ਖੁਦ ਬਿਮਾਰ ਪਿਆ ਹੈ ਬੱਧਨੀ ਕਲਾਂ ਦਾ ਕਮਿਉੂਨਿਟੀ ਹੈਲਥ ਸੈਂਟਰ
Friday, Jan 05, 2018 - 05:03 PM (IST)

ਬੱਧਨੀ ਕਲਾਂ (ਬੱਲ) - ਦਰਜ਼ਨਾਂ ਪਿੰਡਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲਾ ਕਸਬਾ ਬੱਧਨੀ ਕਲਾਂ ਦਾ ਕਮਿਊੂਨਿਟੀ ਹੈਲਥ ਸੈਂਟਰ ਖੁਦ ਬਿਮਾਰ ਪਿਆ ਹੈ। ਇਸ ਨਾਲ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਦੇ ਸਰਕਾਰੀ ਦਾਅਵਿਆਂ ਦੀ ਫੂਕ ਪੁਰੀ ਤਰਾਂ ਨਿਕਲ ਗਈ। ਇਲਾਕੇ ਦੇ ਦਾਨੀਆਂ ਨੇ ਪ੍ਰਵਾਸੀ ਭਾਰਤੀਆਂ ਤੇ ਹੋਰ ਦਾਨੀਆਂ ਦੇ ਸਹਿਯੋਗ ਨਾਲ ਇਮਾਰਤ ਤਾਂ ਤਿਆਰ ਕਰ ਦਿੱਤੀ ਪਰ ਡਾਕਟਰਾਂ ਤੇ ਹੋਰ ਅਮਲੇ ਦੀ ਰਿਹਾਇਸ਼ ਦਾ ਕੋਈ ਪ੍ਰਬੰਧਕ ਨਹੀਂ ਕੀਤਾ, ਜਿਸ ਕਾਰਨ ਦੁਰਾਡਿਓਂ ਆਉਣ ਵਾਲੇ ਮੁਲਾਜ਼ਮ ਇੱਥੇ ਆਉਣ ਤੋਂ ਕੰਨੀ ਕਤਰਾਉਂਦੇ ਹਨ। ਮੈਡੀਕਲ ਅਮਲੇ ਤੇ ਹੋਰ ਸਹੁਲਤਾਂ ਦੀ ਘਾਟ ਕਾਰਨ ਇਸ ਖੇਤਰ ਦੇ ਮਰੀਜ਼ ਵੱਡੇ ਅਮਲੇ ਤੇ ਹੋਰ ਸਹੂਲਤਾਂ ਦੀ ਘਾਟ ਕਾਰਨ ਇਸ ਖੇਤਰ ਦੇ ਮਰੀਜ਼ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਤੋਂ ਮਹਿੰਗਾ ਇਲਾਜ ਕਰਵਾਉਣ ਦੇ ਲਈ ਮਜ਼ਬੂਰ ਹਨ।
ਮਾਹਿਰ ਡਾਕਟਰਾਂ ਤੇ ਹੋਰ ਅਮਲੇ ਦੀ ਵੱਡੀ ਘਾਟ
ਇਸ ਸਿਹਤ ਕੇਂਦਰ 'ਚ ਮਾਹਿਰ ਡਾਕਟਰਾਂ ਦੀ ਜ਼ਿਆਦਾਤਰ ਅਸਾਮੀਆਂ ਖਾਲੀ ਹਨ। ਇੱਥੇ ਨਾ ਤਾਂ ਦੰਦਾਂ (ਡੈਂਟਲ ਸਰਜਨ) ਦਾ ਮਾਹਿਰ ਡਾਕਟਰ ਹੈ ਅਤੇ ਨਾ ਹੀ ਗਾਇਨੀ ਡਾਕਟਰ। ਇਸ ਤੋਂ ਇਲਾਵਾ ਐਮ. ਬੀ. ਬੀ. ਐਸ ਡਾਕਟਰਾ ਦੀਆਂ ਅਸਾਮੀਆਂ ਖਾਲੀ ਹਨ। ਸਿਰਫ ਇਕੋ ਡਾਕਟਰ ਕੁੱਝ ਦਿਨ ਲਈ ਬਿਲਾਸਪੁਰ ਦੇ ਮੁੱਢਲਾ ਸਿਹਤ ਕੇਂਦਰ ਤੋਂ ਡੈਪੂਟੇਸ਼ਨ ਤੇ ਸੇਵਾ ਨਿਭਾਉਣ ਲਈ ਹਾਜ਼ਰ ਹੁੰਦਾ ਹੈ।
ਐਮਰਜੈਂਸੀ ਸੇਵਾਵਾਂ ਠੱਪ
ਨੈਸ਼ਨਲ ਹਾਈਵੇ ਤੇ ਸਥਿਤ ਕਸਬਾ ਬੱਧਨੀ ਕਲਾਂ 'ਚੋਂ ਰੋਜਾਨਾ ਹਜ਼ਾਰਾਂ ਗੱਡੀਆਂ ਲੰਘਦੀਆਂ ਹਨ। ਚਾਰ ਮਾਰਗੀ ਵਿਸਥਾਰ ਚੱਲਦਾ ਹੋਣ ਕਾਰਨ ਹਾਦਸਿਆਂ ਦਾ ਖਤਰਾ ਸਦਾ ਮੁਸਾਫਰਾਂ ਤੇ ਮੰਡਰਾਉਂਦਾ ਰਹਿੰਦਾ ਹੈ। ਅਜਿਹੀਆਂ ਸਥਿਤੀਆਂ ਵਿਚ ਇੱਥੇ 24 ਘੰਟੇ ਐਮਰਜੈਂਸੀ ਸੇਵਾਵਾਂ ਦੀ ਜ਼ਰੂਰਤ ਰਹਿੰਦੀ ਹੈ। ਡਾਕਟਰਾਂ ਤੇ ਹੋਰ ਅਮਲੇ ਦੀ ਘਾਟ ਕਾਰਨ, ਸ਼ਾਮ ਅਤੇ ਰਾਤ ਸਮੇਂ ਐਮਰਜੈਂਸੀ ਸੇਵਾਵਾਂ ਠੱਪ ਹੁੰਦੀਆਂ ਹਨ।
ਗਾਇਨੀ ਡਾਕਟਰ ਤੋਂ ਸੱਖਣਾ ਕੇਂਦਰ
ਸਿਹਤ ਵਿਭਾਗ ਪੰਜਾਬ ਵਲੋਂ ਲੋਕਾਂ ਨੂੰ 24 ਘੰਟੇ ਸਿਹਤ ਕੇਂਦਰਾਂ 'ਚ ਜਣੇਪਾ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਗਾਇਨੀ ਡਾਕਟਰਾਂ ਤੋਂ ਸੱਖਣੇ ਇਸ ਕੇਂਦਰ ਦੀਆਂ ਜਣੇਪਾ ਸੇਵਾਵਾਂ ਪੂਰੀ ਤਰ੍ਹਾਂ ਸਟਾਫ ਨਰਸਾਂ ਤੇ ਨਿਰਭਰ ਹਨ। ਸਟਾਫ ਨਰਸ਼ਾਂ ਦੀ ਮਦਦ ਲਈ ਨਾ ਤਾਂ ਕੋਈ ਦਰਜਾਚਾਰ ਕਰਮਚਾਰੀ ਹੈ ਅਤੇ ਨਾ ਹੀ ਸਹਾਇਕ ਅਮਲਾ। ਮਜ਼ੇਦਾਰ ਗੱਲ ਇਹ ਹੈ ਕਿ ਰਾਤ ਨੂੰ ਡਿਊਟੀ ਦੇਣ ਵਾਲੇ ਪ੍ਰਾਈਵੇਟ ਚੌਂਕੀਦਾਰ ਨੂੰ ਸਟਾਫ ਨਰਸਾਂ ਆਪਣੀ ਜੇਬ ਵਿਚੋਂ ਅਦਾ ਕਰਨ ਲਈ ਮਜ਼ਬੂਰ ਹਨ।
ਹਲਕਾ ਵਿਧਾਇਕ ਦੇ ਵਿਚਾਰ
ਜਦੋਂ ਲੰਗੜੀਆਂ ਸਿਹਤ ਸੇਵਾਵਾਂ ਬਾਰੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਫਰਜ਼ ਤੋਂ ਪੂਰੀ ਤਰਾਂ ਨਾਲ ਭੱਜ ਖਲੋਤੀ ਹੈ।