ਮਹਿਲਾਵਾਂ ਨੂੰ ਛੇੜਨ ਵਾਲਾ CM ਚੰਨੀ ਬਸਪਾ ਨੂੰ ਸਵੀਕਾਰ ਨਹੀਂ : ਜਸਵੀਰ ਗੜ੍ਹੀ
Monday, Sep 20, 2021 - 09:01 PM (IST)
ਜਲੰਧਰ (ਰਾਹੁਲ ਕਾਲਾ) - ਕਾਂਗਰਸ ਵੱਲੋਂ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਲਗਉਣ 'ਤੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਗੜ੍ਹੀ ਨੇ ਸਵਾਲ ਖੜ੍ਹੇ ਕੀਤੇ ਹਨ। ਜਸਵੀਰ ਸਿੰਘ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਗਾਉਣਾ ਕਾਂਗਰਸ ਦਾ ਮਹਿਜ਼ ਇੱਕ ਸਿਆਸੀ ਸਟੰਟ ਹੈ। ਗੜ੍ਹੀ ਨੇ ਕਿਹਾ ਕਿ ਦਲਿਤ ਲੋਕਾਂ ਦੀਆਂ ਵੋਟਾਂ ਦੀ ਭਾਲ ਵਿੱਚ ਕਾਂਗਰਸ ਵੱਡੀ ਭੁੱਲ ਕਰ ਗਈ ਹੈ। ਜੇਕਰ ਸੱਚ ਵਿੱਚ ਕਾਂਗਰਸ ਦਲਿਤਾਂ ਦੀ ਆਵਾਜ਼ ਉਠਾਉਣਾ ਚਾਹੁੰਦੀ ਤਾਂ ਮੁੱਖ ਮੰਤਰੀ 5 ਸਾਲ ਲਈ ਲਾਉਣਾ ਸੀ। ਹੁਣ ਜਦੋਂ ਵਿਧਾਨ ਸਭਾ ਚੋਣਾਂ ਨੂੰ ਚਾਰ ਮਹੀਨੇ ਦਾ ਸਮਾਂ ਬਚਿਆ ਹੈ ਅਜਿਹੇ ਵਿੱਚ ਦਲਿਤ ਸੀ. ਐੱਮ ਲਗਾਉਣ ਦਾ ਕੋਈ ਤੱਥ ਨਹੀਂ ਰਹਿੰਦਾ। ਜਸਵੀਰ ਗੜ੍ਹੀ ਨੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਗੁਜਾਰੀ 'ਤੇ ਸਵਾਲ ਵੀ ਖੜ੍ਹੇ ਕੀਤੇ। ਗੜ੍ਹੀ ਨੇ ਕਿਹਾ ਕਿ ਅੱਜ ਪੰਜਾਬ ਅਜਿਹੇ ਮਾੜੇ ਦਿੰਨਾਂ ਵਿੱਚੋਂ ਗੁਜ਼ਰ ਰਿਹਾ ਹੈ ਕਿ ਜਿਸ ਵਿਅਕਤੀ 'ਤੇ ਬਤੌਰ ਕੈਬਿਨੇਟ ਦਾ ਮੰਤਰੀ ਰਹਿੰਦੇ ਮਹਿਲਾ ਅਫ਼ਸਰ ਨੂੰ ਅਸ਼ਲੀਲ ਮੈਸਜ ਭੇਜਣ ਦੇ ਇਲਜ਼ਾਮ ਲੱਗੇ ਹੋਣ ਉਸ ਨੂੰ ਮੁੱਖ ਮੰਤਰੀ ਬਣਾਉਨਾ ਕਾਂਗਰਸ ਲਈ ਬਹੁਤ ਮੰਦਭਾਗਾ ਹੈ। ਜਸਵੀਰ ਗੜ੍ਹੀ ਨੇ ਸੋਸ਼ਲ ਮੀਡੀਆ 'ਤੇ ਚਰਨਜੀਤ ਸਿੰਘ ਚੰਨੀ ਦੀ ਵਾਇਰਲ ਹੋ ਰਹੀ ਇੱਕ ਫੋਟੋ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਅਤੇ ਕਾਂਗਰਸ ਨੂੰ ਘੇਰਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ- ਕਾਂਗਰਸ ਦੇ ਚੋਣ ਮਨੋਰਥ ਪੱਤਰ ਦੇ ਸਾਰੇ ਵਾਅਦੇ ਪੂਰੇ ਕਰਨ ਚਰਨਜੀਤ ਸਿੰਘ ਚੰਨੀ : ਹਰਪਾਲ ਚੀਮਾ
ਜਸਵੀਰ ਗੜ੍ਹੀ ਨੇ ਕਿਹਾ ਕਿ ਕਾਂਗਰਸ ਇਸ ਸਮੇਂ ਬਸਪਾ ਅਤੇ ਅਕਾਲੀ ਦਲ ਤੋਂ ਬੋਖਲਾ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਗਲੇ ਵਿੱਚ ਦੋ ਫੰਦੇ ਲਟਕੇ ਹੋਏ ਹਨ। ਇੱਕ ਤਾਂ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦੇ ਗੱਠਜੋੜ, ਦੂਸਰਾ ਕਾਂਗਰਸ ਅੰਦਰ ਪੈਦਾ ਹੋਏ ਕਾਟੋ ਕਲੇਸ਼ ਕਾਰਨ ਹੀ ਦਲਿਤ ਨੂੰ ਮੁੱਖ ਮੰਤਰੀ ਬਣਾਇਆ ਹੈ। ਇਸ ਤੋਂ ਇਲਾਵਾ ਜਸਵੀਰ ਗੜ੍ਹੀ ਨੇ ਪੰਜਾਬ ਕਾਂਗਰਸ ਪ੍ਰਧਾਨ 'ਤੇ ਤੰਜ ਕੱਸਦੇ ਹੋਏ ਨਵਜੋਤ ਸਿੱਧੂ ਨੂੰ ਅੜਿੱਕਾ ਕਰਾਰ ਦਿੱਤਾ। ਗੜ੍ਹੀ ਨੇ ਕਿਹਾ ਕਿ ਸਿੱਧੂ ਪਹਿਲਾ ਕੈਪਟਨ ਅਮਰਿੰਦਰ ਸਿੰਘ ਅੱਗੇ ਅੜਿੱਕਾ ਬਣੇ, ਫਿਰ ਸੁਨੀਲ ਜਾਖੜ, ਫਿਰ ਸੁਖਜਿੰਦਰ ਰੰਧਾਵਾ ਲਈ ਅੜਿੱਕਾ ਬਣ ਕੇ ਆਏ।
ਇਹ ਵੀ ਪੜ੍ਹੋ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਨਿਸ਼ਾਨੇ ’ਤੇ ਆਏ ਪੰਜਾਬ ਦੇ ਨਵੇਂ CM ਚੰਨੀ
ਇਸ ਤੋਂ ਇਲਾਵਾ ਜਸਬੀਰ ਗੜ੍ਹੀ ਨੇ ਕਿਹਾ ਕਿ ਕਾਂਗਰਸ ਨੇ 1947 ਤੋਂ ਬਾਅਦ ਕਿਸੇ ਵੀ ਸੂੱਬੇ ਵਿੱਚ ਦਲਿਤ ਨੂੰ ਮੁੱਖ ਮੰਤਰੀ ਨਹੀਂ ਬਣਾਇਆ। ਹੁਣ ਪੰਜਾਬ ਵਿੱਚ ਵੋਟਾਂ ਨੁੰ ਸਮਾਂ ਥੋੜ੍ਹਾ ਰਹਿ ਗਿਆ ਹੈ ਤਾਂ ਚਰਨਜੀਤ ਸਿੰਘ ਚੰਨੀ ਨੂੰ ਸੀ.ਐਮ ਬਣਾ ਦਿੱਤਾ। ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਜੇਕਰ ਕੰਮ ਕਰਨ ਵਾਲੇ ਹੋਣ ਤਾਂ 4 ਮਹੀਨਿਆਂ 'ਚ ਕਾਂਗਰਸ ਵੱਲੋਂ ਕੀਤੇ ਵਾਅਦੇ ਪੂਰੇ ਕਰ ਸਕਦੇ ਹਨ। ਜੇਕਰ ਉਹ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਨਿਭਾਅ ਜਾਂਦੇ ਹਨ ਤਾਂ ਬਹੁਜਨ ਸਮਾਜ ਪਾਰਟੀ ਉਨ੍ਹਾਂ ਨੂੰ ਬਤੌਰ ਮੁੱਖ ਮੰਤਰੀ ਸਵਿਕਾਰ ਕਰੇਗੀ। 18 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਹਾਈਕਮਾਨ 'ਤੇ ਖੁੱਦ ਨੂੰ ਬੇਇੱਜਤ ਕਰਨ ਦੇ ਇਲਜ਼ਾਮ ਲਾਉਂਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਸੀਐਮ ਬਣਨ ਨੂੰ ਲੈ ਕੇ ਕਾਫ਼ੀ ਦੌੜ ਲੱਗੀ ਸੀ। ਸਭ ਤੋਂ ਪਹਿਲਾਂ ਸੁਨੀਲ ਜਾਖੜ ਦਾ ਨਾਮ ਸਾਹਮਣੇ ਆ ਰਿਹਾ ਸੀ ਫਿਰ ਇਸ ਰੇਸ ਵਿੱਚ ਸੁਖਜਿੰਦਰ ਰੰਧਾਵਾ ਮੋਹਰੀ ਬਣੇ। ਆਖਰ ਵਿੱਚ ਕਾਂਗਰਸ ਹਾਈਕਮਾਨ ਨੇ ਦਲਿਤ ਕਾਰਡ ਖੇਡਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ। ਜਿਸ 'ਤੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਗੜ੍ਹੀ ਨੇ ਸਵਾਲ ਖੜ੍ਹੇ ਕੀਤੇ ਹਨ।