ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਮਾਨ ਸਰਕਾਰ ਚੁੱਕ ਰਹੀ ਵੱਡੇ ਕਦਮ
Sunday, Dec 01, 2024 - 02:20 PM (IST)
ਜਲੰਧਰ- ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਅਤੇ ਹਰਿਆ-ਭਰਿਆ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਕਈ ਵੱਡੇ ਕਦਮ ਚੁੱਕ ਰਹੀ ਹੈ। ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਾਨੂੰ ਸਭ ਨੂੰ ਪਿੰਡਾਂ ਦੀਆਂ ਫਿਰਨੀਆਂ, ਟਿਊਬਵੈੱਲਾਂ 'ਤੇ ਵੱਧ ਤੋਂ ਵੱਧ ਦਰਖ਼ਤ ਲਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾ ਸਕੀਏ, ਪਿੰਡਾਂ ਨੂੰ ਹਰਿਆ-ਭਰਿਆ ਬਣਾ ਸਕੀਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਨਰੇਗਾ ਸਕੀਮ ਦੇ ਅਧੀਨ ਜ਼ਿਲ੍ਹਾ ਸੰਗਰੂਰ ਵਿਖੇ 1 ਕਰੋੜ 62 ਲੱਖ ਦੀ ਲਾਗਤ ਨਾਲ 3 ਲੱਖ 20 ਹਜ਼ਾਰ 1317 ਬੂਟੇ ਲਗਵਾਏ ਗਏ ਹਨ।
ਉਨ੍ਹਾਂ ਕਿਹਾ ਕਿ ਅੱਜਕੱਲ੍ਹ ਉਹ ਜ਼ਮਾਨਾ ਨਹੀਂ ਹੈ ਕਿ ਬੂਟੇ ਲਗਾ ਦਿੱਤੇ ਅਤੇ ਬਾਅਦ ਪਸ਼ੂ ਬੂਟਿਆਂ ਨੂੰ ਖਾ ਜਾਣ, ਹੁਣ ਤਾਂ ਕਰੀਬ 6-6 ਫੁੱਟ ਦੇ ਬੂਟੇ ਆ ਜਾਂਦੇ ਹਨ ਅਤੇ ਲਗਾਉਣ ਤੋਂ ਬਾਅਦ ਉਨ੍ਹਾਂ ਨੇ ਵੱਧਣਾ ਹੀ ਹੁੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੂਟੇ ਲਾਉਣ ਦੀ ਮੁਹਿੰਮ ਨੂੰ ਲੋਕ ਲਹਿਰ ਵਿੱਚ ਬਦਲਣ ਦਾ ਵੀ ਸੱਦਾ ਦਿੱਤਾ ਗਿਆ ਹੈ ਤਾਂਕਿ ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ ਦੇ ਨਾਲ-ਨਾਲ ਸੂਬੇ ਵਿੱਚ ਹਰਿਆਵਲ ਹੇਠ ਰਕਬਾ ਵਧਾਇਆ ਜਾ ਸਕੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜੰਗਲਾਂ ਅਤੇ ਰੁੱਖਾਂ ਹੇਠਲੇ ਰਕਬੇ ਨੂੰ ਵਧਾਉਣ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਸਾਲ 2030 ਤੱਕ ਇਸ ਖੇਤਰ ਨੂੰ ਸੂਬੇ ਦੇ ਕੁੱਲ੍ਹ ਰਕਬੇ ਦਾ 7.5 ਫ਼ੀਸਦੀ ਤੱਕ ਵਧਾਉਣ ਦਾ ਟੀਚਾ ਮਿੱਥਿਆ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਸਰਕਾਰ ਜਾਪਾਨ ਦੀ ਕੋ-ਆਪ੍ਰੇਸ਼ਨ ਏਜੰਸੀ ਨਾਲ ਮਿਲ ਕੇ ਇਕ ਪ੍ਰਾਜੈਕਟ ਤਿਆਰ ਕਰੇਗੀ।