ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ: ਜਾਣੋ ਸੰਘਰਸ਼ ਤੋਂ ਜਿੱਤ ਤੱਕ ਕੰਡਿਆਂ ਭਰੇ ਸਫਰ ਦੀ ਦਾਸਤਾਨ

Friday, Nov 26, 2021 - 01:36 PM (IST)

ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ: ਜਾਣੋ ਸੰਘਰਸ਼ ਤੋਂ ਜਿੱਤ ਤੱਕ ਕੰਡਿਆਂ ਭਰੇ ਸਫਰ ਦੀ ਦਾਸਤਾਨ

ਨੈਸ਼ਨਲ ਡੈਸਕ— ਮੀਂਹ, ਠੰਡੀਆਂ ਰਾਤਾਂ ਅਤੇ ਅਣਗਿਣਤ ਮੁਸ਼ਕਲਾਂ ਨੂੰ ਝੱਲਦਿਆਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਕਿਸਾਨ ਅੰਦੋਲਨ ਆਪਣੇ ਆਖ਼ਰੀ ਪੜਾਅ ਵਿਚ ਪਹੁੰਚ ਗਿਆ ਜਾਪਦਾ ਲੱਗ ਰਿਹਾ ਹੈ। 19 ਨਵੰਬਰ 2021 ਦਾ ਦਿਨ ਕਿਸਾਨਾਂ ਲਈ ਖ਼ੁਸ਼ੀ ਦਾ ਦਿਨ ਹੋ ਨਿਬੜਿਆ। ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਕਿਸਾਨਾਂ ਦੀ ਮੰਗ ਪੂਰੀ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਐਲਾਨ ਮਗਰੋਂ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ ਜਦੋਂ ਤੱਕ ਸੰਸਦ ’ਚ ਕਾਨੂੰਨ ਰੱਦ ਨਹੀਂ ਹੁੰਦੇ ਉਦੋੋਂ ਤੱਕ ਕਿਸਾਨ ਧਰਨੇ ’ਤੇ ਡਟੇ ਰਹਿਣਗੇ। 
ਕਿਸਾਨ ਮੋਰਚੇ ਵਲੋਂ 26 ਨਵੰਬਰ ਦੇ ਦਿੱਲੀ ਬਾਰਡਰਾਂ ’ਤੇ ਇਕੱਠ ਅਤੇ 29 ਨਵੰਬਰ ਦਾ ਦਿੱਲੀ ਕੂਚ ਅਜੇ ਕਾਇਮ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੂੰ ਇਕ ਖੁੱਲ੍ਹੀ ਚਿੱਠੀ ਲਿਖ ਕੇ ਐੱਮ. ਐੱਸ. ਪੀ. ’ਤੇ ਕਾਨੂੰਨੀ ਗਾਰੰਟੀ ਅਤੇ ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮ ਕਹੇ ਜਾਂਦੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਖ਼ਿਲਾਫ਼ ਕਾਰਵਾਈ ਅਤੇ ਕਿਸਾਨਾਂ ’ਤੇ ਦਰਜ ਕੇਸਾਂ ਸਣੇ ਬਕਾਇਆ ਮਸਲਿਆਂ ਬਾਰੇ ਪੁੱਛਿਆ ਜਾਵੇਗਾ।

ਇਹ ਵੀ ਪੜ੍ਹੋ : ਕਿਸਾਨਾਂ ਦੀ ਵੱਡੀ ਜਿੱਤ, ਜਾਣੋ ਖੇਤੀ ਕਾਨੂੰਨ ਦੀ ਵਾਪਸੀ ਕਿੰਨੀ ਸਾਰਥਕ

PunjabKesari

ਕਿਵੇਂ ਬੱਝਾ ਕਿਸਾਨ ਅੰਦੋਲਨ ਦਾ ਮੁੱਢ—
5 ਜੂਨ 2020 ਨੂੰ ਮੰਡੀਕਰਨ ਦੇ ਬਦਲਵੇਂ ਪ੍ਰਬੰਧ ਲਈ ਸਰਕਾਰ ਵਲੋਂ ਤਿੰਨ ਖੇਤੀ ਆਰਡੀਨੈਂਸ ਲਿਆਂਦੇ ਗਏ। ਸਭ ਤੋਂ ਪਹਿਲਾਂ ਪੰਜਾਬ ਵਿਚਲੇ ਕਿਸਾਨਾਂ ਨੇ ਅਤੇ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਸਰਕਾਰ ਵਲੋਂ ਕਿਸਾਨਾਂ ਦੀ ਗੱਲ ਵੱਲ ਧਿਆਨ ਨਾ ਦੇਣ ਕਾਰਨ ਕਿਸਾਨਾਂ ਨੇ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਅਤੇ ਖੇਤੀ ਆਰਡੀਨੈਂਸਾਂ ਨੂੰ ਵਾਪਸ ਲੈਣ ਦੀ ਮੰਗ ਕਰਨ ਲੱਗੇ। 14 ਸਤੰਬਰ ਨੂੰ ਆਰਡੀਨੈਂਸਾਂ ਨੂੰ ਸੰਸਦ ’ਚ ਪੇਸ਼ ਕੀਤਾ ਗਿਆ। 17 ਸਤੰਬਰ ਨੂੰ ਲੋਕ ਸਭਾ ਅਤੇ 20 ਸਤੰਬਰ ਨੂੰ ਰਾਜ ਸਭਾ ’ਚ ਜ਼ੁਬਾਨੀ ਵੋਟ ਰਾਹੀ ਬਿੱਲ ਪਾਸ ਕਰਵਾ ਦਿੱਤੇ ਗਏ। 

ਇਹ ਵੀ ਪੜ੍ਹੋ : ਕਿਸਾਨਾਂ ਅੱਗੇ ਝੁੱਕ ਹੀ ਗਈ ਮੋਦੀ ਸਰਕਾਰ, ਜਾਣੋ ਕਿਸਾਨ ਅੰਦੋਲਨ ਦੀ ਪੂਰੀ ਟਾਈਮ ਲਾਈਨ

PunjabKesari

ਕਿਸਾਨਾਂ ਦਾ ਦਿੱਲੀ ਕੂਚ—
26 ਨਵੰਬਰ 2020 ਨੂੰ ਕਿਸਾਨਾਂ ਵਲੋਂ ਦਿੱਲੀ ਕੂਚ ਕੀਤਾ ਗਿਆ। ਇਸ ਦਿਨ ਨੂੰ ਕਿਸਾਨ ਅੰਦੋਲਨ ਦਾ ਸਭ ਤੋਂ ਅਹਿਮ ਦਿਨ ਕਿਹਾ ਜਾਂਦਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਵੱਖ-ਵੱਖ ਸੂਬਿਆਂ ਤੋਂ ਕਿਸਾਨਾਂ ਨੇ ਦਿੱਲੀ ਵੱਲ ਚਾਲੇ ਪਾਏ।  ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐੱਮ. ਐੱਸ. ਪੀ. ’ਤੇ ਗਰੰਟੀ ਕਾਨੂੰਨ ਦੀ ਮੰਗ ਕੀਤੀ ਗਈ। ਸਰਕਾਰ ਅਤੇ ਕਿਸਾਨਾਂ ਵਿਚਾਲੇ 11 ਗੇੜ ਦੀ ਗੱਲਬਾਤ ਹੋਈ ਪਰ ਕੋਈ ਨਤੀਜਾ ਨਹੀਂ ਨਿਕਲਿਆ। ਸਰਕਾਰ ਸੋਧਾਂ ਲਈ ਤਿਆਰ ਸੀ ਪਰ ਕਿਸਾਨ ਤਿੰਨੇ ਕਾਨੂੰਨ ਰੱਦ ਕਰਨ ’ਤੇ ਅੜੇ ਹੋਏ ਸਨ।

ਇਹ ਵੀ ਪੜ੍ਹੋਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ, ਜਾਰੀ ਰਹੇਗਾ ਕਿਸਾਨ ਅੰਦੋਲਨ

PunjabKesari

26 ਜਨਵਰੀ ਦੀ ਟਰੈਕਟਰ ਪਰੇਡ ਅਤੇ ਹਿੰਸਾ-
ਸੰਯੁਕਤ ਕਿਸਾਨ ਮੋਰਚੇ ਵਲੋਂ 26 ਜਨਵਰੀ 2021 ਨੂੰ ਦਿੱਲੀ ’ਚ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਗਿਆ। ਦਿੱਲੀ ਪੁਲਸ ਵਲੋਂ ਰੂਟ ਤੈਅ ਕੀਤਾ ਗਿਆ ਸੀ ਕਿ ਕਿਸਾਨ ਇੱਥੋਂ ਹੀ ਟਰੈਕਟਰ ਪਰੇਡ ਕੱਢਣਗੇ ਪਰ ਕੁਝ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਰਿੰਗ ਰੋਡ ਤੋਂ ਪਰੇਡ ਕੱਢਣ ਦੀ ਜਿੱਦ ਕਰ ਕੇ ਮਾਹੌਲ ਖਰਾਬ ਕਰ ਬੈਠੇ। ਵੱਡੀ ਗਿਣਤੀ ਵਿਚ ਕਿਸਾਨ ਲਾਲ ਕਿਲ੍ਹੇ ’ਤੇ ਪਹੁੰਚ ਗਏ ਅਤੇ ਕਿਸਾਨੀ ਤੇ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ। ਇਸ ਦਿਨ ਹੀ ਦਿੱਲੀ ਪੁਲਸ ਅਤੇ ਕਿਸਾਨਾਂ ਵਿਚਾਲੇ ਝੜਪਾਂ ਵੀ ਹੋਈਆਂ। ਜਿਸ ਵਿਚ ਇਕ ਨੌਜਵਾਨ ਦੀ ਮੌਤ ਵੀ ਹੋ ਗਈ। ਇਸ ਘਟਨਾ ਮਗਰੋਂ ਕਿਸਾਨ ਅੰਦੋਲਨ ਨੂੰ ਝਟਕਾ ਲੱਗਿਆ।

ਇਹ ਵੀ ਪੜ੍ਹੋ : ਜਦੋਂ ਖਤਮ ਹੋਣ ਕੰਢੇ ਸੀ ਕਿਸਾਨ ਅੰਦੋਲਨ, ਇਸ ਆਗੂ ਨੇ ਇਮੋਸ਼ਨਲ ਕਾਰਡ ਖੇਡ ਕੇ ਪਲਟ ਦਿੱਤੀ ਸੀ ਪੂਰੀ ਬਾਜ਼ੀ

PunjabKesari

ਟਿਕੈਤ ਦੇ ਹੰਝੂਆਂ ਨੇ ਕਿਸਾਨ ਅੰਦੋਲਨ ’ਚ ਫੂਕੀ ਸੀ ਨਵੀਂ ਜਾਨ-
ਟਰੈਕਟਰ ਪਰੇਡ ਮਗਰੋਂ ਕਿਸਾਨ ਅੰਦੋਲਨ ਥੋੜ੍ਹਾ ਫਿੱਕਾ ਪੈ ਗਿਆ। ਬਾਰਡਰਾਂ ਤੋਂ ਕਿਸਾਨਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ। ਇਸ ਮੁਹਿੰਮ ਦੀ ਸ਼ੁਰੂਆਤ ਸਰਕਾਰ ਨੇ 27 ਜਨਵਰੀ ਨੂੰ ਕੀਤੀ। ਕਿਸਾਨਾਂ ਦਾ ਇਕ ਛੋਟਾ ਧਰਨਾ ਪੁਲਸ ਨੇ ਜ਼ਬਰੀ ਚੁੱਕਵਾ ਦਿੱਤਾ। ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਨੂੰ ਉਠਾਉਣ ਲਈ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਗਿ੍ਰਫ਼ਤਾਰ ਕਰ ਲਈ ਭਾਰੀ ਗਿਣਤੀ ਵਿਚ ਪੁਲਸ ਫੋਰਸ ਪਹੁੰਚੀ ਪਰ ਜਦੋਂ ਗ੍ਰਿਫਤਾਰੀ ਦੀ ਸਮਾਂ ਆਇਆ ਤਾਂ ਟਿਕੈਤ ਨੇ ਇਲਜ਼ਾਮ ਲਾਇਆ ਕਿ ਪੁਲਸ ਦੀ ਆੜ ਹੇਠ ਦੋ ਭਾਜਪਾ ਵਿਧਾਇਕ ਗੁੰਡਿਆਂ ਨਾਲ ਆਏ ਹਨ ਅਤੇ ਕਿਸਾਨਾਂ, ਖਾਸਕਰ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਦੀ ਕੋਸ਼ਿਸ਼ ’ਚ ਹਨ। ਉਨ੍ਹਾਂ ਕਿਹਾ ਕਿ ਜੋ ਵੀ ਹੋਵੇ ਉਹ ਗ੍ਰਿਫ਼ਤਾਰੀ ਨਹੀਂ ਦੇਣਗੇ ਅਤੇ ਕਿਸਾਨਾਂ ਨੂੰ ਛੱਡ ਕੇ ਨਹੀਂ ਜਾਣਗੇ। ਇੰਨਾ ਕਹਿੰਦੇ ਹੋਏ ਉਹ ਰੋ ਪਏ ਅਤੇ ਉਨ੍ਹਾਂ ਦੇ ਹੰਝੂ ਦੇਖ ਕੇ ਕੁਝ ਹੀ ਘੰਟਿਆਂ ’ਚ ਯੂਪੀ ਅਤੇ ਹਰਿਆਣਾ ਤੋਂ ਕਿਸਾਨ ਗਾਜ਼ੀਪੁਰ ਪਹੁੰਚ ਗਏ। ਇਸ ਤਰ੍ਹਾਂ ਅੰਦੋਲਨ ’ਚ ਮੁੜ ਕੇ ਜਾਨ ਪੈ ਗਈ ਅਤੇ ਅੰਦੋਲਨ ਮੁੜ ਖੜ੍ਹਾ ਹੋ ਗਿਆ।

ਇਹ ਵੀ ਪੜ੍ਹੋ : ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਤੱਕ ਪ੍ਰਸਤਾਵਿਤ ‘ਟਰੈਕਟਰ ਮਾਰਚ’ ਅਜੇ ਰੱਦ ਨਹੀਂ: ਕਿਸਾਨ ਆਗੂ

PunjabKesari

ਲਖੀਮਪੁਰ ਖ਼ੀਰੀ ਤੇ ਸਿੰਘੂ ਨਿਹੰਗ ਕਾਂਡ
3ਅਕਤੂਬਰ 2021 ਨੂੰ ਉਤਰ ਪ੍ਰਦੇਸ਼ ਦੇ ਲਖੀਮਪੁਰ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਉਣ ਆਏ ਕਿਸਾਨਾਂ ਨੂੰ ਜੀਪ ਹੇਠਾਂ ਕੁਚਲ ਦਿੱਤਾ ਗਿਆ। ਇਸ ਘਟਨਾ ਦੌਰਾਨ 4 ਕਿਸਾਨਾਂ ਅਤੇ ਇਕ ਸਥਾਨਕ ਪੱਤਰਕਾਰ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਭੜਕੀ ਹਿੰਸਾ ਵਿਚ 3 ਭਾਜਪਾ ਵਰਕਰ ਵੀ ਮਾਰੇ ਗਏ। ਸਰਕਾਰ ਨੇ ਮ੍ਰਿਤਕ ਕਿਸਾਨਾਂ ਨੂੰ 50-50 ਲੱਖ ਮੁਆਵਜ਼ਾ ਰਾਸ਼ੀ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਤੇ ਅਜੇ ਮਿਸ਼ਰਾ ਦੇ ਮੁੰਡੇ ਅਸ਼ੀਸ਼ ਮਿਸ਼ਰਾ ਅਤੇ ਉਸਦੇ ਕੁਝ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਸਾਨ ਅਜੇ ਵੀ ਅਜੇ ਮਿਸ਼ਰਾ ਟੇਨੀ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਹਟਾਉਣ ਅਤੇ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਲਈ ਯੂ. ਪੀ. ਤੋਂ ਬਾਹਰਲੀ ਹਾਈ ਕੋਰਟ ਦੇ ਇਕ ਸੇਵਾ ਮੁਕਤ ਜੱਜ ਦੀ ਕੇਸ ਦੀ ਨਿਗਰਾਨੀ ਲਈ ਨਿਯੁਕਤੀ ਕੀਤੀ ਹੈ।

ਇਹ ਵੀ ਪੜ੍ਹੋ : ਹਵਾ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ: ਟਿਕੈਤ

PunjabKesari

ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਦਾ ਬੇਰਹਿਮੀ ਨਾਲ ਕਤਲ-
ਇਹ ਮਾਮਲਾ ਅਜੇ ਠੰਡਾ ਨਹੀਂ ਸੀ ਹੋਇਆ ਕਿ ਸਿੰਘੂ ਬਾਰਡਰ ਉੱਤੇ 16 ਅਕਤੂਬਰ ਨੂੰ ਤੜਕਸਾਰ ਨਿਹੰਗਾਂ ਨੇ ਇੱਕ ਲਖਬੀਰ ਸਿੰਘ ਨਾ ਦੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਦਿੱਤਾ। ਨਿਹੰਗਾਂ ਦਾ ਦੋਸ਼ ਸੀ ਕਿ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਵਿਅਕਤੀ ਬੇਅਦਬੀ ਕਰਨ ਆਇਆ ਸੀ, ਜਿਸ ਕਾਰਨ ਉਸ ਨੂੰ ਸਜ਼ਾ ਦਿੱਤੀ ਗਈ। ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਆਪ ਨੂੰ ਇਸ ਘਟਨਾ ਤੋਂ ਵੱਖ ਕਰ ਲਿਆ।

ਇਹ ਵੀ ਪੜ੍ਹੋ :  ਗੁਰਪੁਰਬ ਮੌਕੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, 'ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਕੀਤਾ ਐਲਾਨ'

PunjabKesari

ਦੱਸ ਦੇਈਏ ਕਿ ਕਿਸਾਨ ਅੰਦੋਲਨ ’ਚ ਕਿਸਾਨ ਬੀਬੀਆਂ ਦਾ ਵੱਡਮੁਲਾ ਯੋਗਦਾਨ ਰਿਹਾ ਹੈ। ਇਸ ਲੰਬੇ ਸੰਘਰਸ਼ ਜਿਸ ਵਿਚ ਕਿਸਾਨਾਂ ਸਰਦ ਰਾਤਾਂ ਅਤੇ ਹੋਰ ਮੁਸ਼ਕਲ ਹਾਲਾਤਾਂ ਨਾਲ ਦੋ-ਚਾਰ ਹੋਏ ਪਰ ਫਿਰ ਵੀ ਉਹ ਡੋਲੇ ਨਹੀਂ। ਆਪਣੇ ਹੌਂਸਲੇ ਨੂੰ ਬਰਕਰਾਰ ਰੱਖਦਿਆਂ ਸ਼ਾਂਤੀਮਈ ਸੰਘਰਸ਼ ਕਾਇਮ ਰੱਖਿਆ। 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ, ਜੋ ਕਿ ਕਿਸਾਨਾਂ ਦੀ ਵੱਡੀ ਜਿੱਤ ਅਤੇ ਲੰਬੇ ਸੰਘਰਸ਼ ਦੀ ਮਿਹਨਤ ਦਾ ਹੀ ਨਤੀਜਾ ਹੈ।

PunjabKesari
 


author

Tanu

Content Editor

Related News