ਅੰਮ੍ਰਿਤਸਰ ਪਹੁੰਚੇ CM ਚੰਨੀ ਨੇ ਵਪਾਰੀਆਂ ਲਈ ਕੀਤੇ ਵੱਡੇ ਐਲਾਨ, ਪਾਕਿ ਨਾਲ ਵਪਾਰ ਖੋਲ੍ਹਣ ਦੀ ਕੀਤੀ ਮੰਗ
Monday, Dec 06, 2021 - 05:40 PM (IST)
ਅੰਮ੍ਰਿਤਸਰ (ਬਿਊਰੋ)-ਗੁਰੂ ਕੀ ਨਗਰੀ ਅੰਮ੍ਰਿਤਸਰ ’ਚ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਪਾਰੀਆਂ ਨਾਲ ਵੱਡੇ ਐਲਾਨ ਕੀਤੇ। ਇਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪਾਕਿਸਤਾਨ ਨਾਲ ਵਪਾਰ ਖੁੱਲ੍ਹਣਾ ਚਾਹੀਦਾ ਹੈ ਤੇ ਇਸ ਨੂੰ ਲੈ ਕੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਣਗੇ ਤੇ ਖੁਦ ਵੀ ਮਿਲਣਗੇ। ਉਨ੍ਹਾਂ ਕਿਹਾ ਕਿ ਵਪਾਰ ’ਚ ਰਾਜਨੀਤੀ ਨਹੀਂ ਹੋਣੀ। ਜੇ ਸਮੁੰਦਰ ਰਸਤੇ ਵਪਾਰ ਹੋ ਸਕਦਾ ਹੈ ਤਾਂ ਸੜਕ ਜ਼ਰੀਏ ਕਿਉਂ ਨਹੀਂ। ਵਪਾਰ ਖੁੱਲ੍ਹਣ ਨਾਲ ਦੋਵਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅਸੀਂ 14 ਮੋਬਾਇਲ ਸਕੁਐਡ ਦੀ ਥਾਂ 4 ਹੀ ਕਰ ਦਿੱਤੇ ਹਨ, ਉਨ੍ਹਾਂ ਦਾ ਨਾਜਾਇਜ਼ ਪ੍ਰੈਸ਼ਰ ਨਹੀਂ ਹੋਵੇਗਾ। ਜਿਹੜੇ ਵਪਾਰੀ ਸਹੀ ਕੰਮ ਕਰਦੇ ਹਨ, ਉਨ੍ਹਾਂ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੰਸਪੈਕਟਰ ਰਾਜ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਪਾਰੀਆਂ ਲਈ ਸਹੀ ਅਰਥਾਂ ’ਚ ਸਿੰਗਲ ਵਿੰਡੋ ਬਣਾਵਾਂਗੇ ਤੇ ਇਕ ਹੀ ਅਧਿਕਾਰੀ ਨੂੰ ਸਾਰੇ ਅਧਿਕਾਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਫੇਸਲੈੱਸ ਸਿਸਟਮ ਡਿਵੈੱਲਪ ਕਰਨਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ : ਮਾਈਨਿੰਗ ਸਾਈਟ ਮਾਮਲੇ ਨੂੰ ਲੈ ਕੇ ਕੇਜਰੀਵਾਲ ਦਾ ਟਵੀਟ, CM ਚੰਨੀ ’ਤੇ ਚੁੱਕੇ ਵੱਡੇ ਸਵਾਲ
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅਸੀਂ ਵੈਟ ਵਿਵਾਦ ਦੇ 40 ਹਜ਼ਾਰ ਕੇਸ ਖ਼ਤਮ ਕਰ ਦਿੱਤੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡਾ ਦਿੱਲੀ ਨਾਲ ਕੋਈ ਮੁਕਾਬਲਾ ਨਹੀਂ ਕਿਉਂਕਿ ਉਥੇ ਵਪਾਰੀਆਂ ਨੂੰ ਬਿਜਲੀ ਮਹਿੰਗੀ ਮਿਲਦੀ ਹੈ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ’ਚ ਆ ਗਈ ਤਾਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦੌਰਾਨ ਉਨ੍ਹਾਂ ਪੜ੍ਹਾਈ ਨੂੰ ਲੈ ਕੇ ਬੋਲਦਿਆਂ ਕਿਹਾ ਕਿ ਇੰਡਸਟਰੀ ਦੇ ਮੁਤਾਬਕ ਪੜ੍ਹਾਈ ’ਚ ਬਦਲਾਅ ਦੀ ਲੋੜ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਚੰਡੀਗੜ੍ਹ ’ਚ 200 ਏਕੜ ’ਚ ਫਿਲਮ ਸਿਟੀ ਬਣਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ’ਚ 10 ਏਕੜ ਦਾ ਐਗਜ਼ੀਬਿਸ਼ਨ ਸੈਂਟਰ ਬਣਾਇਆ ਜਾਵੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ