ਕਾਨਫਰੰਸ ਨੂੰ ਲੈ ਕੇ ਸਤਿਕਾਰ ਕਮੇਟੀ ਤੇ ਮਾਨ ਦਲ 'ਆਹਮੋ-ਸਾਹਮਣੇ'
Thursday, Dec 20, 2018 - 11:30 AM (IST)

ਫਤਿਹਗੜ੍ਹ ਸਾਹਿਬ (ਜਗਦੇਵ)—ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਿੰਘ ਸਭਾ ਮੌਕੇ ਜਿਥੇ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਵਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ, ਉਥੇ ਸ਼੍ਰੋਮਣੀ ਅਕਾਲੀ ਦਲ (ਅ) ਵੀ ਆਪਣੀ ਸਿਆਸੀ ਕਾਨਫਰੰਸ ਨੂੰ ਰੱਦ ਕਰ ਕੇ ਸਿੱਖ ਕੌਮ ਦੀ ਆਵਾਜ਼ 'ਤੇ ਪਹਿਰਾ ਦੇਵੇ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਤਿਕਾਰ ਕਮੇਟੀ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੋਸਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੂੰ ਮਿਲ ਕੇ ਮੰਗ-ਪੱਤਰ ਦਿੱਤਾ ਗਿਆ ਸੀ ਕਿ ਫਤਿਹਗੜ੍ਹ ਸਾਹਿਬ ਵਿਖੇ ਕਿਸੇ ਵੀ ਸਿਆਸੀ ਪਾਰਟੀ ਨੂੰ ਸ਼ਹੀਦੀ ਸਿੰਘ ਸਭਾ ਮੌਕੇ ਸਿਆਸੀ ਕਾਨਫਰੰਸਾਂ ਨਾ ਕਰਨ ਦਿੱਤੀਆਂ ਜਾਣ ਕਿਉਂਕਿ ਇਨ੍ਹਾਂ ਕਾਨਫਰੰਸਾਂ ਵਿਚ ਆਪਸੀ ਸਿਆਸੀ ਦੂਸ਼ਣਬਾਜ਼ੀ ਹੁੰਦੀ ਹੈ, ਜਿਸ ਨਾਲ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੇ ਮਨ ਨੂੰ ਠੇਸ ਪਹੁੰਚਦੀ ਹੈ। ਭਾਈ ਖੋਸਾ ਨੇ ਕਿਹਾ ਕਿ ਉਹ ਬਾਕੀ ਸਿਆਸੀ ਪਾਰਟੀਆਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੁਕਮਨਾਮੇ ਦੀ ਪਾਲਣ ਕਰਦਿਆਂ ਸ਼ਹੀਦੀ ਸਿੰਘ ਸਭਾ ਮੌਕੇ ਸਿਆਸੀ ਕਾਨਫਰੰਸਾਂ ਨਾ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਅ) ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਆਪਣੀ ਕਾਨਫਰੰਸ ਨੂੰ ਰੱਦ ਕਰਨ ਤੇ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਤਿਕਾਰ ਕਮੇਟੀ ਸਿਆਸੀ ਕਾਨਫਰੰਸ ਨੂੰ ਰੁਕਵਾਉਣ ਲਈ ਮਜਬੂਰ ਹੋਵੇਗੀ ਤੇ ਜਿਸ ਦਾ ਜ਼ਿੰਮੇਵਾਰ ਜ਼ਿਲਾ ਪ੍ਰਸ਼ਾਸਨ ਹੋਵੇਗਾ।
ਹਰ ਹਾਲਤ 'ਚ ਕਰਾਂਗੇ ਸ਼ਹੀਦੀ ਸਿੰਘ ਸਭਾ ਮੌਕੇ ਕਾਨਫਰੰਸ : ਸਿਮਰਨਜੀਤ ਮਾਨ
ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਆਪਣੀ ਕਾਨਫਰੰਸ ਰੱਦ ਨਹੀਂ ਕਰੇਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅ) ਮੀਰੀ-ਪੀਰੀ ਦੇ ਸਿਧਾਂਤ 'ਤੇ ਚਲਦਾ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ 'ਤੇ ਜੋ ਜ਼ੁਲਮ ਹੋਇਆ ਉਸ ਬਾਰੇ ਸੰਗਤਾਂ ਤੇ ਨੌਜਵਾਨ ਪੀੜ੍ਹੀ ਨੂੰ ਦੱਸਣਾ ਸਮੇਂ ਦੀ ਲੋੜ ਹੈ ਤੇ ਇਸ ਇਤਿਹਾਸ ਦਾ ਸ਼ਹੀਦੀ ਕਾਨਫਰੰਸਾਂ ਰਾਹੀਂ ਹੀ ਪ੍ਰਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 'ਮੀਰੀ-ਪੀਰੀ' ਦੀਆਂ ਦੋ ਕਿਰਪਾਨਾਂ ਪਹਿਨਣ ਦੀ ਹਦਾਇਤ ਕਰ ਕੇ ਸਿੱਖ ਕੌਮ ਨੂੰ ਧਰਮ ਅਤੇ ਸਿਆਸਤ ਨਾਲੋ-ਨਾਲ ਚਲਾਉਣ ਦਾ ਸੰਕਲਪ ਵੀ ਦਿੱਤਾ ਹੈ ਅਤੇ ਕਿਸੇ ਤਰ੍ਹਾਂ ਦੇ ਵੀ ਜਾਬਰ ਹੁਕਮਰਾਨ ਅੱਗੇ ਇਨਸਾਨੀ ਕਦਰਾਂ-ਕੀਮਤਾਂ ਨੂੰ ਨਜ਼ਰਅੰਦਾਜ਼ ਕਰ ਕੇ ਈਨ ਮੰਨਣ ਦੀ ਮਨਾਹੀ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਤਿਕਾਰ ਕਮੇਟੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਨੂੰ ਕੌਮੀ ਇਤਿਹਾਸਕ ਮੌਕਿਆਂ ਉਤੇ ਧਰਮੀ ਸੋਚ ਰੱਖਣ ਅਤੇ ਜਬਰ ਵਿਰੁੱਧ ਜੂਝਣ ਵਾਲੀ ਆਵਾਜ਼ ਬੁਲੰਦ ਕਰਨ ਤੋਂ ਕਿਵੇਂ ਰੋਕ ਸਕਦੀ ਹੈ।