''ਬੇਅਦਬੀ'' ਦਾ ਮੁੱਦਾ ਹੁਣ ਕਾਂਗਰਸ ਹਕੂਮਤ ''ਤੇ ਭਾਰੀ!
Monday, Aug 12, 2019 - 12:45 PM (IST)

ਲੁਧਿਆਣਾ (ਮੁੱਲਾਂਪੁਰੀ) : ਪੰਜਾਬ 'ਚ 2015 'ਚ ਬਾਦਲ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਅਤੇ ਬਹਿਬਲ ਕਲਾਂ ਗੋਲੀਕਾਂਡ 4 ਸਾਲ ਬੀਤ ਜਾਣ ਦੇ ਬਾਅਦ ਵੀ ਪੰਜਾਬ ਦੀਆਂ ਸਿਆਸੀ ਅਤੇ ਧਾਰਮਿਕ ਬਰੂਹਾਂ 'ਤੇ ਜਿਉਂ ਦਾ ਤਿਉਂ ਦਿਖਾਈ ਦੇ ਰਿਹਾ ਹੈ। ਇਸ ਦੀ ਜਾਂਚ ਲਈ ਭਾਵੇਂ ਬਾਦਲ ਸਰਕਾਰ ਨੇ ਘੇਸਲ ਵੱਟੀ ਸੀ ਪਰ ਕੈਪਟਨ ਸਰਕਾਰ ਨੇ ਰਣਜੀਤ ਕਮਿਸ਼ਨ ਬਣਾ ਕੇ ਅਤੇ ਸਿਟ ਕਾਇਮ ਕਰਕੇ ਇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਕਈ ਵੱਡੇ ਪੁਲਸ ਅਫਸਰ ਜੇਲ ਦੀਆਂ ਕਾਲ ਕੋਠੜੀਆਂ 'ਚ ਗਏ।
ਬਾਦਲ, ਡੀ. ਜੀ. ਪੀ. ਸੈਣੀ ਅਤੇ ਹੋਰ ਵੱਡੇ ਅਫਸਰਾਂ ਨੂੰ ਤਲਬ ਕੀਤਾ ਗਿਆ ਪਰ ਅਜੇ ਤੱਕ ਇਸ ਦੀ ਸੱਚਾਈ ਅਤੇ ਅਸਲੀ ਦੋਸ਼ੀ ਸਾਹਮਣੇ ਨਹੀਂ ਆ ਸਕੇ, ਜਿਨ੍ਹਾਂ 'ਤੇ ਸਿਆਸੀ ਲੋਕ ਅਤੇ ਪੰਥਕ ਧਿਰਾਂ ਉਂਗਲ ਚੁੱਕ ਰਹੀਆਂ ਹਨ। ਪਹਿਲਾਂ ਤਾਂ ਬੇਅਦਬੀ ਦਾ ਮਾਮਲਾ ਅਕਾਲੀਆਂ ਸਿਰ ਪਿਆ ਹੋਇਆ ਸੀ, ਜਿਸ ਕਾਰਨ 2017 'ਚ ਅਕਾਲੀਆਂ ਦਾ ਸੁਪੜਾ ਸਾਫ ਹੋ ਗਿਆ ਅਤੇ ਹੁਣ ਫਿਰ 2019 'ਚ ਹੋਈਆਂ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਨੂੰ ਆਪਣੇ ਹੱਥ ਦਿਖਾ ਗਿਆ, ਜੋ ਅਜੇ ਵੀ ਅਕਾਲੀਆਂ ਦਾ ਪਿੱਛਾ ਛੱਡਦਾ ਦਿਖਾਈ ਨਹੀਂ ਦੇ ਰਿਹਾ ਪਰ ਹੁਣ ਇਹ ਬੇਅਦਬੀ ਦਾ ਮੁੱਦਾ ਮੌਜੂਦਾ ਕੈਪਟਨ ਸਰਕਾਰ ਨੂੰ ਵੀ ਲਪੇਟ 'ਚ ਲੈਣ ਲੱਗਾ ਹੈ ਕਿਉਂਕਿ ਲਗਭਗ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੇ ਮੁੱਖ ਮੰਤਰੀ ਦੇ ਰਾਤ ਦੇ ਖਾਣੇ 'ਤੇ ਜੋ ਮੁੱਖ ਮੰਤਰੀ ਨੂੰ ਖਰੀਆਂ-ਖਰੀਆਂ ਅਤੇ ਬਰਗਾੜੀ ਕਾਂਡ ਦੀ ਸੱਚਾਈ ਸਾਹਮਣੇ ਨਾ ਲਿਆਉਣ ਅਤੇ ਬਾਦਲਾਂ ਨਾਲ ਰਲੇ ਹੋਣ ਦੇ ਸਿੱਧੇ ਦੋਸ਼ ਲਾਏ ਹਨ, ਉਹ ਸ਼ਾਇਦ ਕਿਸੇ ਸਰਕਾਰ 'ਚ ਪਹਿਲੀ ਵਾਰ ਵਿਧਾਇਕਾਂ ਅਤੇ ਮੰਤਰੀਆਂ ਨੇ ਆਪਣੇ ਰੌਣਾ ਰੋਇਆ ਹੋਵੇ।
ਬੇਅਦਬੀ ਮਾਮਲੇ 'ਚ ਕਾਰਵਾਈ ਨਾ ਹੁੰਦੀ ਦੇਖ ਕਾਂਗਰਸੀ ਵਜ਼ੀਰ ਨਵਜੋਤ ਸਿੱਧੂ ਤਾਂ ਅਸਤੀਫਾ ਦੇ ਗਏ ਅਤੇ ਹੁਣ 'ਆਪ' ਦਾ ਵਿਧਾਇਕ ਹਰਵਿੰਦਰ ਫੂਲਕਾ ਵੀ ਅਸਤੀਫਾ ਦੇ ਕੇ ਕੈਪਟਨ ਸਰਕਾਰ ਦਾ ਬਾਦਲਾਂ ਨਾਲ ਰਲੇ ਹੋਣ ਦੇ ਧੜਾਧੜ ਦੋਸ਼ ਲਾ ਰਿਹਾ ਹੈ। ਇਸ ਤਰ੍ਹਾਂ ਦੀ ਸਥਿਤੀ ਦੇਖ ਕੇ ਲੱਗ ਰਿਹਾ ਹੈ ਕਿ ਹੁਣ ਬੇਅਦਬੀ ਮਾਮਲਾ ਅਕਾਲੀਆਂ ਦੇ ਨਾਲ-ਨਾਲ ਕਾਂਗਰਸੀਆਂ ਨੂੰ ਆਪਣੇ ਲਪੇਟੇ 'ਚ ਲੈ ਕੇ ਕਿਧਰੇ ਇਸ ਦਾ ਆਉਣ ਵਾਲੇ ਸਮੇਂ 'ਚ ਪਤਨ ਨਾ ਕਰ ਦੇਵੇ।