ਕਾਮਰੇਡਾਂ ਨੇ ਕੈਪਟਨ ਸਰਕਾਰ ਵਿਰੁੱਧ ਕੱਢੀ ਭੜਾਸ

Thursday, Jun 08, 2017 - 06:37 AM (IST)

ਕਾਮਰੇਡਾਂ ਨੇ ਕੈਪਟਨ ਸਰਕਾਰ ਵਿਰੁੱਧ ਕੱਢੀ ਭੜਾਸ

ਅਜਨਾਲਾ,   (ਬਾਠ)-  ਕਰੀਬ 3 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਕੈਪਟਨ ਸਰਕਾਰ ਵੱਲੋਂ ਦਿਹਾਤੀ ਮਜ਼ਦੂਰਾਂ ਨਾਲ ਕੀਤੇ ਗਏ ਚੋਣ ਵਾਅਦੇ ਪੂਰੇ ਨਹੀਂ ਕੀਤੇ ਗਏ, ਜਦੋਂਕਿ ਕਥਿਤ ਵੋਟਾਂ ਦੀ ਸੰਕੀਰਨ ਰਾਜਨੀਤੀ ਤਹਿਤ ਦਿਹਾਤੀ ਮਜ਼ਦੂਰਾਂ 'ਤੇ ਸਮਾਜਿਕ ਜਬਰ ਤੇ ਪੁਲਸ ਵਧੀਕੀਆਂ 'ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ ਅਤੇ ਕੈਪਟਨ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ ਦਾ ਢੰਡੋਰਾ ਪਿੱਟ ਰਹੀ ਹੈ ਪਰ ਮਜ਼ਦੂਰਾਂ ਦੇ ਕਰਜ਼ਿਆਂ ਦੀ ਮੁਆਫੀ ਲਈ ਗੂੰਗੀ ਤੇ ਬੋਲ਼ੀ ਬਣੀ ਹੋਈ ਹੈ। ਇਹ ਦੋਸ਼ ਅੱਜ ਸਥਾਨਕ ਸ਼ਹਿਰ 'ਚ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ ਦੀ ਅਗਵਾਈ 'ਚ ਮਜ਼ਦੂਰਾਂ ਨੇ ਭਰਵੀਂ ਸ਼ਮੂਲੀਅਤ ਨਾਲ ਕੈਪਟਨ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰਾ ਕਰਦਿਆਂ ਲਾਏ।
ਮੁਜ਼ਾਹਰੇ 'ਚ ਭਰਾਤਰੀ ਸਹਿਯੋਗ ਵਜੋਂ ਸ਼ਾਮਿਲ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਦਿਹਾਤੀ ਮਜ਼ਦੂਰਾਂ ਦੀਆਂ ਮੰਗਾਂ ਨੂੰ ਸਭਾ ਵੱਲੋਂ ਪੂਰਨ ਸਮਰਥਨ ਦਿੰਦਿਆਂ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਕੈਪਟਨ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ 12 ਜੂਨ ਤੋਂ ਸ਼ੁਰੂ ਹੋ ਰਹੇ ਬਜਟ ਇਜਲਾਸ 'ਚ ਕਿਸਾਨਾਂ ਦੀ ਕਰਜ਼ਾ ਮੁਆਫੀ ਨਾ ਕੀਤੀ ਤਾਂ ਪੰਜਾਬ 'ਚ ਵੀ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਆਦਿ ਸੂਬਿਆਂ ਦੇ ਕਿਸਾਨ ਸੰਘਰਸ਼ਾਂ ਵਰਗੀ ਸੰਵੇਦਨਸ਼ੀਲ ਸਥਿਤੀ ਪੈਦਾ ਹੋ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਚੋਣ ਵਾਅਦਿਆਂ ਅਨੁਸਾਰ ਬੁਢਾਪਾ ਪੈਨਸ਼ਨ 2 ਹਜ਼ਾਰ ਰੁਪਏ ਪ੍ਰਤੀ ਮਹੀਨਾ, ਸ਼ਗਨ ਸਕੀਮ 31 ਹਜ਼ਾਰ, 10-10 ਮਰਲੇ ਦੇ ਮੁਫਤ ਰਿਹਾਇਸ਼ੀ ਪਲਾਟ, ਘਰਾਂ ਦੀ ਉਸਾਰੀ ਲਈ ਬਿਨਾਂ ਵਿਆਜ ਕਰਜ਼ੇ ਆਦਿ ਸਹੂਲਤਾਂ ਜਾਰੀ ਕੀਤੀਆਂ ਜਾਣ।
ਇਸ ਮੌਕੇ ਨਿਰਮਲ ਸਿੰਘ ਝੁੰਜ, ਬਾਊ ਝੁੰਜ, ਅਵਤਾਰ ਸਿੰਘ ਮਿਆਦੀਆਂ, ਜਨਰਲ ਸਕੱਤਰ ਜਸਬੀਰ ਸਿੰਘ ਜਸਰਾਊਰ, ਰਵੀ ਉਮਰਪੁਰਾ, ਹਰਜੀਤ ਸਿੰਘ ਕੋਟਲੀ ਖਹਿਰਾ, ਬਚਨ ਸਿੰਘ ਨੇਪਾਲ, ਬਖਸ਼ੀਸ਼ ਸਿੰਘ, ਸਵਰਨ ਸਿੰਘ ਟਿਨਾਣਾ, ਪਿਆਰਾ ਸਿੰਘ, ਨੋਨਾ ਸਿੰਘ ਨੇਪਾਲ, ਸੰਤੋਖ ਸਿੰਘ, ਸਵਿੰਦਰ ਮਸੀਹ ਉਮਰਪੁਰਾ, ਸਾਹਿਬ ਸਿੰਘ ਮੱਲੂਨੰਗਲ, ਹਰਭੇਜ ਸਿੰਘ, ਤਰਸੇਮ ਮਸੀਹ ਚਾੜ੍ਹਪੁਰ, ਸਾਹਿਬ ਸਿੰਘ ਠੱਠੀ ਆਦਿ ਹਾਜ਼ਰ ਸਨ।


Related News