ਪੰਜਾਬ ''ਚ ''ਚੋਣ ਜ਼ਾਬਤਾ'' ਲਾਗੂ, ਫਿਰ ਵੀ ਹੋ ਰਹੇ ਵਿਕਾਸ ਕਾਰਜ

Wednesday, Apr 03, 2019 - 01:19 PM (IST)

ਪੰਜਾਬ ''ਚ ''ਚੋਣ ਜ਼ਾਬਤਾ'' ਲਾਗੂ, ਫਿਰ ਵੀ ਹੋ ਰਹੇ ਵਿਕਾਸ ਕਾਰਜ

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਲਈ ਕੋਡ ਲਾਗੂ ਹੋਣ ਦੇ ਬਾਵਜੂਦ ਨਗਰ ਨਿਗਮ ਅਧਿਕਾਰੀਆਂ ਵਲੋਂ ਨਵੇਂ ਵਿਕਾਸ ਕਾਰਜ ਸ਼ੁਰੂ ਕਰਵਾਉਣ ਦਾ ਕੇਸ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਪੁੱਜ ਗਈ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਕੋਡ ਲਾਗੂ ਹੋਣ ਤੋਂ ਬਾਅਦ ਜਿੱਥੇ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋਂ ਕੋਈ ਨਵਾਂ ਐਲਾਨ ਨਹੀਂ ਕੀਤਾ ਜਾ ਸਕਦਾ, ਨਾਲ ਹੀ ਨਗਰ ਨਿਗਮ ਵਲੋਂ ਕਿਸੇ ਨਵੇਂ ਵਿਕਾਸ ਕਾਰਜਾਂ ਲਈ ਐਸਟੀਮੇਟ ਬਣਾ ਕੇ ਟੈਂਡਰ ਲਾਉਣ ਤੇ ਵਰਕ ਆਰਡਰ ਜਾਰੀ ਕਰਨ 'ਤੇ ਰੋਕ ਲਾ ਦਿੱਤੀ ਗਈ ਹੈ ਪਰ ਨਗਰ ਨਿਗਮ ਵਲੋਂ ਕੋਡ ਲਾਗੂ ਹੋਣ ਤੋਂ ਠੀਕ ਪਹਿਲਾਂ ਕੀਤੀ ਗਈ ਵਿੱਤ ਤੇ ਠੇਕਾ ਕਮੇਟੀ ਦੀ ਬੈਠਕ 'ਚ ਜਿਨ੍ਹਾਂ ਨਵੇਂ ਵਿਕਾਸ ਕਾਰਜਾਂ ਲਈ ਟੈਂਡਰਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ, ਉਨ੍ਹਾਂ ਲਈ ਰਾਤੋ-ਰਾਤ ਬੈਕ ਡੇਟ ਵਰਕ ਆਰਡਰ ਜਾਰੀ ਕਰਨ ਦੀ ਸੂਚਨਾ ਹੈ। ਸੂਤਰਾਂ ਮੁਤਾਬਕ ਨਗਰ ਨਿਗਮ ਵਲੋਂ ਵਰਕ ਆਰਡਰ ਜਾਰੀ ਹੋਣ ਤੋਂ ਬਾਅਦ ਸਾਈਟ 'ਤੇ ਵਿਕਾਸ ਕਾਰਜ ਸ਼ੁਰੂ ਨਾ ਹੋਣ ਬਾਰੇ ਡਿਪਟੀ ਕਮਿਸ਼ਨਰ ਨੂੰ ਭੇਜੀ ਗਈ ਰਿਪੋਰਟ 'ਚ ਵੀ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਦੀ ਆੜ 'ਚ ਹੁਣ ਤਕ ਸਾਈਟ 'ਤੇ ਨਵੇਂ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਸਬੰਧੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਪੁੱਜ ਗਈ ਹੈ।


author

Babita

Content Editor

Related News