ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
Sunday, Dec 26, 2021 - 10:59 PM (IST)
ਫ਼ਤਹਿਗੜ੍ਹ ਸਾਹਿਬ- ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅੱਜ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਾਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਦੇ ਦੂਜੇ ਦਿਨ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ ਸਾਹਿਬ ਵਿਖੇ ਨਤਸਮਤਕ ਹੋਏ। ਇਸ ਦੌਰਾਨ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ਹੀਦਾਂ ਦੀ ਇਸ ਮਹਾਨ ਧਰਤੀ, ਫ਼ਤਹਿਗੜ ਸਾਹਿਬ ਵਿਖੇ ਉਸ ਮਹਾਨ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੀ ਯਾਦਗਾਰ ਬਣਾਈ ਜਾਵੇਗੀ। ਉਨਾਂ ਦੱਸਿਆ ਕਿ ਬਾਬਾ ਸੰਗਤ ਸਿੰਘ ਜੀ ਨੂੰ ਚਮਕੌਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਸਮਝ ਕੇ ਸ਼ਹੀਦ ਕੀਤਾ ਗਿਆ ਸੀ ਅਤੇ ਉਨਾਂ ਦੀ ਦੇਹ ਨੂੰ ਚਮਕੌਰ ਸਾਹਿਬ ਤੋਂ ਇੱਥੇ ਲਿਆਂਦਾ ਗਿਆ ਸੀ। ਉਨਾਂ ਕਿਹਾ ਕਿ ਸ਼ਹੀਦਾਂ ਦੀ ਇਸ ਮਹਾਨ ਧਰਤੀ ਦਾ ਜਿੰਨਾ ਵੀ ਸਤਿਕਾਰ ਅਤੇ ਨਮਨ ਕੀਤਾ ਜਾਵੇ, ਉਹ ਘੱਟ ਹੈ।
ਇਹ ਵੀ ਪੜ੍ਹੋ- ਕੋਰੋਨਾ ਆਫ਼ਤ ਦਰਮਿਆਨ ਐਕਸ਼ਨ 'ਚ ਕੇਜਰੀਵਾਲ ਸਰਕਾਰ, ਦਿੱਲੀ 'ਚ ਕੱਲ ਤੋਂ ਲੱਗੇਗਾ ਨਾਈਟ ਕਰਫ਼ਿਊ
ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ, ਜਿੱਥੋਂ ਉਹ ਵਿਧਾਨ ਸਭਾ ‘ਚ ਨੁਮਾਇੰਗੀ ਕਰਦੇ ਹਨ, ਉੱਥੇ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ ਅਤੇ ਸ੍ਰੀ ਫ਼ਤਹਿਗੜ ਸਾਹਿਬ ਵਿਖੇ ਦਸਮੇਸ਼ ਪਿਤਾ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ, ਇਸ ਲਈ ਇਨਾਂ ਦੋਵਾਂ ਥਾਂਵਾਂ ਦਾ ਵੱਡਾ ਰਿਸ਼ਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਪੰਜਾਬ ਸਰਕਾਰ ਨੇ ਦੋਵਾਂ ਥਾਵਾਂ ਨੂੰ ਆਪਸ ‘ਚ ਜੋੜਦੇ ਹੋਏ, ਇੱਥੋਂ ਸਰਹਿੰਦ ਵਾਲੀ ਜੀ.ਟੀ. ਰੋਡ ਤੋਂ ਅੱਗੇ ਚਮਕੌਰ ਸਾਹਿਬ ਤੱਕ ਹੁਸ਼ਿਆਰਪੁਰ ਵਾਲੀ ਮੁੱਖ ਸੜਕ ਨੂੰ ਆਪਸ ‘ਚ ਜੋੜਦੇ ਹੋਏ ਬਣਾਏ ਜਾਣ ਵਾਲੇ ਸਰਕਟ ਦਾ ਨਾਮ ਮਾਤਾ ਗੁਜਰੀ ਜੀ ਮਾਰਗ ਰੱਖਿਆ ਹੈ ਅਤੇ ਇਸ ਨੂੰ ਰਾਸ਼ਟਰੀ ਮਾਰਗ ਬਣਾਉਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ। ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਲਾਮਿਸਾਲ ਅਤੇ ਅੱਜ ਉਹ ਮਹਾਨ ਸ਼ਹੀਦਾਂ ਨੂੰ ਨਮਨ ਕਰਨ ਅਤੇ ਆਪਣੀ ਸ਼ਰਧਾ ਭੇਟ ਕਰਨ ਆਏ ਹਨ। ਉਨਾਂ ਕਿਹਾ ਕਿ ਗੁਰੂ ਸਾਹਿਬ ਨੇ ਮਾਨਵਤਾ ਦੀ ਭਲਾਈ ਲਈ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ, ਜਿਸ ਦੀ ਦੁਨੀਆਂ ‘ਚ ਕੋਈ ਹੋਰ ਮਿਸਾਲ ਨਹੀਂ ਮਿਲਦੀ।
ਇਹ ਵੀ ਪੜ੍ਹੋ- CM ਚੰਨੀ ਨੇ ਡੇਰਾ ਬਾਬਾ ਮੁਰਾਦ ਸ਼ਾਹ ਤੇ ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਵਿਖੇ ਟੇਕਿਆ ਮੱਥਾ
ਪੱਤਰਕਾਰਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਪ੍ਰਕਿ੍ਰਆ ਸ਼ੁਰੂ ਕਰ ਦਿੱਤੀ ਹੈ ਅਤੇ ਰਿਹਾਈ ਕਰ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਇਸ ਦੌਰਾਨ ਪੰਗਤ ਵਿੱਚ ਬੈਠਕੇ ਲੰਗਰ ਛਕਿਆ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਲੰਗਰਾਂ ਵਿੱਚ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ।
ਇਸ ਦੌਰਾਨ ਮੁੱਖ ਮੰਤਰੀ ਦੇ ਨਾਲ ਹਲਕਾ ਫ਼ਤਹਿਗੜ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਅਤੇ ਵਿਧਾਇਕ ਨਾਗਰਾ ਦੇ ਸੁਪਤਨੀ ਮਨਦੀਪ ਕੌਰ ਨਾਗਰਾ, ਜ਼ਿਲਾ ਕਾਂਗਰਸ ਪ੍ਰਧਾਨ ਸੁਭਾਸ਼ ਸੂਦ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਐਸ.ਐਸ.ਪੀ. ਸੰਦੀਪ ਗੋਇਲ, ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।