ਵੱਡੀ ਖ਼ਬਰ: ਰਾਜਪਾਲ ਦੀ ਚਿੱਠੀ 'ਤੇ CM ਮਾਨ ਦਾ ਡਟਵਾਂ ਸਟੈਂਡ, ਕਿਹਾ, "ਮੈਂ ਤੁਹਾਨੂੰ ਨਹੀਂ ਪੰਜਾਬੀਆਂ ਨੂੰ ਜਵਾਬਦੇਹ"
Monday, Feb 13, 2023 - 09:00 PM (IST)
ਚੰਡੀਗੜ੍ਹ: ਪੰਜਾਬ ਸਰਕਾਰ ਤੇ ਰਾਜਪਾਲ ਵਿਚਾਲੇ ਖਿੱਚੋਤਾਨ ਲਗਾਤਾਰ ਜਾਰੀ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਚਿੱਠੀ ਲਿੱਖ ਕੇ CM ਭਗਵੰਤ ਮਾਨ ਤੋਂ ਕੁੱਝ ਸਵਾਲ ਕੀਤੇ ਗਏ ਸਨ। ਇਸ ਦੇ ਜਵਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਡਟਵਾਂ ਸਟੈਂਡ ਲੈਂਦਿਆਂ ਕਿਹਾ ਹੈ ਕਿ ਉਹ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹਨ, ਨਾ ਕਿ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਕਿਸੇ ਰਾਜਪਾਲ ਨੂੰ। ਉਨ੍ਹਾਂ ਇਹ ਵੀ ਕਿਹਾ ਹੈ ਕਿ ਰਾਜਪਾਲ ਵੱਲੋਂ ਚਿੱਠੀ ਰਾਹੀਂ ਚੁੱਕੇ ਗਏ ਵਿਸ਼ੇ ਸੂਬੇ ਦੇ ਹਨ।
ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ: ਫੀਸ ਨਾ ਦੇਣ ’ਤੇ ਬੇਰਹਿਮੀ ਨਾਲ ਕੁੱਟੇ ਬੱਚੇ ਨੂੰ ਹੋਇਆ ਅਧਰੰਗ, ਸਲੂਕ ਸੁਣ ਹੋ ਜਾਵੋਗੇ ਹੈਰਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ, ਮਾਣਯੋਗ ਰਾਜਪਾਲ ਸਾਹਿਬ, ਤੁਹਾਡੀ ਚਿੱਠੀ ਮੀਡੀਆ ਜ਼ਰੀਏ ਮਿਲੀ.. ਜਿੰਨੇ ਵੀ ਚਿੱਠੀ ਵਿਚ ਵਿਸ਼ੇ ਲਿਖੇ ਨੇ ਓਹ ਸਾਰੇ ਸਟੇਟ ਦੇ ਵਿਸ਼ੇ ਹਨ …ਮੈਂ ਅਤੇ ਮੇਰੀ ਸਰਕਾਰ ਸੰਵਿਧਾਨ ਅਨੁਸਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ ਨਾ ਕਿ ਕੇਂਦਰ ਸਰਕਾਰ ਦੁਆਰਾ ਨਿਯੁਕਤ ਕਿਸੇ ਰਾਜਪਾਲ ਨੂੰ .ਇਸੇ ਨੂੰ ਮੇਰਾ ਜਵਾਬ ਸਮਝੋ.."
ਜ਼ਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ ਜਿਸ ਵਿਚ ਉਨ੍ਹਾਂ ਨੇ ਕਈ ਸਵਾਲਾਂ ਦੇ ਜਵਾਬ ਮੰਗੇ ਸਨ। ਇਸ ਪੱਤਰ ਰਾਹੀਂ ਰਾਜਪਾਲ ਨੇ ਕਿਹਾ ਕਿ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੌਰੇ 'ਤੇ ਭੇਜਣ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਰਾਜਪਾਲ ਨੇ ਮੁੱਖ ਮੰਤਰੀ ਤੋਂ ਇਸ ਦੌਰੇ 'ਤੇ ਆਏ ਖ਼ਰਚੇ ਬਾਰੇ ਜਾਣਕਾਰੀ ਮੰਗੀ ਸੀ। ਉਨ੍ਹਾਂ ਪੀ.ਆਈ.ਸੀ.ਟੀ.ਸੀ. ਦੇ ਚੇਅਰਮੈਨ ਦੀ ਨਿਯੁਕਤੀ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਪ੍ਰਿੰਸੀਪਲਾਂ ਦੇ ਚੋਣ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਇਨ੍ਹਾਂ ਸਵਾਲਾਂ ਦੇ ਜਵਾਬ 15 ਦਿਨਾਂ ਅੰਦਰ ਨਾ ਮਿਲੇ ਤਾਂ ਕਾਨੂੰਨੀ ਸਲਾਹ ਲੈਣਗੇ।
ਇਹ ਖ਼ਬਰ ਵੀ ਪੜ੍ਹੋ - CM ਮਾਨ ਦੇ ਤਿੱਖੇ ਬੋਲ, ਦੋਸਤਾਂ ਦੀਆਂ ਜੇਬਾਂ ਭਰਨ ਲਈ ਕੋਲੇ ਦਾ ਖਰਚਾ ਪੰਜਾਬ ਸਿਰ ਮੜ੍ਹ ਰਹੀ ਕੇਂਦਰ ਸਰਕਾਰ
ਇਸ ਚਿੱਠੀ ਦੇ ਜਵਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਜ਼ਰੀਏ ਕਿਹਾ ਹੈ ਕਿ ਇਹ ਸਾਰੇ ਵਿਸ਼ੇ ਸੂਬੇ ਦੇ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ ਮੁਤਾਬਕ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤੇ ਰਾਜਪਾਲ ਨੂੰ ਜਵਾਬਦੇਹ ਨਹੀਂ ਸਗੋਂ ਪੰਜਾਬ ਦੀ ਜਨਤਾ ਨੂੰ ਜਵਾਬਦੇਹ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।