ਕੰਪਿਊਟਰ ਇੰਜੀਨੀਅਰ ਦੀ ਪਤਨੀ ਨਿਕਲੀ ਗੈਂਗਸਟਰ

04/15/2018 6:06:04 AM

ਅੰਮ੍ਰਿਤਸਰ,  (ਮਹਿੰਦਰ)-  ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਅਤੇ ਦੂਰ ਦੇ ਢੋਲ ਸੁਹਾਵਣੇ ਵਰਗੀਆਂ ਅਸੀਂ ਕਈ ਕਹਾਵਤਾਂ ਸੁਣਦੇ ਤਾਂ ਹਾਂ ਪਰ ਅਕਸਰ ਅਸੀਂ ਅਜਿਹੀਆਂ ਕਹਾਵਤਾਂ ਸਿਰਫ ਸੁਣਨ ਤੱਕ ਹੀ ਸੀਮਤ ਰਹਿ ਜਾਂਦੇ ਹਾਂ, ਜਦੋਂ ਕਿ ਅਜਿਹੀਆਂ ਕਹਾਵਤਾਂ ਪਿੱਛੇ ਕਈ ਮਹੱਤਵਪੂਰਨ ਸੁਨੇਹੇ ਲੁਕੇ ਹੁੰਦੇ ਹਨ, ਜਿਸ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਪ੍ਰੇਮ ਵਿਆਹ ਕਰਨਾ ਕੋਈ ਬੁਰੀ ਗੱਲ ਨਹੀਂ ਪਰ ਬਿਨਾਂ ਸੱਚਾਈ ਜਾਣਨ ਦੇ ਬਾਵਜੂਦ ਜਲਦਬਾਜ਼ੀ 'ਚ ਪਹਿਲੀ ਨਜ਼ਰ ਵਿਚ ਹੀ ਕਿਸੇ ਨੂੰ ਦਿਲ ਦੇ ਬੈਠਣਾ ਅਤੇ ਤੁਰੰਤ ਉਸ ਨਾਲ ਵਿਆਹ ਕਰ ਲੈਣਾ 
ਕਈ ਵਾਰ ਨਾ ਸਿਰਫ ਪ੍ਰੇਮੀ ਜਾਂ ਫਿਰ ਪ੍ਰੇਮਿਕਾ ਦੀ ਜ਼ਿੰਦਗੀ ਨੂੰ ਹੀ ਜੋਖਮ ਵਿਚ ਪਾ ਦਿੰਦਾ ਹੈ, ਸਗੋਂ ਸਾਰੇ ਪਰਿਵਾਰ ਦੇ ਚੰਗੇ-ਭਲੇ ਮਾਹੌਲ ਨੂੰ ਵੀ ਖ਼ਰਾਬ ਕਰ ਦਿੰਦਾ ਹੈ।
ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਕੰਪਿਊਟਰ ਇੰਜੀਨੀਅਰ ਅਜਿਹੀ ਮੁਟਿਆਰ ਦੇ ਪ੍ਰੇਮ ਜਾਲ ਵਿਚ ਫਸ ਕੇ ਉਸ ਨੂੰ ਆਪਣਾ ਜੀਵਨ ਸਾਥੀ ਬਣਾ ਬੈਠਾ, ਜੋ ਦਰਅਸਲ ਨਾ ਸਿਰਫ ਕੌਮੀ ਪੱਧਰ ਦੇ ਗੈਂਗਸਟਰ ਵਿਜੇ ਟੋਪੀ ਦੇ ਗਿਰੋਹ ਦੀ ਮੈਂਬਰ ਅਤੇ ਪੇਸ਼ੇਵਰ ਅਪਰਾਧੀ ਔਰਤ ਸੀ, ਜਿਸ ਖਿਲਾਫ ਵੱਖ-ਵੱਖ ਪੁਲਸ ਥਾਣਿਆਂ ਵਿਚ ਜੁਰਮ ਨਾਲ ਜੁੜੇ ਜਿਥੇ ਕਈ ਮੁਕੱਦਮੇ ਦਰਜ ਸਨ, ਸਗੋਂ ਕਈ ਮਾਮਲਿਆਂ ਵਿਚ ਵੱਖ-ਵੱਖ ਅਦਾਲਤਾਂ ਉਸ ਨੂੰ ਭਗੌੜਾ ਵੀ ਐਲਾਨ ਕਰ ਚੁੱਕੀਆਂ ਸਨ। ਇੰਜੀਨੀਅਰ ਪਤੀ ਦੇ ਪਿਤਾ ਨੂੰ ਕੁਝ ਭਿਣਕ ਲੱਗੀ ਤਾਂ ਉਨ੍ਹਾਂ ਨੇ ਪ੍ਰੇਸ਼ਾਨ ਹੋ ਕੇ ਰੇਲ ਗੱਡੀ ਅੱਗੇ ਖੁਦਕੁਸ਼ੀ ਕਰ ਲਈ ਅਤੇ ਉਸ ਤੋਂ ਬਾਅਦ ਜਿਵੇਂ-ਜਿਵੇਂ ਪਰਤਾਂ ਖੁੱਲ੍ਹੀਆਂ, ਉਵੇਂ-ਉਵੇਂ ਅਜਿਹੇ ਰਾਜ਼ ਖੁੱਲ੍ਹਣ 'ਤੇ ਇੰਜੀਨੀਅਰ ਪਤੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਜਿਸ ਨੇ ਇਹ ਸੋਚਿਆ ਕਿ ਉਸ ਦੀ 9 ਸਾਲਾ ਧੀ ਦੀ ਵੀ ਜ਼ਿੰਦਗੀ ਕਿਤੇ ਖਰਾਬ ਨਾ ਹੋਵੇ ਜਾਵੇ, ਉਸ ਨੇ ਆਪਣੇ ਕਾਊਂਸਲ ਅਜੇ ਕੁਮਾਰ ਵਿਰਮਾਨੀ ਜ਼ਰੀਏ ਆਪਣੀ ਮਾਸੂਮ ਧੀ ਦੇ ਪਾਲਣ-ਪੋਸ਼ਣ ਲਈ ਸ਼ੁਰੂ ਕੀਤੀ ਗਈ ਕਾਨੂੰਨੀ ਜੰਗ ਵੀ ਜਿੱਤ ਲਈ ਹੈ। ਸਥਾਨਕ ਸਿਵਲ ਜੱਜ ਰਵੀਇੰਦਰ ਕੌਰ ਦੀ ਅਦਾਲਤ ਨੇ ਇੰਜੀਨੀਅਰ ਪਤੀ ਦੇ ਦਾਅਵੇ ਨੂੰ ਠੀਕ ਮੰਨਦੇ ਹੋਏ ਉਸ ਦੀ ਪਤਨੀ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਅਦਾਲਤ ਦੇ ਆਦੇਸ਼ਾਂ ਦੇ 15 ਦਿਨਾਂ 'ਚ ਉਹ ਆਪਣੀ 9 ਸਾਲ ਦੀ ਧੀ ਦਾ ਪਾਲਣ-ਪੋਸ਼ਣ ਉਸ ਦੇ ਪਿਤਾ ਦੇ ਹਵਾਲੇ ਕਰ ਦੇਵੇ।
ਪ੍ਰੇਮ ਦਾ ਪੀਤਾ ਅਜਿਹਾ ਪਿਆਲਾ, ਜਿਸ ਵਿਚ ਮਿਲਿਆ ਹੋਇਆ ਸੀ ਜ਼ਹਿਰ
ਸਥਾਨਕ ਬਟਾਲਾ ਰੋਡ ਵਾਸੀ ਇਕ ਕੰਪਿਊਟਰ ਇੰਜੀਨੀਅਰ ਜੋ ਦੇਸ਼ ਦੀ ਇਕ ਮਸ਼ਹੂਰ ਕੰੰਪਿਊਟਰ ਕੰਪਨੀ ਵਿਚ ਕੰਮ ਕਰਦਾ ਸੀ, ਕਰੀਬ 11 ਸਾਲ ਪਹਿਲਾਂ ਪਹਿਲੀ ਹੀ ਨਜ਼ਰ ਵਿਚ ਸਥਾਨਕ ਜੰਡਿਆਲਾ ਕਸਬੇ ਨੇੜੇ ਸਥਿਤ ਇਕ ਪਿੰਡ ਵਿਚ ਰਹਿਣ ਵਾਲੀ ਸੁੰਦਰ ਮੁਟਿਆਰ ਨੂੰ ਆਪਣੀ ਜੀਵਨ ਸਾਥੀ ਮੰਨਦੇ ਹੋਏ ਉਸ ਨੂੰ ਦਿਲ ਦੇ ਬੈਠਾ, ਜਿਸ ਦੇ ਪ੍ਰੇਮ ਜਾਲ 'ਚ ਫਸ ਕੇ ਉਹ ਪ੍ਰੇਮ ਦਾ ਅਜਿਹਾ ਪਿਆਲਾ ਪੀ ਬੈਠਾ, ਜਿਸ ਵਿਚ ਜ਼ਹਿਰ ਮਿਲਿਆ ਹੋਇਆ ਸੀ, ਜਿਸ ਨੇ ਨਵੰਬਰ 2015 ਵਿਚ ਸਥਾਨਕ ਸਿਵਲ ਅਦਾਲਤ ਵਿਚ ਆਪਣੀ ਪਤਨੀ ਖਿਲਾਫ ਗਾਰਡੀਅਨ ਐਂਡ ਵਾਰਡ ਐਕਟ 1890 ਦੀ ਧਾਰਾ 25 ਤਹਿਤ ਆਪਣੇ ਕਾਊਂਸਲ ਅਜੇ ਕੁਮਾਰ ਵਿਰਮਾਨੀ ਜ਼ਰੀਏ ਸਿਵਲ ਕੇਸ ਦਰਜ ਕੀਤਾ ਸੀ। ਇਸ ਵਿਚ ਉਸ ਦਾ ਕਹਿਣਾ ਸੀ ਕਿ ਸਾਲ 2007 ਵਿਚ ਉਨ੍ਹਾਂ ਦੀ ਆਪਸ ਵਿਚ ਮੁਲਾਕਾਤ ਹੋਈ ਸੀ, ਇਸ ਦੌਰਾਨ ਇਕ-ਦੂਜੇ ਵੱਲੋਂ ਨਜ਼ਦੀਕੀਆਂ ਵਧਣ ਤੋਂ ਬਾਅਦ ਉਨ੍ਹਾਂ ਨੇ ਨਵੰਬਰ 2017 ਵਿਚ ਬਿਨਾਂ ਕਿਸੇ ਦਾਜ ਦੇ ਸਾਦੇ ਢੰਗ ਨਾਲ ਵਿਆਹ ਕਰ ਲਿਆ ਸੀ, ਜਿਸ ਤੋਂ ਅਪ੍ਰੈਲ 2009 ਵਿਚ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ।
ਕਾਨੂੰਨੀ ਬਹਿਸ ਦੌਰਾਨ ਮੰਨੇ ਸਾਰੇ ਕੰਮ
ਮਾਸੂਮ ਬੱਚੀ ਦੇ ਪਾਲਣ-ਪੋਸ਼ਣ ਦੇ ਮਾਮਲੇ ਸਬੰਧੀ ਅਦਾਲਤ ਵਿਚ ਛਿੜੀ ਕਾਨੂੰਨੀ ਬਹਿਸ ਦੌਰਾਨ ਉਸ ਦੀ ਮਾਂ ਯਾਨੀ ਕਿ ਕੰਪਿਊਟਰ ਇੰਜੀਨੀਅਰ ਦੀ ਜੁਰਮ-ਪੇਸ਼ੇਵਰ ਦੀ ਪਤਨੀ ਨਾਲ ਪਟੀਸ਼ਨਰ ਇੰਜੀਨੀਅਰ ਦੇ ਕਾਊਂਸਲ ਅਜੇ ਕੁਮਾਰ ਵਿਰਮਾਨੀ ਨੇ ਜਦੋਂ ਸਵਾਲ-ਜਵਾਬ ਕੀਤੇ ਤਾਂ ਉਸ ਨੂੰ ਆਪਣੀ ਜ਼ਿੰਦਗੀ ਨਾਲ ਜੁੜੇ ਪਿਛਲੇ ਸਾਰੇ ਕੰਮ ਤੇ ਕਈ ਪ੍ਰਕਾਰ ਦੇ ਉਸ ਦੇ ਜੁੜੇ ਮਾਮਲਿਆਂ ਦੀ ਸੱਚਾਈ ਨੂੰ ਵੀ ਮੰਨਣਾ ਪਿਆ। ਇਸ ਵਿਚ ਉਸ ਨੂੰ ਇਹ ਵੀ ਕਬੂਲ ਕਰਨਾ ਪਿਆ ਕਿ ਉਹ ਆਪਣੇ ਸਹੁਰੇ ਦੀ ਖੁਦਕੁਸ਼ੀ ਦੇ ਮਾਮਲੇ ਦਾ ਵੀ ਸਾਹਮਣਾ ਕਰ ਰਹੀ ਹੈ ਅਤੇ ਉਸ ਨੇ ਜੋ ਆਪਣੇ ਪਤੀ ਤੇ ਸਹੁਰੇ-ਘਰ ਵਾਲਿਆਂ ਖਿਲਾਫ ਦਾਜ ਮੰਗਣ ਦਾ ਕੇਸ ਦਰਜ ਕਰਵਾਇਆ ਸੀ, ਉਹ ਝੂਠਾ ਪਾਏ ਜਾਣ 'ਤੇ ਖਾਰਿਜ ਹੋ ਚੁੱਕਾ ਹੈ।
ਪਿਤਾ ਦੀ ਖੁਦਕੁਸ਼ੀ ਤੋਂ ਬਾਅਦ ਪਤਨੀ ਦਾ ਅਸਲੀ ਚਿਹਰਾ ਆਇਆ ਸਾਹਮਣੇ
ਕੰਪਿਊਟਰ ਇੰਜੀਨੀਅਰ ਦੇ ਪਿਤਾ ਵੱਲੋਂ ਆਪਣੀ ਨੂੰਹ ਤੋਂ ਤੰਗ-ਪ੍ਰੇਸ਼ਾਨ ਹੋਣ ਕਾਰਨ ਖੁਦਕੁਸ਼ੀ ਕਰਨ ਤੋਂ ਬਾਅਦ ਉਸ ਦੀ ਪਤਨੀ ਖਿਲਾਫ ਧਾਰਾ 306 ਤਹਿਤ ਕੇਸ ਵੀ ਦਰਜ ਹੋਇਆ ਸੀ। ਇਸ ਮਾਮਲੇ ਵਿਚ ਉਸ ਦੀ ਗ੍ਰਿਫਤਾਰੀ ਹੋਣ ਦੇ ਬਾਅਦ ਉਸ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਅਜਿਹੇ ਕਈ ਖੁਲਾਸੇ ਹੋਏ ਕਿ ਕੰਪਿਊਟਰ ਇੰਜੀਨੀਅਰ ਦਾ ਪਰਿਵਾਰ ਹੀ ਨਹੀਂ, ਸਗੋਂ ਪੁਲਸ ਵੀ ਹੈਰਾਨ ਹੋ ਕੇ ਰਹਿ ਗਈ, ਜਿਸ ਵਿਚ ਪਤਾ ਲੱਗਾ ਕਿ ਇਹ ਮੁਟਿਆਰ ਕੋਈ ਹੋਰ ਨਹੀਂ ਸਗੋਂ ਮਸ਼ਹੂਰ ਗੈਂਗਸਟਰ ਵਿਜੇ ਟੋਪੀ ਦੇ ਗਿਰੋਹ ਦੀ ਮੁੱਖ ਮੈਂਬਰ ਵੀ ਹੈ, ਜੋ ਆਪਣੇ ਕਈ ਨਾਂ ਬਦਲ ਕੇ ਰਹਿ ਰਹੀ ਸੀ ਅਤੇ ਜਿਸ ਖਿਲਾਫ ਜਿਸਮ-ਫਿਰੋਸ਼ੀ ਧੰਦੇ ਦੇ ਮਾਮਲੇ ਦੇ ਨਾਲ-ਨਾਲ ਜੁਰਮ-ਪੇਸ਼ੇਵਰ ਦੇ ਕਈ ਮਾਮਲੇ ਵੱਖ-ਵੱਖ ਪੁਲਸ ਥਾਣਿਆਂ ਵਿਚ ਦਰਜ ਹਨ।
ਅਦਾਲਤ ਨੇ ਵੀ ਮੰਨਿਆ ਬੱਚੀ ਦਾ ਭਵਿੱਖ ਅਜਿਹੀ ਮਾਂ ਦੇ ਹੱਥਾਂ 'ਚ ਨਹੀਂ ਹੈ ਸੁਰੱਖਿਅਤ
ਮਾਸੂਮ ਬੱਚੀ ਦਾ ਪਾਲਣ-ਪੋਸ਼ਣ ਤੇ ਦੇਖ-ਭਾਲ ਹਾਸਲ ਕਰਨ ਲਈ ਉਸ ਦੇ ਪਿਤਾ ਕੰੰਪਿਊਟਰ ਇੰਜੀਨੀਅਰ ਨੇ ਅਦਾਲਤ ਵਿਚ ਜੋ ਬਿਆਨ ਦਿੱਤੇ ਸਨ, ਉਸ ਦੇ ਸਾਰੇ ਪਹਿਲੂਆਂ 'ਤੇ ਗੌਰ ਕਰਨ ਤੋਂ ਬਾਅਦ ਅਦਾਲਤ ਨੂੰ ਵੀ ਮੰਨਣਾ ਪਿਆ ਕਿ ਇਸ ਬੱਚੀ ਦਾ ਭਵਿੱਖ ਅਜਿਹੀ ਮਾਂ ਦੇ ਹੱਥ ਵਿਚ ਸੁਰੱਖਿਅਤ ਨਹੀਂ ਹੋ ਸਕਦਾ, ਜਿਸ ਦੀ ਆਪਣੀ ਜ਼ਿੰਦਗੀ ਜੁਰਮ-ਪੇਸ਼ੇਵਰ ਨਾਲ ਪਹਿਲਾਂ ਹੀ ਜੁੜੀ ਹੋਈ ਹੈ। ਇਸ ਲਈ ਮਾਣਯੋਗ ਅਦਾਲਤ ਨੇ ਸਾਰੇ ਪਹਿਲੂਆਂ 'ਤੇ ਗੌਰ ਕਰਨ ਤੋਂ ਬਾਅਦ ਮਾਸੂਮ ਬੱਚੀ ਦਾ ਪਾਲਣ-ਪੋਸ਼ਣ ਤੇ ਦੇਖ-ਭਾਲ ਉਸ ਦੇ ਪਿਤਾ ਦੇ ਸਪੁਰਦ ਕਰਨ ਦਾ ਮਹੱਤਵਪੂਰਨ ਫੈਸਲਾ ਸੁਣਾਇਆ।
ਪਤਨੀ ਦੇ ਗੁੱਸੇ ਵਾਲੇ ਸੁਭਾਅ ਤੋਂ ਤੰਗ ਆ ਕੇ ਪਿਤਾ ਨੇ ਕਰ ਲਈ ਸੀ ਖੁਦਕੁਸ਼ੀ
ਕੰਪਿਊਟਰ ਇੰਜੀਨੀਅਰ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਉਸ ਦਾ ਤਬਾਦਲਾ ਦੂਜੇ ਜ਼ਿਲਿਆਂ ਵਿਚ ਹੁੰਦਾ ਰਿਹਾ ਸੀ, ਇਸ ਦੌਰਾਨ ਉਸ ਨੂੰ ਜ਼ਿਆਦਾਤਰ ਬਾਹਰ ਹੀ ਰਹਿਣਾ ਪੈ ਰਿਹਾ ਸੀ। ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦੇ ਜਿਥੇ ਕਈ ਅਣਪਛਾਤੇ ਲੋਕਾਂ ਨਾਲ ਸੰਪਰਕ ਬਣੇ ਹੋਏ ਹਨ, ਉਥੇ ਹੀ ਉਹ ਕਈ ਵਾਰ ਰਾਤ ਦੇ ਸਮੇਂ ਘਰੋਂ ਚਲੀ ਜਾਂਦੀ ਸੀ ਅਤੇ ਕੁਝ ਪੁਰਸ਼ ਲੋਕ ਉਸ ਨੂੰ ਛੱਡਣ ਆਇਆ ਕਰਦੇ ਸਨ। ਇਤਰਾਜ਼ ਕਰਨ 'ਤੇ ਉਸ ਦੀ ਪਤਨੀ ਘਰ ਵਿਚ ਕਲੇਸ਼ ਪਾ ਲੈਂਦੀ ਸੀ ਅਤੇ ਉਸ ਦੇ ਮਾਂ-ਬਾਪ ਨਾਲ ਉਸ ਦਾ ਸੁਭਾਅ ਬਹੁਤ ਹੀ ਗੁੱਸੇ ਵਾਲਾ ਹੋ ਚੁੱਕਾ ਸੀ। ਉਸ ਦੀ ਪਤਨੀ ਦੀ ਜ਼ਿੰਦਗੀ ਦੇ ਪਿਛਲੇ ਹਾਲਾਤ ਦੀ ਸ਼ਾਇਦ ਉਸ ਦੇ ਪਿਤਾ ਨੂੰ ਭਿਣਕ ਵੀ ਲੱਗ ਚੁੱਕੀ ਸੀ, ਜਿਸ ਕਾਰਨ ਪ੍ਰੇਸ਼ਾਨੀ ਦੀ ਹਾਲਤ ਵਿਚ ਉਨ੍ਹਾਂ ਨੇ ਉਸ ਦੀ ਪਤਨੀ ਤੋਂ ਤੰਗ-ਪ੍ਰੇਸ਼ਾਨ ਹੋ ਕੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
ਅਦਾਲਤ ਦੇ ਆਦੇਸ਼ਾਂ ਅਨੁਸਾਰ ਬੱਚੀ ਨਹੀਂ ਕੀਤੀ ਪਿਤਾ ਦੇ ਹਵਾਲੇ
ਪਟੀਸ਼ਨਰ ਕੰਪਿਊਟਰ ਇੰਜੀਨੀਅਰ ਦੇ ਕਾਊਂਸਲ ਅਜੇ ਕੁਮਾਰ ਵਿਰਮਾਨੀ ਨੇ ਦੱਸਿਆ ਕਿ ਅਦਾਲਤ ਨੇ ਬੱਚੀ ਦੀ ਮਾਂ ਨੂੰ ਆਦੇਸ਼ ਜਾਰੀ ਕੀਤੇ ਸਨ ਕਿ ਅਦਾਲਤ ਦੇ ਆਦੇਸ਼ ਜਾਰੀ ਹੋਣ ਦੇ 15 ਦਿਨਾਂ 'ਚ ਉਹ ਆਪਣੀ ਬੱਚੀ ਨੂੰ ਉਸ ਦੇ ਪਿਤਾ ਦੇ ਹਵਾਲੇ ਕਰੇ ਪਰ ਅਦਾਲਤ ਵੱਲੋਂ ਦਿੱਤੇ ਗਏ ਸਮੇਂ ਅਨੁਸਾਰ ਬੱਚੀ ਨੂੰ ਉਸ ਦੇ ਪਿਤਾ ਦੇ ਹਵਾਲੇ ਨਹੀਂ ਕੀਤਾ ਗਿਆ, ਇਸ ਲਈ ਬੱਚੀ ਦੀ ਫਿਜ਼ੀਕਲੀ ਕਸਟਡੀ ਹਾਸਲ ਕਰਨ ਲਈ ਉਸ ਦੇ ਪਿਤਾ ਵੱਲੋਂ ਵੱਖਰੀ ਅਪੀਲ ਦਾਇਰ ਕਰਵਾ ਦਿੱਤੀ ਗਈ ਹੈ।


Related News