ਦਲਿਤ ਵਰਗ ਦੀ ਨਾਰਾਜ਼ਗੀ ਕਾਂਗਰਸ ਦੇ ''ਮਿਸ਼ਨ 13'' ਦੀ ਕੱਢ ਸਕਦੀ ਹੈ ਹਵਾ

04/16/2019 10:04:59 AM

ਜਲੰਧਰ (ਚੋਪੜਾ)—'ਮਿਸ਼ਨ 13' ਨੂੰ ਲੈ ਕੇ ਲੋਕ ਸਭਾ ਚੋਣਾਂ 'ਚ ਉੱਤਰੀ ਪੰਜਾਬ ਕਾਂਗਰਸ ਵਲੋਂ ਟਿਕਟਾਂ ਦੀ ਵੰਡ 'ਚ ਜਾਤਾਂ ਸਬੰਧੀ ਸੰਤੁਲਨ ਕਾਇਮ ਨਾ ਰੱਖ ਸਕਣ ਕਾਰਨ ਚੋਣਾਂ 'ਚ ਕਲੀਨ ਸਵੀਪ ਕਰਨ ਦੇ ਦਾਅਵਿਆਂ ਦੀ ਹਵਾ ਨਿਕਲਦੀ ਦਿਖਾਈ ਦੇ ਰਹੀ ਹੈ। ਕਾਂਗਰਸ ਹਾਈਕਮਾਨ ਨੇ ਸੂਬੇ ਨਾਲ ਸਬੰਧਤ 13 ਲੋਕ ਸਭਾ ਹਲਕਿਆਂ 'ਚੋਂ 11 ਹਲਕਿਆਂ 'ਚ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸਿਰਫ ਫਿਰੋਜ਼ਪੁਰ ਤੇ ਬਠਿੰਡਾ ਦੇ ਉਮੀਦਵਾਰਾਂ ਦੇ ਨਾਂ ਫਾਈਨਲ ਹੋਣੇ ਬਾਕੀ ਹਨ। ਇਨ੍ਹਾਂ 11 ਸੀਟਾਂ ਦੇ ਐਲਾਨ ਕੀਤੇ ਉਮੀਦਵਾਰਾਂ 'ਚ ਨੁਮਾਇੰਦਗੀ ਨਾ ਮਿਲਣ ਕਾਰਨ ਦਲਿਤ ਸਮਾਜ ਕਾਂਗਰਸ ਨਾਲ ਕਾਫੀ ਨਾਰਾਜ਼ ਦਿਖਾਈ ਦੇ ਰਿਹਾ ਹੈ, ਵਾਲਮੀਕਿ ਮਜ਼੍ਹਬੀ ਸਿੱਖ ਵਰਗ ਨਾਲ ਸਬੰਧਤ ਨੇਤਾ ਪੰਜਾਬ 'ਚ ਇਕ ਸੀਟ ਵੀ ਨਾ ਮਿਲਣ 'ਤੇ ਸਖਤ ਰੋਸ 'ਚ ਹਨ, ਜਦਕਿ ਇਸ ਵਰਗ ਦੇ ਨਾਲ ਸਬੰਧਤ ਕਾਂਗਰਸ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਸੂਬੇ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀਆਂ 4 ਰਿਜ਼ਰਵ ਸੀਟਾਂ 'ਚੋਂ 2 ਸੀਟਾਂ ਵਾਲਮੀਕਿ ਮਜ਼੍ਹਬੀ ਵਰਗ ਨੂੰ ਦੇਣ ਦਾ ਵਚਨ ਦਿੱਤਾ ਸੀ। ਰਾਜ ਸਭਾ ਮੈਂਬਰ ਤੇ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਸਣੇ ਕਈ ਵਾਲਮੀਕਿ ਨੇਤਾ ਸ਼ਰੇਆਮ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ, ਜਿਥੇ ਓ. ਬੀ. ਸੀ. ਵਰਗ ਵਿਚ ਵੀ ਉਸ ਨੂੰ ਨਜ਼ਰਅੰਦਾਜ਼ ਕਰ ਕੇ ਖਾਸਾ ਰੋਸ ਹੈ, ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਵੀ ਪਾਰਟੀ ਦੇ ਫੈਸਲੇ ਨੂੰ ਗਲਤ ਦੱਸ ਰਹੇ ਹਨ, ਉਥੇ ਹੀ ਰਵਿਦਾਸ ਸਮਾਜ ਨਾਲ ਸਬੰਧਤ ਮਹਾਰਥੀ ਆਗੂ ਵੀ ਉਨ੍ਹਾਂ ਨੂੰ ਟਿਕਟ ਨਾ ਦੇਣ ਕਾਰਨ ਨਾਰਾਜ਼ ਹਨ।

ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਜਲੰਧਰ, ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਹੁਸ਼ਿਆਰਪੁਰ ਤੋਂ ਟਿਕਟ ਕੱਟੇ ਜਾਣ ਦਾ ਵਿਰੋਧ ਕਰ ਰਹੇ ਹਨ। ਫਰੀਦਕੋਟ ਤੋਂ ਟਿਕਟ ਦੀ ਦਾਅਵੇਦਾਰ ਤੇ ਵਿਧਾਇਕਾ ਸਤਿਕਾਰ ਕੌਰ ਨੇ ਮੁਸਲਿਮ ਵਰਗ ਨਾਲ ਸਬੰਧਤ ਮੁਹੰਮਦ ਸਦੀਕ ਨੂੰ ਟਿਕਟ ਦੇਣ ਦੇ ਫੈਸਲੇ 'ਤੇ ਇਤਰਾਜ਼ ਜ਼ਾਹਿਰ ਕਰਦੇ ਹੋਏ ਕਿਹਾ ਕਿ ਮਜ਼੍ਹਬੀ ਸਿੱਖ ਬਹੁ-ਗਿਣਤੀ ਹਲਕਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਬਜਾਏ ਮੁਹੰਮਦ ਸਦੀਕ ਨੂੰ ਉਮੀਦਵਾਰ ਬਣਾਉਣਾ ਹੈਰਾਨ ਕਰਨ ਵਾਲਾ ਫੈਸਲਾ ਹੈ।

ਦਲਿਤ ਸਮਾਜ ਜੇਕਰ ਕਾਂਗਰਸ ਵਿਰੁੱਧ ਉਠ ਖੜ੍ਹਾ ਹੋਇਆ ਤਾਂ ਕਾਂਗਰਸ ਨੂੰ ਉਸ ਦਾ ਸਭ ਤੋਂ ਜ਼ਿਆਦਾ ਭੈੜਾ ਅਸਰ ਦੋਆਬਾ ਇਲਾਕੇ 'ਚ ਹੋਵੇਗਾ, ਜਿਥੇ ਐੱਸ. ਸੀ. ਵੋਟ ਬੈਂਕ ਦਾ ਸਭ ਤੋਂ ਵੱਧ ਪ੍ਰਭਾਵ ਹੈ। 2007 ਤੇ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਦਲਿਤ ਵੋਟ ਬੈਂਕ ਦੀ ਨਾਰਾਜ਼ਗੀ ਕਾਰਨ ਹੀ ਕਾਂਗਰਸ ਦੇ ਹੱਥਾਂ ਵਿਚੋਂ ਸੱਤਾ ਰੇਤ ਵਾਂਗ ਖਿਸਕ ਗਈ ਸੀ। 117 ਵਿਧਾਨ ਸਭਾ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦਾ ਸਭ ਤੋਂ ਜ਼ਿਆਦਾ ਖਰਾਬ ਪ੍ਰਦਰਸ਼ਨ ਵੀ ਦੋਆਬੇ 'ਚ ਵੇਖਣ ਨੂੰ ਮਿਲਿਆ, ਜਿਥੇ ਕੈਪਟਨ ਅਮਰਿੰਦਰ ਦਾ ਸਰਕਾਰ ਬਣਾਉਣ ਦਾ ਸਾਰਾ ਗਣਿਤ ਵਿਗੜ ਗਿਆ ਸੀ। ਸਾਲ 2011 'ਚ ਹੋਈ ਮਰਦਮਸ਼ੁਮਾਰੀ ਅਨੁਸਾਰ ਦੋਆਬੇ 'ਚ 37 ਫੀਸਦੀ ਆਬਾਦੀ ਦਲਿਤ ਵਰਗ ਦੀ ਸੀ। ਦੋਆਬੇ ਨਾਲ ਸਬੰਧਤ ਵਿਧਾਨ ਸਭਾ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਸੈਂਟਰਲ, ਕਰਤਾਰਪੁਰ, ਸ਼ਾਹਕੋਟ ਦੇ ਇਲਾਵਾ ਨਵਾਂਸ਼ਹਿਰ, ਫਰੀਦਕੋਟ, ਅੰਮ੍ਰਿਤਸਰ ਜ਼ਿਲਿਆਂ 'ਚ ਐੱਸ. ਸੀ. ਵਰਗ ਦਾ ਕਾਫੀ ਅਸਰ ਹੈ ਤੇ ਜੇਕਰ ਦਲਿਤ 2007 ਤੇ 2012 ਵਰਗਾ ਕਾਂਗਰਸ ਵਿਰੋਧੀ ਰੁਖ਼ ਅਪਣਾਉਂਦਾ ਤਾਂ ਕਾਂਗਰਸ ਦੇ ਸਾਰੇ ਸਿਆਸੀ ਸਮੀਕਰਨ ਧਰੇ ਦੇ ਧਰੇ ਰਹਿ ਜਾਣਗੇ।

ਮੋਹਿੰਦਰ ਸਿੰਘ ਕੇ. ਪੀ. ਨੇ ਟਕਸਾਲੀ ਕਾਂਗਰਸੀ ਆਗੂਆਂ ਨੂੰ ਪਾਰਟੀ ਵਿਚੋਂ ਅੱਖੋਂ-ਪਰੋਖੇ ਕਰਨ ਅਤੇ ਉਨ੍ਹਾਂ ਦੇ ਸਿਆਸੀ ਕਤਲ ਕਰਨ ਦੇ ਫੈਸਲਿਆਂ ਦਾ ਵਿਰੋਧ ਕਰਦੇ ਹੋਏ ਅੱਜ ਚੰਡੀਗੜ੍ਹ ਵਿਚ ਮੀਟਿੰਗ ਸੱਦੀ ਸੀ। ਕੇ. ਪੀ. ਅਨੁਸਾਰ ਇਸ ਮੀਟਿੰਗ ਵਿਚ ਸ਼ਮਸ਼ੇਰ ਸਿੰਘ ਦੂਲੋ, ਸੰਤੋਸ਼ ਚੌਧਰੀ, ਮਲਕੀਅਤ ਸਿੰਘ ਦਾਖਾ, ਚੌਧਰੀ ਤਰਲੋਚਨ ਸਿੰਘ ਸਮੇਤ ਅਨੇਕਾਂ ਸੀਨੀਅਰ ਦਲਿਤ ਆਗੂਆਂ ਨੇ ਸ਼ਾਮਲ ਹੋਣਾ ਸੀ। ਇਸ ਮੀਟਿੰਗ ਵਿਚ ਸਾਰਿਆਂ ਨੇ ਇਕਜੁੱਟ ਹੋ ਕੇ ਕਾਂਗਰਸ ਵਿਚ ਉਨ੍ਹਾਂ ਦੀ ਅਣਦੇਖੀ ਕੀਤੇ ਜਾਣ ਦੇ ਵਿਰੋਧ ਵਿਚ ਆਪਣੀ ਅਗਲੀ ਰਣਨੀਤੀ ਤਿਆਰ ਕਰਨੀ ਸੀ। ਕੇ. ਪੀ. ਨੇ ਕਿਹਾ ਸੀ ਕਿ ਮੀਟਿੰਗ ਦੇ ਫੈਸਲੇ ਨੂੰ ਅਸੀਂ ਹਾਈਕਮਾਨ ਨੂੰ ਜਾਣੂ ਕਰਵਾਵਾਂਗੇ, ਜੇਕਰ ਫਿਰ ਵੀ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਆਜ਼ਾਦ ਚੋਣ ਲਈ ਵੀ ਤਿਆਰ ਹਨ। ਕੇ. ਪੀ. ਦਾ ਕਹਿਣਾ ਹੈ ਕਿ ਉਹ ਜਲੰਧਰ ਤੋਂ ਸੀਟਿੰਗ ਸੰਸਦ ਮੈਂਬਰ ਸਨ ਪਰ ਹਾਈਕਮਾਨ ਵਲੋਂ ਹੁਸ਼ਿਆਰਪੁਰ ਤੋਂ ਚੋਣ ਲੜਾਉਣ ਦੇ ਫੈਸਲੇ ਦਾ ਵਿਰੋਧ ਕਰਨ ਦੀ ਬਜਾਏ ਉਨ੍ਹਾਂ ਨੇ ਨਤਮਸਤਕ ਹੋ ਕੇ ਇਸਨੂੰ ਪ੍ਰਵਾਨਿਆ। 2019 ਦੀਆਂ ਚੋਣਾਂ ਵਿਚ ਉਨ੍ਹਾਂ ਦਾ ਹੱਕ ਵਾਪਸ ਮਿਲਣਾ ਚਾਹੀਦਾ ਹੈ ਪਰ ਕਾਂਗਰਸ ਨੇ ਸੰਤੋਖ ਸਿੰਘ ਚੌਧਰੀ ਨੂੰ ਮੁੜ ਟਿਕਟ ਦੇ ਦਿੱਤੀ, ਜਿਸ ਦੇ ਮਗਰੋਂ ਕੇ. ਪੀ. ਨੇ ਚੌਧਰੀ ਵਿਰੁੱਧ ਬਗਾਵਤੀ ਸੁਰ ਤੇਜ਼ ਕਰ ਦਿੱਤੇ ਹਨ।

ਹਾਈਕਮਾਨ ਦੇ ਸੱਦੇ 'ਤੇ ਮਹਿੰਦਰ ਸਿੰਘ ਕੇ.ਪੀ. ਦਿੱਲੀ ਪੁੱਜੇ
ਕੇ. ਪੀ. ਅੱਜ ਚੰਡੀਗੜ੍ਹ ਲਈ ਰਵਾਨਾ ਹੋਏ ਪਰ ਰਸਤੇ ਵਿਚੋਂ ਹੀ ਉਨ੍ਹਾਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਦਿੱਲੀ ਲਈ ਸੱਦ ਲਿਆ ਗਿਆ, ਜਿਸ 'ਤੇ ਕੇ. ਪੀ. ਮੀਟਿੰਗ ਕਰਨ ਦੀ ਬਜਾਏ ਦਿੱਲੀ ਵਲ ਰਵਾਨਾ ਹੋ ਗਏ। ਕੇ. ਪੀ. ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਹ ਦਿੱਲੀ ਪਹੁੰਚ ਚੁੱਕੇ ਹਨ ਅਤੇ ਰਾਤ ਤੱਕ ਉਨ੍ਹਾਂ ਦੀ ਰਾਸ਼ਟਰੀ ਜਨਰਲ ਸਕੱਤਰ ਅਹਿਮਦ ਪਟੇਲ ਨਾਲ ਮੁਲਾਕਾਤ ਹੋਵੇਗੀ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪਟੇਲ ਨਾਲ ਮੁਲਾਕਾਤ ਦੇ ਬਾਅਦ ਕੇ. ਪੀ. ਦੀ ਇਕ ਬੈਠਕ ਰਾਹੁਲ ਗਾਂਧੀ ਨਾਲ ਕਰਵਾਈ ਜਾ ਸਕਦੀ ਹੈ। ਸਿਆਸੀ ਗਲਿਆਰਿਆਂ ਵਿਚ ਚਰਚਾ ਹੈ ਕਿ ਸ਼ਹੀਦ ਪਰਿਵਾਰ ਦੀ ਅਣਦੇਖੀ ਕਾਰਨ ਕਾਂਗਰਸ ਨੂੰ ਹੋ ਰਹੇ ਨੁਕਸਾਨ ਦੀ ਪੂਰਤੀ ਨੂੰ ਕਾਂਗਰਸ ਹਾਈਕਮਾਨ ਕੇ. ਪੀ. ਨੂੰ ਕਿਤੇ ਅਡਜਸਟ ਕਰ ਕੇ ਉਨ੍ਹਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰੇਗੀ। ਚਰਚਾ ਹੈ ਕਿ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਗੁਰਦਾਸਪੁਰ ਚੋਣ ਹਲਕੇ ਵਿਚ ਰੁਝੇਵਿਆਂ ਕਾਰਨ ਉਨ੍ਹਾਂ ਦੀ ਥਾਂ 'ਤੇ ਕੇ. ਪੀ. ਨੂੰ ਸੂਬਾ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਬਣਨ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ।

ਜਲੰਧਰ, ਹੁਸ਼ਿਆਰਪੁਰ, ਫਰੀਦਕੋਟ ਦੇ ਮਗਰੋਂ ਫਤਿਹਗੜ੍ਹ ਸਾਹਿਬ 'ਚ ਵੀ ਸ਼ੁਰੂ ਹੋਈ ਬਗਾਵਤ
ਬੀਤੇ ਦਿਨੀਂ ਚੰਡੀਗੜ੍ਹ ਵਿਚ ਪੀ. ਜੀ. ਆਈ. ਸਥਿਤ ਰਵਿਦਾਸ ਭਵਨ ਵਿਚ ਦਲਿਤ ਸੰਗਠਨਾਂ ਨੇ ਇਕ ਮੀਟਿੰਗ ਕਰ ਕੇ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਨੂੰ ਬਦਲ ਕੇ ਵਾਲਮੀਕਿ-ਮਜ਼੍ਹਬੀ ਸਿੱਖ ਭਾਈਚਾਰੇ ਨਾਲ ਸਬੰਧਤ ਆਗੂ ਅਸ਼ਵਨੀ ਬਗਾਨੀਆ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਉਨ੍ਹਾਂ ਨੂੰ ਪ੍ਰਤੀਨਿਧਤਾ ਦੇਣ ਦੀ ਮੰਗ ਕੀਤੀ। ਮਜ਼੍ਹਬੀ ਪੰਜਾਬ ਮਹਾਸਭਾ, ਆਦਿਧਰਮ ਅਨਾਰਿਆ ਸਮਾਜ, ਗੁਰੂ ਰੰਗਰੇਟਾ ਦਲ, ਸੈਂਟਰਲ ਵਾਲਮੀਕਿ ਸਭਾ ਇੰਟਰਨੈਸ਼ਨਲ, ਲਵ-ਕੁਸ਼ ਸੇਵਾ ਦਲ ਸਹਿਤ ਦਰਜਨਾਂ ਦਲਿਤ ਸੰਗਠਨ ਇਸ ਮੀਟਿੰਗ ਵਿਚ ਸ਼ਾਮਲ ਸਨ।

ਕਾਂਗਰਸ ਹਾਈਕਮਾਨ ਦੀ ਸਰਵੇ ਰਿਪੋਰਟ ਨੂੰ ਵੀ ਕੀਤਾ ਨਜ਼ਰਅੰਦਾਜ਼
ਪੰਜਾਬ ਵਿਚ ਕਾਂਗਰਸ ਹਾਈਕਮਾਨ ਨੇ 11 ਹਲਕਿਆਂ ਵਿਚ ਪਾਰਟੀ ਪੱਧਰ 'ਤੇ ਪ੍ਰਾਈਵੇਟ ਏਜੰਸੀਆਂ ਰਾਹੀਂ ਕਈ ਸਰਵੇ ਕਰਵਾਏ ਸਨ ਪਰ ਪੰਜਾਬ ਸਕ੍ਰੀਨਿੰਗ ਕਮੇਟੀ ਦੇ ਮੈਂਬਰਾਂ ਸੂਬਾ ਇੰਚਾਰਜ ਆਸ਼ਾ ਕੁਮਾਰੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਹਾਈਕਮਾਨ 'ਤੇ ਦਬਾਅ ਪਾ ਕੇ ਸਾਰੀਆਂ ਸਰਵੇ ਰਿਪੋਰਟਾਂ ਨੂੰ ਅੱਖਾਂ ਪਰੋਖੇ ਕਰਵਾਉਂਦੇ ਹੋਏ ਆਪਣੀ ਮਰਜ਼ੀ ਦੇ ਉਮੀਦਵਾਰ ਫਾਈਨਲ ਕਰਵਾਏ, ਜਦਕਿ ਆਲ ਇੰਡੀਆ ਕਾਂਗਰਸ ਦੇ ਕੇ. ਸੀ. ਵੇਣੂਗੋਪਾਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਨੂੰ ਯਾਦ ਕਰਵਾਇਆ ਸੀ ਕਿ 4 ਸੀਟਾਂ ਵਿਚੋਂ ਇਕ ਸੀਟ ਵਾਲਮੀਕਿ-ਮਜ਼੍ਹਬੀ ਸਿੱਖ ਸਮਾਜ ਨੂੰ ਦਿੱਤੀ ਜਾਵੇ ਪਰ ਕਾਂਗਰਸ ਪੰਜਾਬ ਵਿਚ ਜਾਤੀ ਸੰਤੁਲਨ ਬਿਠਾਉਣ ਵਿਚ ਪੂਰੀ ਤਰ੍ਹਾਂ ਅਸਫਲ ਸਾਬਿਤ ਹੋਈ।

ਸੰਤੋਖ ਚੌਧਰੀ ਵਿਰੁੱਧ ਹੋਏ ਦਲਿਤ ਪ੍ਰਦਰਸ਼ਨ ਦਾ ਮਾਮਲਾ ਰਾਹੁਲ ਦੇ ਦਰਬਾਰ 'ਚ ਪੁੱਜਾ
ਡਾ. ਭੀਮ ਰਾਓ ਅੰਬੇਡਕਰ ਦੀ ਜਯੰਤੀ ਮੌਕੇ ਕਾਂਗਰਸ ਉਮੀਦਵਾਰ ਤੇ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਦਲਿਤ ਭਾਈਚਾਰੇ ਦੇ ਪ੍ਰ੍ਰਦਰਸ਼ਨ ਦਾ ਮਾਮਲਾ ਰਾਹੁਲ ਗਾਂਧੀ ਦੇ ਦਰਬਾਰ ਵਿਚ ਪਹੁੰਚ ਗਿਆ। ਚੌਧਰੀ ਜਦੋਂ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਅੰਬਡੇਕਰ ਚੌਕ ਪਹੁੰਚੇ ਤਾਂ ਉਥੇ ਦਲਿਤ ਸੰਗਠਨਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਤੇ ਕਾਲੀਆਂ ਝੰਡੀਆਂ ਦਿਖਾ ਕੇ ਉਨ੍ਹਾਂ ਵਿਰੁੱਧ ਰੋਸ ਵਿਖਾਵਾ ਕੀਤਾ। ਦਲਿਤ ਆਗੂਆਂ ਦਾ ਕਹਿਣਾ ਸੀ ਕਿ 1952 ਵਿਚ ਜਦੋਂ ਦਲਿਤਾਂ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ ਜਲੰਧਰ ਆਏ ਸਨ ਤਾਂ ਚੌਧਰੀ ਸੰਤੋਖ ਸਿੰਘ ਨੇ ਉਨ੍ਹਾਂ ਦਾ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਸੀ। ਇਥੋਂ ਤੱਕ ਕਿ ਡਾ. ਅੰਬੇਡਕਰ ਦੇ ਚੋਣ ਹਾਰਨ 'ਤੇ ਚੌਧਰੀ ਪਰਿਵਾਰ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਸੀ ਪਰ ਹੁਣ ਸੱਤਾ ਦੀ ਲਾਲਸਾ ਵਿਚ ਚੌਧਰੀ ਪਰਿਵਾਰ ਡਾ. ਅੰਬੇਡਕਰ ਦੇ ਨਾਂ 'ਤੇ ਦਲਿਤਾਂ ਤੋਂ ਵੋਟਾਂ ਮੰਗਦਾ ਫਿਰਦਾ ਹੈ। ਦਲਿਤ ਬਹੁ-ਗਿਣਤੀ ਦੋਆਬੇ ਇਲਾਕੇ ਵਿਚ ਜਿਸ ਤਰ੍ਹਾਂ ਦਲਿਤ ਭਾਈਚਾਰੇ ਵਲੋਂ ਪਿਛਲੇ ਸਮੇਂ ਤੋਂ ਸੰਤੋਖ ਚੌਧਰੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ, ਉਸ ਤੋਂ ਸੰਕੇਤ ਹੁੰਦੇ ਹਨ ਕਿ ਹਾਈਕਮਾਨ ਨੇ ਸਾਰੀ ਰਿਪੋਰਟ ਤਲਬ ਕਰ ਲਈ ਹੈ।


Shyna

Content Editor

Related News