CM ਚੰਨੀ ਨੇ ਸਾਬਤ ਕੀਤਾ ਕਿ ਉਹ ‘ਰਬੜ ਦੀ ਸਟੈਂਪ’ ਨਹੀਂ
Tuesday, Dec 21, 2021 - 11:09 AM (IST)
ਚੰਡੀਗੜ੍ਹ(ਬਿਊਰੋ): ਬਿਕਰਮ ਮਜੀਠੀਆ ਖ਼ਿਲਾਫ਼ ਪਰਚਾ ਹੋਣਾ ਜਿੱਥੇ ਸਮੁੱਚੀ ਕਾਂਗਰਸ ਲਈ ਰਾਹਤ ਤੇ ਸਕੂਨ ਦੀ ਖ਼ਬਰ ਹੈ ਉੱਥੇ ਹੀ ਮੁੱਖ ਮੰਤਰੀ ਚੰਨੀ ਨੇ ਵੀ ਆਪਣੇ ਉੱਪਰ ਲੱਗੇ 'ਰਬੜ ਦੀ ਸਟੈਂਪ' ਹੋਣ ਦੇ ਦੋਸ਼ ਨੂੰ ਧੋ ਲਿਆ ਹੈ। ਸਿਆਸੀ ਮਾਹਿਰ ਮੰਨਦੇ ਹਨ ਕਿ ਇੱਕ ਪਾਸੇ ਜਿੱਥੇ ਕੈਪਟਨ ਵੱਲੋਂ ਇਸ ਮਾਮਲੇ ‘ਚ ਪੂਰੀ ਕਾਂਗਰਸ ਵੱਲੋਂ ਰੌਲਾ ਪਾਉਣ ਦੇ ਬਾਵਜੂਦ ਕੁਝ ਨਹੀਂ ਕੀਤਾ ਗਿਆ ਸੀ ਉੱਥੇ ਹੀ ਚੰਨੀ ਦੇ ਮੁੱਖ ਮੰਤਰੀ ਹੁੰਦਿਆਂ, ਡੀਜੀਪੀ ਸਹੋਤਾ ਦੇ ਬਦਲੇ ਜਾਣ ਦੇ ਬਾਅਦ ਵੀ ਇਹ ਪਰਚਾ ਦਰਜ ਹੋ ਜਾਣਾ, ਚੰਨੀ ਦੀ ਸਿਆਸੀ ਸਾਖ ਨੂੰ ਮਜਬੂਤ ਕਰੇਗਾ। ਉੱਧਰ ਸਿੱਧੂ, ਰੰਧਾਵਾ ਤੇ ਹੋਰ ਲੀਡਰ ਵੀ ਇਸ ਪਰਚੇ ਨੂੰ ਆਪਣੀ ਪ੍ਰਾਪਤੀ ਸਮਝਣਗੇ ਤੇ ਲੋਕਾਂ ਨਾਲ ਕੀਤੀ ਹੋਈ ਜ਼ੁਬਾਨ 'ਤੇ ਖਰ੍ਹੇ ਉਤਰਨ ਦਾ ਦਾਅਵਾ ਠੋਕਣਗੇ।ਇਸਦਾ ਸਿਆਸੀ ਲਾਹਾ ਕਿਸਨੂੰ ਹੋਵੇਗਾ ਜਾਂ ਫਿਰ ਨੁਕਸਾਨ ਕਿਸਨੂੰ ਹੋਵੇਗਾ, ਇਹ ਮਜੀਠੀਆ ਖ਼ਿਲਾਫ਼ ਕੀਤੀ ਜਾਂਦੀ ਕਾਰਵਾਈ ਅਤੇ ਦੋਸ਼ਾਂ ਦੇ ਸਾਬਤ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਧਮਾਕਾ ਕਰਨ ਦੀ ਰੌਂਅ 'ਚ ਭਾਜਪਾ, ਬਦਲਣਗੇ ਸਿਆਸੀ ਸਮੀਕਰਨ
ਕੀ ਹੋ ਸਕੇਗੀ ਮਜੀਠੀਆ ਦੀ ਗ੍ਰਿਫ਼ਤਾਰੀ !
ਹਾਲਾਂਕਿ ਪੁਲਸ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਕਰ ਪਾਏਗੀ ਜਾਂ ਨਹੀਂ, ਇਹ ਵੀ ਇੱਕ ਵੱਡਾ ਸਵਾਲ ਤੇ ਚੁਣੌਤੀ ਰਹੇਗੀ ਕਿਉਂਕਿ ਅਕਾਲੀ ਦਲ ਪਹਿਲਾਂ ਤੋਂ ਹੀ ਸਾਫ਼ ਕਰ ਚੁੱਕਾ ਸੀ ਕਿ ਹੁਣ ਤੱਕ ਕਿਸੇ ਵੀ ਅਦਾਲਤ ਨੇ ਉਹਨਾ ਖ਼ਿਲਾਫ਼ ਕੋਈ ਵੀ ਦੋਸ਼ ਸਾਬਤ ਨਹੀਂ ਕੀਤਾ ਹੈ ਜਦਕਿ ਕਾਂਗਰਸ ਬਦਲਾਖੋਰੀ ਦੀ ਰਾਜਨੀਤੀ ਤਹਿਤ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਸਕਦੀ ਹੈ। ਅਜਿਹੇ ‘ਚ ਕਿਹਾ ਜਾ ਰਿਹੈ ਹੈ ਕਿ ਜਾਂ ਤਾਂ ਬਿਕਰਮ ਮਜੀਠੀਆ ਬਾਹਰੀ ਤੌਰ ‘ਤੇ ਜ਼ਮਾਨਤ ਲੈ ਲੈਣਗੇ ਤੇ ਜਾਂ ਫਿਰ ਉੁਹ ਕਿਸੇ ਬਾਹਰੀ ਸਟੇਟ ‘ਚ ਆਪਣੇ ਸਿਆਸੀ ਦੋਸਤਾਂ ਕੋਲ ਰਹਿ ਕੇ ਜਿੱਥੇ ਗ੍ਰਿਫ਼ਤਾਰੀ ਤੋਂ ਬਚਣਗੇ ਉੱਥੇ ਹੀ ਕੇਸ ਦੀ ਪੈਰਵਾਈ ਵੀ ਕਰਨਗੇ। ਚਰਚਾ ਹੈ ਕਿ ਅਕਾਲੀ ਦਲ ਇਸ ਮਾਮਲੇ ‘ਤੇ ਵੱਡਾ ਸਟੈਂਡ ਲੈ ਸਕਦਾ ਹੈ ਤੇ ਪੰਜਾਬ ਦੀ ਰਾਜਨੀਤੀ ਸਰਗਰਮ ਹੋ ਸਦਕੀ ਹੈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਭਖੇਗਾ ਸਿਆਸੀ ਮੈਦਾਨ, ਨਵਜੋਤ ਸਿੱਧੂ ਨੇ ਨਵਤੇਜ ਚੀਮਾ ਨੂੰ ਦਿੱਤਾ ਥਾਪੜਾ
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਤੋਂ ਹੀ ਇਹ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਝੂਠੇ ਕੇਸ ’ਚ ਫਸਾਉਣ ਦੀ ਤਿਆਰੀ ਹੈ।ਉਨ੍ਹਾਂ ਕਿਹਾ ਸੀ ਕਿ ਸਾਡੇ ਕੋਲ ਪੱਕੀ ਖ਼ਬਰ ਹੈ ਕਿ ਮੁੱਖ ਮੰਤਰੀ ਚੰਨੀ ਨੇ ਡੀ. ਜੀ. ਪੀ. ਨੂੰ ਮਜੀਠੀਆ ਦੇ ਖ਼ਿਲਾਫ਼ ਝੂਠਾ ਕੇਸ ਦਰਜ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ ਅਤੇ ਇਹ ਸਭ ਮੁੱਖ ਮੰਤਰੀ ਦੀ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਹੋਈ ਮੀਟਿੰਗ ਤੋਂ ਬਾਅਦ ਕੀਤਾ ਗਿਆ ਹੈ।
ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।