ਚੂਹੇ ਨੇ ਗੱਡੀ ਦੇ ਏ. ਸੀ. ਦੀ ਵਾਇਰਿੰਗ ਕੱਟੀ, ਕੰਪਨੀ ਨੂੰ ਮੁਆਵਜ਼ਾ ਭਰਨ ਦੇ ਹੁਕਮ
Friday, Dec 08, 2017 - 01:38 PM (IST)
ਚੰਡੀਗੜ੍ਹ (ਸੁਸ਼ੀਲ) : ਈਟੀਓਸ ਗੱਡੀ 'ਚ ਚੂਹਾ ਵੜਨ ਕਾਰਨ ਏ. ਸੀ. ਖਰਾਬ ਹੋਣ 'ਤੇ ਕੰਪਨੀ ਵਲੋਂ ਰਾਹਤ ਨਾ ਦਿੱਤੇ ਜਾਣ ਸਬੰਧੀ ਦਾਇਰ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਖਪਤਕਾਰ ਅਦਾਲਤ ਨੇ ਇੰਡਸਟ੍ਰੀਅਲ ਏਰੀਆ ਫੇਜ਼-1 ਸਥਿਤ ਐੱਮ. ਪੀ. ਮੋਟਰਸ ਲਿਮਟਿਡ, ਪਾਇਓਨੀਅਰ ਟੋਇਟਾ ਕੰਪਨੀ ਨੂੰ ਸ਼ਿਕਾਇਤਕਰਤਾ ਦੀ ਗੱਡੀ ਮੁਫਤ ਠੀਕ ਕਰਨ, ਮਾਨਸਿਕ ਪ੍ਰੇਸ਼ਾਨ ਕਰਨ 'ਤੇ 10 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਖਪਤਕਾਰ ਅਦਾਲਤ ਨੇ ਕੰਪਨੀ 'ਤੇ ਅਦਾਲਤੀ ਖਰਚ ਦੇ 10 ਹਜ਼ਾਰ ਰੁਪਏ ਸ਼ਿਕਾਇਤਕਰਤਾ ਨੂੰ ਦੇਣ ਲਈ ਕਿਹਾ ਹੈ।
ਸੈਕਟਰ-37 ਵਾਸੀ ਰਣਜੋਤ ਸਿੰਘ ਢਿੱਲੋਂ ਨੇ ਦੱਸਿਆ ਕਿ 18 ਨਵੰਬਰ 2014 ਨੂੰ ਉਨ੍ਹਾਂ ਨੇ ਇੰਡਸਟ੍ਰੀਅਲ ਏਰੀਆ ਫੇਜ਼-1 ਸਥਿਤ ਐੱਮ. ਪੀ. ਮੋਟਰਸ ਲਿਮਟਿਡ, ਪਾਇਓਨੀਅਰ ਟੋਇਟਾ ਕੰਪਨੀ ਤੋਂ ਈਟੀਓਸ ਕਾਰ ਖਰੀਦੀ ਸੀ। ਕਾਰ ਲੈਣ ਤੋਂ ਬਾਅਦ ਉਸਦਾ ਏ. ਸੀ. ਖਰਾਬ ਹੋ ਗਿਆ। ਉਹ ਕਾਰ ਠੀਕ ਕਰਵਾਉਣ ਲਈ ਕੰਪਨੀ 'ਚ ਗਿਆ। ਕੰਪਨੀ ਨੇ ਦੱਸਿਆ ਕਿ ਚੂਹਿਆਂ ਨੇ ਏ. ਸੀ. ਦੀ ਵਾਇਰਿੰਗ ਕੱਟ ਦਿੱਤੀ ਹੈ। ਜਦੋਂ ਉਨ੍ਹਾਂ ਨੇ ਕਾਰ ਦਾ ਏ. ਸੀ. ਠੀਕ ਕਰਨ ਲਈ ਕਿਹਾ ਤਾਂ ਕੰਪਨੀ ਨੇ ਕਿਹਾ ਕਿ ਏ. ਸੀ. ਖਰਾਬ ਹੋਣਾ ਗਾਰੰਟੀ 'ਚ ਨਹੀਂ ਆਉਂਦਾ ਹੈ। 2015 'ਚ ਉਸਨੇ 37119 ਰੁਪਏ ਦੇ ਕੇ ਗੱਡੀ ਨੂੰ ਠੀਕ ਕਰਵਾ ਲਿਆ। 2016 'ਚ ਗੱਡੀ ਦੇ ਏ. ਸੀ.'ਚ ਮੁੜ ਦਿੱਕਤ ਆ ਗਈ। ਉਹ ਕੰਪਨੀ 'ਚ ਗਏ ਤਾਂ ਕੰਪਨੀ ਨੇ ਦੱਸਿਆ ਕਿ ਚੂਹਿਆਂ ਨੇ ਏ. ਸੀ. ਦੀ ਵਾਇਰਿੰਗ ਕੱਟ ਦਿੱਤੀ ਹੈ, ਜਿਸ ਕਾਰਨ ਏ. ਸੀ. ਖਰਾਬ ਹੋਇਆ ਹੈ। ਰਣਜੋਤ ਸਿੰਘ ਢਿੱਲੋਂ ਨੇ ਕੰਪਨੀ ਨੂੰ ਕਿਹਾ ਕਿ ਮੈਨੂਫੈਕਚਰਿੰਗ ਤੇ ਤਕਨੀਕੀ ਖਰਾਬੀ ਕਾਰਨ ਹੀ ਚੂਹੇ ਗੱਡੀ ਦੇ ਅੰਦਰ ਵੜ ਰਹੇ ਹਨ। ਕੰਪਨੀ ਨੂੰ ਚੂਹੇ ਅੰਦਰ ਜਾਣ ਤੋਂ ਰੋਕਣ ਲਈ ਇੰਤਜ਼ਾਮ ਕਰਨੇ ਚਾਹੀਦੇ ਹਨ। ਉਨ੍ਹਾਂ ਗੱਡੀ ਦਾ ਏ. ਸੀ. ਗਾਰੰਟੀ 'ਚ ਠੀਕ ਕਰਵਾਉਣ ਲਈ ਕਿਹਾ ਪਰ ਕੰਪਨੀ ਨੇ ਮਨ੍ਹਾ ਕਰ ਦਿੱਤਾ। ਰਣਜੋਤ ਨੇ ਕੰਪਨੀ ਖਿਲਾਫ ਖਪਤਕਾਰ ਅਦਾਲਤ 'ਚ ਕੇਸ ਦਾਇਰ ਕੀਤਾ।
