨਿਸਟ ਯੋਧਿਆਂ ਨੇ ਦੇਸ਼ ਦੀ ਆਜ਼ਾਦੀ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਹਨ। ਪਾਸਲਾ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਰੋਲ ਮਾਡਲ ਵਿਕਾਸ ਭੁੱਖ, ਕਰਜ਼ੇ ਤੇ ਖੁਦਕੁਸ਼ੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਦੇ ਰਿਹਾ ਹੈ।  ਉਨ੍ਹਾਂ ਨੇ ਮੋਦੀ ਦੇ ਬਜਟ ਨੂੰ ਨਿਰਾਸ਼ਾਜਨਕ ਕਰਾਰ ਦਿੰਦਿਆਂ ਕਿਹਾ ਕਿ ਫੰਡਾਂ ਦੀ ਕੋਈ ਵਿਵਸਥਾ ਕੀਤੇ ਬਿਨਾਂ ਕਿਸਾਨੀ ਜਿਣਸਾਂ ਦੇ ਭਾਅ ਡੇਢ ਗੁਣਾ ਕਰਨ ਅਤੇ ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਜੁਮਲੇ ਛੱਡਣਾ ਲੋਕਾਂ ਦੇ ਹਿੱਤਾਂ ਨਾਲ ਖਿਲਵਾੜ ਕਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਬੁਨਿਆਦੀ ਮਸਲੇ ਕਰਜ਼ਾ ਮੁਕਤੀ, ਰੋਜ਼ਗਾਰ, ਵਿੱਦਿਆ ਅਤੇ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਥਾਂ ਮੋਦੀ ਸਰਕਾਰ ਫਿਰਕੂ ਆਧਾਰ 'ਤੇ ਲੋਕਾਂ ਨੂੰ ਵੰਡ ਰਹੀ ਹੈ। ਪਾਸਲਾ ਨੇ ਇਸ ਸਮੇਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਚੋਣ ਵਾਅਦਿਆਂ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਦੀਆਂ ਨੀਤੀਆਂ 'ਚ ਕੋਈ ਫਰਕ ਨਹੀਂ ਹੈ, ਇਸ ਲਈ ਲੋਕਾਂ ਨੂੰ ਇਨਸਾਫ਼ ਤੇ ਆਪਣੇ ਬੁਨਿਆਦੀ ਹੱਕ ਲੈਣ ਲਈ ਇਨਕਲਾਬੀ ਸੰਘਰਸ਼ਾਂ ਦੇ ਘੋਲਾਂ 'ਚ ਹਿੱਸਾ ਲੈਣ ਲਈ ਅੱਗੇ ਵਧਣਾ ਚਾਹੀਦਾ ਹੈ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਚਮਨ ਲਾਲ ਦਰਾਜ ਕੇ, ਮੁਖਤਾਰ ਸਿੰਘ ਮੱਲਾ, ਦਲਜੀਤ ਸਿੰਘ ਦਿਆਲਪੁਰਾ, ਮਾਸਟਰ ਅਰਸਾਲ ਸਿੰਘ ਆਸਲ, ਡਾ. ਵਿਆਪਕ ਧਵਨ, ਮੰਗਲ ਸਿੰਘ ਟਾਂਡਾ, ਜਸਬੀਰ ਸਿੰਘ ਗੰਡੀਵਿੰਡ, ਦਾਰਾ ਸਿੰਘ ਮੁੰਡਾ ਪਿੰਡ, ਸੁਲੱਖਣ ਸਿੰਘ ਤੁੜ, ਡਾ. ਅਜਾਇਬ ਸਿੰਘ ਜਹਾਂਗੀਰ, ਪ੍ਰਗਟ ਸਿੰਘ ਜਾਮਾਰਾਏ, ਹਰਭਜਨ ਸਿੰਘ ਪੱਟੀ, ਧਰਮ ਸਿੰਘ, ਲੱਖਾ ਸਿੰਘ ਮੰਨਣ, ਜਸਬੀਰ ਕੌਰ ਤਰਨਤਾਰਨ, ਲਖਵਿੰਦਰ ਕੌਰ ਝਬਾਲ, ਕਰਮ ਸਿੰਘ ਫਤਿਆਬਾਦ, ਮਨਜੀਤ ਸਿੰਘ, ਜੋਗਿੰਦਰ ਸਿੰਘ ਮਾਣੋਚਾਹਲ, ਜਰਨੈਲ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ।


Related News