ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਮਾਮਲੇ ''ਚ ਦੋਸ਼ੀ ''ਤੇ ਯੂ. ਏ. ਪੀ. ਏ. ਲਾਉਣ ਦੀ ਮੰਗ

Tuesday, Sep 14, 2021 - 03:31 PM (IST)

ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਮਾਮਲੇ ''ਚ ਦੋਸ਼ੀ ''ਤੇ ਯੂ. ਏ. ਪੀ. ਏ. ਲਾਉਣ ਦੀ ਮੰਗ

ਰੂਪਨਗਰ (ਸੱਜਣ) : ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦਰਬਾਰ ਸਾਹਿਬ ਵਿੱਚ ਇਕ ਵਿਅਕਤੀ ਵੱਲੋਂ ਕੀਰਤਨ ਕਰ ਰਹੇ ਰਾਗੀਆਂ ਵੱਲ ਸਿਗਰਟ ਦਾ ਧੂੰਆਂ ਛੱਡਣ ਅਤੇ ਦਰਬਾਰ ਸਾਹਿਬ 'ਚ ਸਿਗਰਟ ਸੁੱਟਣ ਦੇ ਬੇਅਦਬੀ ਦੇ ਮਾਮਲੇ ਤੋਂ ਬਾਅਦ ਸਮੂਹ ਸਿੱਖ ਕੌਮ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਅਕਾਲ ਯੂਥ ਵੱਲੋਂ ਰੂਪਨਗਰ ਦੇ ਐੱਸ. ਐੱਸ. ਪੀ. ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ। ਇਸ ਮੰਗ ਪੱਤਰ 'ਚ ਬੇਅਦਬੀ ਦੇ ਦੋਸ਼ੀ ਵਿਅਕਤੀ ਖ਼ਿਲਾਫ਼ ਯੂ. ਏ. ਪੀ. ਏ. (ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ) ਲਗਾਉਣ ਦੀ ਮੰਗ ਕੀਤੀ ਗਈ ਹੈ।

ਅਕਾਲ ਯੂਥ ਤੋਂ ਪਹੁੰਚੇ ਜਸਵਿੰਦਰ ਸਿੰਘ ਰਾਜਪੁਰਾ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਵੇ ਕਿ ਆਖ਼ਰ ਇਸ ਸਾਜ਼ਿਸ਼ ਦੇ ਪਿੱਛੇ ਕਿੰਗਪਿਨ ਕੌਣ ਹੈ। ਦੱਸਣਯੋਗ ਹੈ ਕਿ ਇਕ ਵਿਅਕਤੀ ਵੱਲੋਂ ਸਵੇਰੇ ਸਾਢੇ ਚਾਰ ਵਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਦਰਬਾਰ ਸਾਹਿਬ ਵਿੱਚ ਪਹੁੰਚ ਕੇ ਪਹਿਲਾਂ ਸਿਗਰਟ ਜਲਾਈ ਗਈ। ਉਸ ਤੋਂ ਬਾਅਦ ਸਿਗਰਟ ਦਾ ਧੂੰਆਂ ਕੀਰਤਨ ਕਰ ਰਹੇ ਰਾਗੀਆਂ ਵੱਲ ਸੁੱਟਿਆ ਗਿਆ ਅਤੇ ਬਾਅਦ 'ਚ ਉਸ ਨੇ ਸਿਗਰਟ ਵੀ ਰਾਗੀਆਂ 'ਤੇ ਸੁੱਟ ਦਿੱਤੀ। ਇਸ ਤੋਂ ਬਾਅਦ ਡਿਊਟੀ 'ਤੇ ਤਾਇਨਾਤ ਸੇਵਾਦਾਰਾਂ ਨੇ ਉਕਤ ਵਿਅਕਤੀ ਨੂੰ ਫੜ੍ਹ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਵੱਲੋਂ ਉਕਤ ਵਿਅਕਤੀ ਦੇ ਖ਼ਿਲਾਫ਼ ਧਾਰਾ-295-A ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। 


author

Babita

Content Editor

Related News