CM ਮਾਨ ਦਾ 'ਪੰਜਾਬੀ' ਨੂੰ ਲੈ ਕੇ ਅਹਿਮ ਬਿਆਨ, 'ਦੁਨੀਆ 'ਚੋਂ ਜਾਣ ਵੇਲੇ ਵੈਣ ਵੀ ਪੰਜਾਬੀ 'ਚ ਪੈਣੇ ਨੇ ਤਾਂ ਫਿਰ...'

Tuesday, Feb 21, 2023 - 12:25 PM (IST)

CM ਮਾਨ ਦਾ 'ਪੰਜਾਬੀ' ਨੂੰ ਲੈ ਕੇ ਅਹਿਮ ਬਿਆਨ, 'ਦੁਨੀਆ 'ਚੋਂ ਜਾਣ ਵੇਲੇ ਵੈਣ ਵੀ ਪੰਜਾਬੀ 'ਚ ਪੈਣੇ ਨੇ ਤਾਂ ਫਿਰ...'

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੇਂ ਭਰਤੀ ਹੋਏ ਜੇ. ਈ. ਤੇ ਕਲਰਕਾਂ ਨੂੰ ਅੱਜ ਨਿਯੁਕਤੀ ਪੱਤਰ ਵੰਡੇ ਗਏ। ਮੁੱਖ ਮੰਤਰੀ ਮਾਨ ਨੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਜ 129 ਪਰਿਵਾਰਾਂ ਦੇ ਸੁਫ਼ਨੇ ਪੂਰੇ ਹੋ ਰਹੇ ਹਨ ਅਤੇ ਹੁਣ ਤੱਕ ਕਰੀਬ 26,478 ਨੌਜਵਾਨਾਂ ਨੂੰ ਸਰਕਾਰੀ ਨਿਯੁਕਤੀ ਪੱਤਰ ਵੰਡੇ ਜਾ ਚੁੱਕੇ ਹਨ। ਬਹੁਤ ਸਾਰੇ ਆਗੂਆਂ ਕੋਲ ਬਹੁਤ ਪੈਸਾ ਹੈ ਅਤੇ ਜਿਨ੍ਹਾਂ ਕੋਲ ਪੈਸਾ ਹੈ, ਉਹ ਮਾਨਸਿਕ ਤੌਰ 'ਤੇ ਬੀਮਾਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੂੰ ਨੌਕਰੀ ਮਿਲ ਗਈ ਹੈ, ਉਨ੍ਹਾਂ ਨੇ ਬਹੁਤ ਸਖ਼ਤ ਮਿਹਨਤ ਕੀਤੀ ਹੈ ਅਤੇ ਹੁਣ ਇਹ ਨਾ ਸੋਚਿਓ ਕਿ ਬਦਲੀ ਦੀ ਜੁਗਾੜ ਕਰੀਏ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸਿਲੰਡਰ ਫੱਟਣ ਕਾਰਨ ਜ਼ੋਰਦਾਰ ਧਮਾਕਾ, ਘਰ ਦੀ ਛੱਤ ਉੱਡੀ, ਸਾਮਾਨ ਵੀ ਸੜ ਕੇ ਸੁਆਹ

ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਭ ਦੇ ਘਰਾਂ ਦੇ ਨੇੜੇ-ਤੇੜੇ ਹੀ ਉਨ੍ਹਾਂ ਦੀ ਪੋਸਟਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਭਰ 'ਚ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਸਾਡੀ ਮਾਂ ਬੋਲੀ ਪੰਜਾਬੀ ਹੈ। ਸਾਡੀ ਸਰਕਾਰ ਵੱਲੋਂ ਕੋਸ਼ਿਸ਼ ਹੈ ਕਿ ਦਫ਼ਤਰਾਂ, ਸਰਕਾਰੀ ਕਾਗਜ਼ਾਂ 'ਚ ਪੰਜਾਬੀ ਨੂੰ ਪਹਿਲ ਦਿੱਤੀ ਜਾਵੇ ਅਤੇ ਬੋਰਡ ਵੀ 21 ਤਾਰੀਖ਼ ਤੱਕ ਲਾਏ ਜਾਣ ਬਾਰੇ ਕਿਹਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ ਬਾਅਦ ਇਕ ਮੁਹਿੰਮ ਚਲਾਈ ਜਾਵੇਗੀ ਕਿ ਜੇਕਰ ਕੋਈ ਦੁਕਾਨਦਾਰ ਦੀ ਦੁਕਾਨ 'ਤੇ ਅੰਗਰੇਜ਼ੀ 'ਚ ਬੋਰਡ ਲੱਗਿਆ ਹੈ ਅਤੇ ਉਹ ਪੰਜਾਬੀ 'ਚ ਬੋਰਡ ਨਹੀਂ ਲਗਵਾ ਸਕਦਾ ਤਾਂ ਪੰਜਾਬ ਸਰਕਾਰ ਉਸ ਦਾ ਬੋਰਡ ਪੰਜਾਬੀ 'ਚ ਖ਼ੁਦ ਲਗਾਵੇਗੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਬਣਨ ਦਾ ਸੁਫ਼ਨਾ ਦੇਖ ਰਹੇ 'ਰਾਜਾ ਵੜਿੰਗ' ਨਾਲ ਖ਼ਾਸ ਮੁਲਾਕਾਤ, ਕੀਤੇ ਕਈ ਅਹਿਮ ਖ਼ੁਲਾਸੇ (ਵੀਡੀਓ)

ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀ ਬੋਲਣ 'ਚ ਇਹ ਨਹੀਂ ਸਮਝਣਾ ਚਾਹੀਦਾ ਕਿ ਕੋਈ ਸਾਨੂੰ ਦੇਸੀ ਸਮਝੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਜੰਮਿਆਂ 'ਤੇ ਲੋਰੀਆਂ ਪੰਜਾਬੀ 'ਚ ਮਿਲਦੀਆਂ ਹਨ ਅਤੇ ਵਿਆਹਾਂ ਦੀਆਂ ਸਿੱਠਣੀਆਂ ਵੀ ਪੰਜਾਬੀ 'ਚ ਗਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਜਦੋਂ ਦੁਨੀਆਂ ਤੋਂ ਜਾਵਾਂਗੇ ਤਾਂ ਵੈਣ ਵੀ ਪੰਜਾਬੀ 'ਚ ਹੀ ਪੈਣਗੇ ਤਾਂ ਫਿਰ ਪੰਜਾਬੀ ਬੋਲਣ 'ਚ ਕਿਸੇ ਤਰ੍ਹਾਂ ਦੀ ਹਿਚਕਿਚਾਹਟ ਮਹਿਸੂਸ ਨਹੀਂ ਕਰਨੀ ਚਾਹੀਦੀ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News