ਮੁੱਖ ਮੰਤਰੀ ਦਾ ਗ੍ਰਹਿ ਜ਼ਿਲ੍ਹਾ ਬਣਿਆ ਜੁਰਮ ਤੇ ਅਪਰਾਧ ਦੀ ਰਾਜਧਾਨੀ : ਬੀਰ ਦਵਿੰਦਰ ਸਿੰਘ

Sunday, May 24, 2020 - 08:40 PM (IST)

ਪਟਿਆਲਾ— ਇਹ ਬੜੇ ਹੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗ੍ਰਹਿ ਜ਼ਿਲ੍ਹਾ ਪਟਿਆਲਾ 'ਚ ਅਪਰਾਧੀ ਗਤੀਵਿਧੀਆਂ ਦੇ ਇਕ ਦਮ ਵਧ ਜਾਣ ਕਾਰਨ ਤੇ ਕਰਫਿਊ ਤੇ ਲਾਕਡਾਊਨ ਦੁਰਾਨ ਹੋਏ ਕਤਲਾਂ ਦੀ ਗਿਣਤੀ 9 ਹੋ ਜਾਣ ਕਾਰਨ, ਪਟਿਆਲਾ ਜ਼ਿਲ੍ਹਾ, ਬਿਹਾਰ ਦੇ ਪਟਨੇ ਵਾਂਗ ਜੁਰਮਾਂ ਦੀ ਰਾਜਧਾਨੀ ਦੇ ਬਦਨਾਮ ਇਲਾਕੇ ਵੱਜੋਂ ਜਾਣਿਆ ਜਾਣ ਲੱਗਾ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਪਟਿਆਲਾ ਜ਼ਿਲ੍ਹੇ 'ਚ ਅਮਨ-ਕਾਨੂੰਨ ਦੇ ਸਮੁੱਚੇ ਢਾਂਚੇ ਨੂੰ ਕੀ ਹੋ ਗਿਆ ਹੈ ਕਿ ਛੋਟੇ-ਮੋਟੇ ਅਪਰਾਧਾ ਤੋਂ ਸ਼ੁਰੂ ਹੋ ਕੇ ਕਤਲਾਂ ਤਕ ਦੇ ਅਤਿ ਘੋਰ ਅਪਰਾਧਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ।
ਇਸ ਜ਼ਿਲ੍ਹੇ ਤੇ ਖਾਸ ਕਰਕੇ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਤਾਂ ਉਮੀਦ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣ ਜਾਣ ਨਾਲ ਤਾਂ ਸਾਰੇ ਪੰਜਾਬ ਦੀ ਅਮਨ ਤੇ ਕਾਨੂੰਨ ਦੀ ਸਥਿੱਤੀ 'ਚ ਵੱਡਾ ਸੁਧਾਰ ਆਵੇਗਾ ਤੇ ਆਮ ਲੋਕ, ਅਮਨ ਚੈਨ ਨਾਲ ਆਪਣਾ ਸੁਖਦਾਈ ਜੀਵਨ ਬਸਰ ਕਰ ਸਕਣਗੇ ਪਰ ਉਸਦੇ ਬਿਲਕੁਲ ਉਲਟ ਸਗੋਂ ਮੁੱਖ ਮੰਤਰੀ ਦਾ ਆਪਣਾ ਗ੍ਰਹਿ ਜ਼ਿਲ੍ਹਾ ਪਟਿਆਲਾ ਹੀ ਜੁਰਮ ਤੇ ਅਪਰਾਧਾਂ ਦੀ ਰਾਜਧਾਨੀ ਬਣ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ, ਪਟਿਆਲਾ ਦੇ ਅਵਾਮ ਨੂੰ ਜਵਾਬ ਦੇਣਾ ਬਣਦਾ ਹੈ ਕਿ ਹਰ ਤਰ੍ਹਾਂ ਦੇ ਅਪਰਾਧਾਂ ਦੀਆਂ ਗਤੀਵਿਧੀਆਂ ਇਸ ਜ਼ਿਲ੍ਹੇ 'ਚ ਹੀ ਵੱਡੀਆਂ ਸਰਗਰਮੀਆਂ ਕਿਊਂ ਫੜ ਰਹੀਆਂ ਹਨ। ਨਕਲੀ ਦੁੱਧ ਤੇ ਨਕਲੀ ਦੁੱਧ ਤੋਂ ਤਿਆਰ ਕੀਤੇ ਜਾਣ ਵਾਲੇ ਪਦਾਰਥਾਂ ਦਾ ਪੰਜਾਬ ਦਾ ਸਭ ਤੋਂ ਵੱਡਾ ਕਾਰੋਬਾਰ ਇਸ ਜ਼ਿਲ੍ਹੇ ਦੇ ਦੇਵੀਗੜ੍ਹ ਕਸਬੇ 'ਚ ਬੜੀ ਬੇਬਾਕੀ ਨਾਲ ਚੱਲ ਰਿਹਾ ਸੀ। ਹੁਣ ਨਕਲੀ ਸ਼ਰਾਬ ਬਣਾਊਣ ਦਾ ਇਕ ਵੱਡਾ ਕਾਰਖਾਨਾ ਰਾਜਪੁਰੇ ਦੇ ਨੇੜਲੇ ਪਿੰਡ ਤੋਂ ਫੜਿਆ ਗਿਆ ਹੈ, ਜਿੱਥੇ ਨਜਾਇਜ਼ ਸ਼ਰਾਬ ਦਾ ਕਰੋੜਾਂ ਰੁਪਏ ਦਾ ਕਾਰੋਬਾਰ, ਜਰਨੈਲੀ ਸੜਕ ਦੇ ਨਜ਼ਦੀਕ ਇਕ ਬੰਦ ਪਏ ਕੋਲਡਸਟੋਰ 'ਚ ਇਕ ਕਾਂਗਰਸ ਪਾਰਟੀ ਦੇ ਲੀਡਰ ਵੱਲੋਂ ਚਲਾਇਆ ਜਾ ਰਿਹਾ ਸੀ। ਇਸੇ ਤਰ੍ਹਾਂ ਰਾਜਪੁਰੇ 'ਚ ਹੀ ਹੁੱਕਾ ਪਾਰਟੀ ਦੇ ਨਾਮ ਹੇਠ ਸੱਟਾ ਅਤੇ ਜੂਏਬਾਜ਼ੀ ਦਾ ਇਕ ਵੱਡਾ ਅੱਡਾ, ਕਾਂਗਰਸ ਪਾਰਟੀ ਦੇ ਇਕ ਐੱਮ.ਐੱਲ. ਏ ਦੇ ਲੜਕੇ ਵੱਲੋਂ ਕਥਿਤ ਤੌਰ ਤੇ ਚਲਾਇਆ ਜਾ ਰਿਹਾ ਸੀ। ਪਟਿਆਲਾ ਸ਼ਹਿਰ 'ਚ ਹੀ ਮਹਿੰਦਰਾ ਕਾਲਜ ਦੇ ਐਨ ਅਗਾੜੀਓਂ ਇਕ ਵੱਡੀ ਨਜਾਇਜ਼ ਤੇਜ਼ਾਬਤੇ ਰਸਾਇਣਿਕ ਪਦਾਰਥਾਂ ਦੀ ਫੈਕਟਰੀ ਫੜੀ ਗਈ ਹੈ।
ਪਤਾ ਲੱਗਿਆ ਹੈ ਕਿ ਨਕਲੀ ਦੁੱਧ ਤੇ ਨਕਲੀ ਦੁੱਧ ਤੋਂ ਤਿਆਰ ਕੀਤੇ ਜਾਣ ਵਾਲੇ ਪਦਾਰਥਾਂ ਦੀ ਫੈਕਟਰੀ ਹੁਣ ਫਿਰ ਦੁਬਾਰਾ ਇਸ ਜ਼ਿਲ੍ਹੇ ਦੇ ਦੇਵੀਗੜ੍ਹ ਕਸਬੇ 'ਚ ਬੜੀ ਬੇਬਾਕੀ ਨਾਲ ਚੱਲ ਰਹੀ ਹੈ। ਪੰਜਾਬ ਦੇ ਸਿਹਤ ਵਿਭਾਗ ਨੇ ਕਰਫਿਊ ਦੌਰਾਨ ਜ਼ਿਲ੍ਹਾ ਪਟਿਆਲਾ 'ਚ ਕਿਤੇ ਵੀ ਛਾਪਾਮਾਰੀ ਕਰਕੇ ਨਕਲੀ ਦੁੱਧ ਅਤੇ ਨਕਲੀ ਦੁੱਧ ਤੋਂ ਤਿਆਰ ਕੀਤੇ ਜਾਣ ਵਾਲੇ ਨਕਲੀ ਪਦਾਰਥਾਂ ਦੇ ਸੈਂਪਲ ਨਹੀਂ ਭਰੇ, ਬਹਾਨਾ ਕੇਵਲ ਇਹ ਕਿ ਸਮੁੱਚਾ ਵਿਭਾਗ ਕੋਵਿਡ-19 ਮਹਾਂਮਾਰੀ ਨਾਲ ਜੂਝ ਰਿਹਾ ਹੈ। ਇਨ੍ਹਾਂ ਸਾਰੇ ਅਵੈਧ ਕਾਰੋਬਾਰਾਂ 'ਚ 'ਮੋਤੀ ਬਾਗ' ਦੀ ਬੜੀ ਬਦਨਾਮੀ ਹੋ ਰਹੀ ਹੈ। ਆਮ ਲੋਕਾਂ 'ਚ ਸਰਗੋਸ਼ੀਆਂ ਹਨ ਕਿ ਇਨ੍ਹਾਂ ਸਾਰੇ ਅਵੈਧ ਧੰਦਿਆਂ 'ਚ ਮੁਲੱਵਸ ਅਪਰਾਧੀਆਂ ਦੀ ਪੁਸ਼ਤ-ਪਨਾਹੀ ਕਿਤੇ ਨਾ ਕਿਤੇ ਮੋਤੀ ਬਾਗ ਦੇ ਦਲਾਲਾਂ ਰਾਹੀਂ ਹੀ ਹੋ ਰਹੀ ਹੈ, ਏਹੀ ਕਾਰਨ ਹੈ ਕਿ ਸਾਰੇ ਵੱਡੇ ਅਪਰਾਧੀ ਕਾਨੂੰਨ ਦੇ ਸ਼ਕੰਜੇ 'ਚੋਂ ਬਚ ਨਿਕਲਦੇ ਹਨ ਤੇ ਗੱਲ ਕਿਸੇ ਤਣ-ਪੱਤਣ ਨਹੀਂ ਲਗਦੀ, ਬਾਵਜੂਦ ਇਸ ਆਮ ਪ੍ਰਭਾਵ ਦੇ ਕਿ ਜ਼ਿਲ੍ਹੇ ਦੇ ਪੁਲਸ ਮੁਖੀ ਸਰਦਾਰ ਮਨਦੀਪ ਸਿੰਘ ਸਿੱਧੂ ਅਤੇ ਪਟਿਆਲਾ ਜ਼ੋਨ ਦੇ ਆਈ. ਜੀ. ਸਰਦਾਰ ਜਤਿੰਦਰ ਸਿੰਘ ਔਲਖ ਬੜੇ ਇਮਾਨਦਾਰ ਵਿਅਕਤੀ ਹਨ।
ਮੈਂ ਸਾਰੇ ਉੱਚ ਪੁਲਸ ਪ੍ਰਸਾਸ਼ਨ ਨੂੰ ਖਬਰਦਾਰ ਕਰਨਾ ਚਾਹੁੰਦਾ ਹਾਂ ਕਿ ਉਹ ਇਸ ਗੱਲੋਂ ਮੁਸਤੈਦ ਰਹਿਣ ਕਿ ਬਦਲੀਆਂ ਹੋਈਆਂ ਪਰਸਥਿੱਤੀਆਂ 'ਚ ਭ੍ਰਿਸ਼ਟ ਸਿਅਸਤਦਾਨਾ, ਅਪਰਾਧਕ ਮਾਫੀਏ ਦੇ ਮੋਹਰੀ ਘੋੜਿਆਂ ਅਤੇ ਵੇਲ਼ਾ ਵਿਹਾ ਚੁੱਕੇ ਸ਼ਾਹੀ ਕਿਰਦਾਰਾਂ ਨੇ ਜਾਂ ਤਾਂ ਨੱਸ ਜਾਣਾਂ ਹੈ ਜਾਂ ਪਾੜੇ ਬਦਲ ਲੈਣੇ ਹਨ ਤੇ ਜਾਂ ਆਪਣੀਆਂ ਅਵੈਧ ਦੌਲਤਾਂ ਰਾਹੀਂ, ਕਾਨੂੰਨ ਨਾਲ ਅਤੇ ਅਦਾਲਤੀ ਪਰਿਕਿਰਿਆਵਾਂ ਨਾਲ ਹਟਕੋਲੀਆਂ ਖੇਡ ਤੇ ਅੱਖ-ਮੁਟੱਕੇ ਮਾਰ ਕੇ ਆਪਣਾ ਕੋਈ ਨਾ ਕੋਈ ਬਚਾਅ ਕਰ ਲੈਣਾ ਹੈ, ਪਰ ਕਾਨੂੰਨ ਦੇ ਕਟਿਹਰੇ 'ਚ ਤਾਂ ਅੰਤ ਨੂੰ ਜਵਾਬਦੇਹੀ ਪੁਲਸ ਦੇ ਖਾਖੀ ਵਰਦੀਧਾਰੀ ਅਫ਼ਸਰਾਂ ਅਤੇ ਕਰਮਚਾਰੀਆਂ ਦੀ ਬਣਨੀ ਹੈ।


KamalJeet Singh

Content Editor

Related News