ਪੰਜਾਬ ਨੂੰ ਬਣਾਇਆ ਜਾਵੇਗਾ ਵਿਸ਼ਵ ਪੱਧਰੀ ਸੈਰਗਾਹ, CM ਮਾਨ ਨੇ ਕੀਤਾ ਇਹ ਐਲਾਨ

Wednesday, Jun 07, 2023 - 03:07 AM (IST)

ਪੰਜਾਬ ਨੂੰ ਬਣਾਇਆ ਜਾਵੇਗਾ ਵਿਸ਼ਵ ਪੱਧਰੀ ਸੈਰਗਾਹ, CM ਮਾਨ ਨੇ ਕੀਤਾ ਇਹ ਐਲਾਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਸੂਬੇ ਦੇ ਅਮੀਰ ਸੱਭਿਆਚਾਰ, ਕਲਾ ਅਤੇ ਵਿਰਾਸਤ ਨੂੰ ਦਰਸਾਉਣ ਦੇ ਮੱਦੇਨਜ਼ਰ ਸੂਬੇ ਭਰ ’ਚ ਸੱਭਿਆਚਾਰਕ ਮੇਲਿਆਂ ਦੀ ਲੜੀ ਕਰਵਾਉਣ ਨੂੰ ਪ੍ਰਵਾਨਗੀ ਦਿੱਤੀ ਤਾਂ ਜੋ ਸੂਬੇ ਨੂੰ ਵਿਸ਼ਵ ਪੱਧਰੀ ਸੈਰਗਾਹ ਵਜੋਂ ਉਭਾਰਿਆ ਜਾ ਸਕੇ। ਮੁੱਖ ਮੰਤਰੀ ਨੇ ਇਸ ਸਬੰਧੀ ਫ਼ੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਚ ਆਪਣੇ ਦਫ਼ਤਰ ਵਿਖੇ ਸੈਰ ਸਪਾਟਾ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ।

ਇਸ ਦੌਰਾਨ ਵਿਚਾਰ-ਵਟਾਂਦਰੇ ਵਿਚ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਦਾ ਮੰਤਵ ਸੂਬੇ ਵਿਚ ਸੈਲਾਨੀਆਂ ਦੀ ਆਮਦ ਨੂੰ ਵਧਾਉਣਾ ਅਤੇ ਆਉਣ ਵਾਲੇ ਸਾਲਾਂ ਵਿਚ ਪੰਜਾਬ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਸਥਾਪਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਸੱਭਿਆਚਾਰਕ ਸਮਾਗਮ ਸੂਬੇ ਦੇ ਸੈਰ-ਸਪਾਟਾ ਖੇਤਰ ਨੂੰ ਵੱਡਾ ਹੁਲਾਰਾ ਦੇਣਗੇ ਅਤੇ ਪੰਜਾਬ ਨੂੰ ਵਿਸ਼ਵ ਸੈਰ-ਸਪਾਟਾ  ਨਕਸ਼ੇ ‘ਤੇ ਪ੍ਰਮੁੱਖਤਾ ਨਾਲ ਉਭਰੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਸੂਬੇ ਵਿੱਚ ਸੈਲਾਨੀਆਂ ਦੀ ਆਵਾਜਾਈ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਸੂਬੇ ਦੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ।

ਇਹ ਖ਼ਬਰ ਵੀ ਪੜ੍ਹੋ - WTC ਫ਼ਾਈਨਲ 'ਤੇ ਮੀਂਹ ਤੋਂ ਵੀ ਵੱਡਾ ਖ਼ਤਰਾ, ਇਹ ਲੋਕ ਖੇਡ 'ਚ ਪਾ ਸਕਦੇ ਨੇ ਅੜਿੱਕਾ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ਆਪਣੇ ਸਦੀਆਂ ਪੁਰਾਣੇ ਸ਼ਾਨਾਮੱਤੇ ਇਤਿਹਾਸ ਅਤੇ ਅਮੀਰ ਸੱਭਿਆਚਾਰਕ ਵਿਰਸੇ ਕਾਰਨ ਸੈਲਾਨੀਆਂ/ਯਾਤਰੂਆਂ ਨੂੰ ਆਕਰਸ਼ਿਤ ਕਰਨ ਦੇ ਸਮਰੱਥ ਹੈ। ਉਨ੍ਹਾਂ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੀਆਂ ਰਾਜ ਸਰਕਾਰਾਂ ਦੀ ਅਣਗਹਿਲੀ ਕਾਰਨ ਸੈਰ-ਸਪਾਟਾ ਖੇਤਰ ਵਿੱਚ ਪੰਜਾਬ ਦੀਆਂ ਵਿਸ਼ਾਲ ਸੰਭਾਵਨਾਵਾਂ ਅਣਵਰਤੀਆਂ ਹੀ ਰਹਿ ਗਈਆਂ ਹਨ। ਭਗਵੰਤ ਮਾਨ ਨੇ ਸੈਰ-ਸਪਾਟਾ ਵਿਭਾਗ ਨੂੰ ਹਦਾਇਤ ਕੀਤੀ  ਕਿ ਇਨ੍ਹਾਂ ਸੱਭਿਆਚਾਰਕ ਮੇਲਿਆਂ ਨੂੰ ਨਿਯਮਤ ਤੌਰ ‘ਤੇ ਕਰਵਾਉਣ ਲਈ ਇੱਕ ਮੁਕੰਮਲ ਸਾਰਨੀ (ਟੇਬਲ) ਤਿਆਰ ਕੀਤੀ ਜਾਵੇ ਤਾਂ ਜੋ ਇਹ ਇਕ ਵਿਸ਼ਾਲ ਸਮਾਗਮ ਵਜੋਂ ਉਭਰ ਕੇ ਸਾਹਮਣੇ ਆ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਸੂਬੇ ਭਰ ‘ਚ  ਕਰਵਾਏ ਜਾਣ ਅਤੇ ਇਨ੍ਹਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਹ ਮਹੱਤਵਪੂਰਨ ਸਮਾਗਮ ਸੈਰ-ਸਪਾਟਾ ਸਰੋਤਾਂ ਦੀ ਜ਼ਿੰਮੇਵਾਰਾਨਾ ਸਾਂਭ-ਸੰਭਾਲ ਅਤੇ ਢੁਕਵੇਂ ਵਿਕਾਸ ਰਾਹੀਂ ਵੱਡੇ ਪੱਧਰ ’ਤੇ ਸੈਰ-ਸਪਾਟੇ ਨੂੰ ਆਕਰਸ਼ਿਤ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਸੂਬੇ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦੀ ਵੱਡੀ ਸੰਭਾਵਨਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਠੋਸ ਉਪਰਾਲੇ ਕੀਤੇ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਕਾਂਗਰਸ ਹੋ ਸਕਦੀ ਹੈ ਦੋਫਾੜ! ਇਸ ਆਗੂ ਵੱਲੋਂ ਵੱਖਰੀ ਪਾਰਟੀ ਬਣਾਉਣ ਦੇ ਚਰਚੇ; ਰੰਧਾਵਾ ਨੇ ਕਹੀ ਇਹ ਗੱਲ

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੱਭਿਆਚਾਰਕ ਮੇਲਿਆਂ ਰਾਹੀਂ ਸੂਬੇ ਦੇ ਸੈਰ-ਸਪਾਟੇ ਖੇਤਰ ਵਿੱਚ ਮੌਜੂਦ ਅਣਵਰਤੀਆਂ ਸੰਭਾਵਨਾਵਾਂ ਨੂੰ ਸੁਚੱਜੇ ਢੰਗ ਨਾਲ ਵਰਤਣ ਵਿੱਚ ਹੁਲਾਰਾ ਮਿਲੇਗਾ। ਉਨ੍ਹਾਂ ਨੇ ਸੈਰ ਸਪਾਟਾ ਵਿਭਾਗ ਨੂੰ ਇਨ੍ਹਾਂ ਸੱਭਿਆਚਾਰਕ ਮੇਲਿਆਂ ਦੇ ਪ੍ਰਬੰਧ ਲਈ ਮੁਕੰਮਲ ਖਾਕਾ ਤਿਆਰ ਕਰਨ ਲਈ ਆਖਿਆ ਤਾਂ ਜੋ ਸੈਰ-ਸਪਾਟਾ ਖੇਤਰ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ, ਜਿਸ ਨਾਲ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਜਿਹੇ ਸੱਭਿਆਚਾਰਕ ਮੇਲਿਆਂ ਨੂੰ ਵੱਡੇ ਪੱਧਰ ‘ਤੇ ਕਰਵਾਉਣ ਲਈ ਬਾਰੀਕੀ ਨਾਲ ਸਾਰਨੀ ਤਿਆਰ ਕੀਤੀ ਜਾਵੇ ਤਾਂ ਜੋ ਸੂਬੇ ਦੀ ਸ਼ਾਨਾਮੱਤੀ ਵਿਰਾਸਤ ਨੂੰ ਆਉਣ ਵਾਲੀਆਂ ਨਸਲਾਂ ਤੱਕ ਪਹੁੰਚਾਇਆ ਜਾ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News