ਪੁਲਸ ਮੁਲਾਜ਼ਮਾਂ ਦੀ ਹੌਂਸਲਾ ਅਫ਼ਜ਼ਾਈ ਕਰਨ CM ਮਾਨ ਪਹੁੰਚੇ ਜਲੰਧਰ, ਸਮਾਗਮ 'ਗੁਲਦਸਤਾ 2023' 'ਚ ਹੋਏ ਸ਼ਾਮਲ

Thursday, Nov 30, 2023 - 09:27 PM (IST)

ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਭਲਾਈ ਲਈ ਪੰਜਾਬ ਪੁਲਿਸ ਵੱਲੋਂ ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ (ਪੀ.ਐਫ.ਟੀ.ਏ.ਏ.) ਦੇ ਸਹਿਯੋਗ ਨਾਲ ਕਰਵਾਏ ਗਏ ਆਪਣੀ ਕਿਸਮ ਦੇ ਪਹਿਲੇ ਸੱਭਿਆਚਾਰਕ ਸਮਾਗਮ ਗੁਲਦਸਤਾ-2023 ਦਾ ਉਦਘਾਟਨ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਅਹਿਮ ਪਹਿਲਕਦਮੀ ਦਾ ਉਦੇਸ਼ ਪੰਜਾਬ ਪੁਲਸ ਦੇ ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੇ ਜਵਾਨ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ ਅਤੇ ਇਹ ਸਮਾਗਮ ਇਨ੍ਹਾਂ ਬਹਾਦਰ ਜਵਾਨਾਂ ਦੇ ਪਰਿਵਾਰਾਂ ਨੂੰ ਸਮਰਪਿਤ ਹੈ। ਭਗਵੰਤ ਸਿੰਘ ਮਾਨ ਨੇ ਪੀ.ਏ.ਪੀ. ਗਰਾਉਂਡ ਵਿੱਚ ਇਸ ਸਮਾਗਮ ਦਾ ਆਯੋਜਨ ਕਰਨ ਵਾਸਤੇ ਸਹਿਯੋਗ ਦੇਣ ਲਈ ਪੀ.ਐਫ.ਟੀ.ਏ.ਏ. ਦਾ ਧੰਨਵਾਦ ਕੀਤਾ।

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਪ੍ਰਤੀ ਨਿਰਸਵਾਰਥ ਸੇਵਾ ਦੀ ਗੱਲ ਕਰੀਏ ਤਾਂ ਪੰਜਾਬ ਪੁਲਸ ਦੀ ਸ਼ਾਨਦਾਰ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ ਕਿਉਂਕਿ ਪੁਲਸ ਦੀ ਡਿਊਟੀ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰ ਲਈ ਸਮਾਂ ਨਹੀਂ ਕੱਢ ਪਾਉਂਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਇਕੱਠੇ ਮਿਲ ਕੇ ਬੈਠਣ ਅਤੇ ਸਮਾਗਮ ਦਾ ਆਨੰਦ ਮਾਨਣ ਦਾ ਮੌਕਾ ਪ੍ਰਦਾਨ ਕਰਨਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਸੂਬੇ ਦੇ ਤਿੰਨ ਕਰੋੜ ਤੋਂ ਵੱਧ ਲੋਕਾਂ ਲਈ ਆਰਾਮ ਦੀ ਨੀਂਦ ਨੂੰ ਯਕੀਨੀ ਬਣਾਉਣ ਵਾਸਤੇ 80,000 ਪੁਲਸ ਮੁਲਾਜ਼ਮ ਤਨਦੇਹੀ ਨਾਲ ਆਪਣੀ ਡਿਊਟੀ ਦੇ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਉਨ੍ਹਾਂ ਦੀ ਸਰਕਾਰ ਪੁਲਸ ਫੋਰਸ ਦੇ ਨਵੀਨੀਕਰਨ 'ਤੇ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੁਲਸ ਫੋਰਸ ਦੇ ਵਿਗਿਆਨਕ ਲੀਹਾਂ 'ਤੇ ਆਧੁਨਿਕੀਕਰਨ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਵਰਤੋਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਵੀ ਮੁੰਬਈ ਵਿੱਚ ਇਸ ਤਰ੍ਹਾਂ ਦਾ ਸਮਾਗਮ ਕਰਵਾਇਆ ਜਾ ਰਿਹਾ ਸੀ ਜਿਸ ਵਿੱਚ ਬਾਲੀਵੁੱਡ ਦੇ ਕਲਾਕਾਰ ਹਿੱਸਾ ਲੈਂਦੇ ਸਨ। ਉਨ੍ਹਾਂ ਕਿਹਾ ਕਿ ਹੁਣ ਸੂਬਾ ਸਰਕਾਰ ਨੇ ਪੁਲਸ ਬਲ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਇਹ ਪਹਿਲਕਦਮੀ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਦੀ ਸਰਕਾਰ ਕਿਸਾਨਾਂ, ਵਪਾਰੀਆਂ, ਕਮਜ਼ੋਰ ਵਰਗਾਂ, ਮੁਲਾਜ਼ਮਾਂ ਅਤੇ ਪੁਲਸ ਬਲ ਸਮੇਤ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ।

 

ਮੁੱਖ ਮੰਤਰੀ ਨੇ ਇਸ ਗੱਲ ਦੀ ਖੁਸ਼ੀ ਜਾਹਿਰ ਕੀਤੀ ਕਿ ਇਸ ਸਮਾਗਮ ਵਿੱਚ ਪੁਲਸ ਮੁਲਾਜ਼ਮਾਂ ਦੇ ਸਾਕ-ਸਬੰਧੀਆਂ ਅਤੇ ਇੱਥੋਂ ਤੱਕ ਕਿ ਪੁਲਸ ਕਰਮੀਆਂ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਇਹ ਰੰਗਲਾ ਪੰਜਾਬ ਸਿਰਜਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ ਜਿੱਥੇ ਸਮਾਜ ਦਾ ਹਰ ਵਰਗ ਖੁਸ਼ਹਾਲੀ, ਸ਼ਾਂਤੀ ਅਤੇ ਤਰੱਕੀ ਦੇ ਰਾਹ ‘ਤੇ ਚੱਲੇਗਾ। ਭਗਵੰਤ ਸਿੰਘ ਮਾਨ ਨੇ ਪੁਲਸ ਬਲ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਮਾਗਮ ਵਿੱਚ ਫਿਲਮੀ ਸਿਤਾਰੇ ਵੀ ਸ਼ਿਰਕਤ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੀਨੀਅਰ ਪੁਲਸ ਕਪਤਾਨ ਵਜੋਂ ਮਹਿਲਾ ਅਧਿਕਾਰੀ ਤਾਇਨਾਤ ਹਨ ਅਤੇ 10 ਤੋਂ ਵੱਧ ਜ਼ਿਲ੍ਹਿਆਂ ਵਿੱਚ ਮਹਿਲਾ ਡਿਪਟੀ ਕਮਿਸ਼ਨਰ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚ ਲੜਕੀਆਂ ਦੀ ਭਲਾਈ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਪਰਾਲਿਆਂ ਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿੱਚ 1450 ਹੋਰ ਪੁਲਿਸ ਮੁਲਾਜ਼ਮਾਂ ਦੀ ਭਰਤੀ ਕਰਨ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਉਦੇਸ਼ ਨੌਜਵਾਨਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਬਰਾਬਰ ਦਾ ਭਾਈਵਾਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿੱਚ 1450 ਪੁਲਸ ਮੁਲਾਜ਼ਮਾਂ ਦੀ ਭਰਤੀ ਜ਼ਿਲ੍ਹਾ ਪੱਧਰ 'ਤੇ ਫੋਰਸ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਏਗੀ ਅਤੇ ਸੂਬੇ ਵਿੱਚ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਵਿੱਚ ਵੀ ਸਹਾਈ ਹੋਵੇਗੀ।

PunjabKesari

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਿਖਲਾਈ ਦੇਣ ਲਈ ਅੱਠ ਅਤਿ-ਆਧੁਨਿਕ ਸੈਂਟਰ ਖੋਲ੍ਹੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਸੈਂਟਰ ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਨ ਅਤੇ ਸੂਬੇ ਤੇ ਦੇਸ਼ ਵਿੱਚ ਨਾਮਵਰ ਅਹੁਦੇ ਹਾਸਲ ਕਰਨ ਲਈ ਮਿਆਰੀ ਸਿਖਲਾਈ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਨੌਜਵਾਨਾਂ ਨੂੰ ਉੱਚ ਅਹੁਦੇ ਲਈ ਤਿਆਰ ਕਰਨਾ ਹੈ ਤਾਂ ਜੋ ਉਹ ਦੇਸ਼ ਦੀ ਸੇਵਾ ਕਰ ਸਕਣ।

ਇਸ ਮੌਕੇ ਮੁੱਖ ਮੰਤਰੀ ਨੇ ਡਿਊਟੀ ਦੌਰਾਨ ਬਲੀਦਾਨ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਐਕਸ ਗ੍ਰੇਸ਼ੀਆ ਗਰਾਂਟ ਦੇ ਚੈੱਕ ਸੌਂਪੇ। ਉਨ੍ਹਾਂ ਪੀ.ਐਫ.ਟੀ.ਏ.ਏ. ਦੇ ਮੈਂਬਰਾਂ ਦਾ ਸਨਮਾਨ ਵੀ ਕੀਤਾ ਅਤੇ ਏ.ਡੀ.ਜੀ.ਪੀ. ਐੱਮ.ਐੱਫ. ਫਾਰੂਕੀ ਵੱਲੋਂ ਲਿਖੇ ਅਤੇ ਪ੍ਰਸਿੱਧ ਗਾਇਕ ਮਾਸਟਰ ਸਲੀਮ ਵੱਲੋਂ ਗਾਇਆ ਗੀਤ 'ਅਰਦਾਸ' ਜਾਰੀ ਕੀਤਾ। ਇਸ ਤੋਂ ਪਹਿਲਾਂ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਮੁੱਖ ਮੰਤਰੀ ਅਤੇ ਹੋਰਨਾਂ ਪਤਵੰਤਿਆਂ ਦਾ ਸਮਾਗਮ ਵਿੱਚ ਸਵਾਗਤ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Harpreet SIngh

Content Editor

Related News