ਭਗਵੰਤ ਮਾਨ ਦਾ ਵੱਡਾ ਦਾਅਵਾ, ਕਿਹਾ-CM ਚੰਨੀ ਭਦੌੜ ਤੇ ਸ੍ਰੀ ਚਮਕੌਰ ਸਾਹਿਬ ਦੋਵਾਂ ਸੀਟਾਂ ਤੋਂ ਹਾਰਨਗੇ
Saturday, Feb 12, 2022 - 08:31 PM (IST)
ਸੰਗਰੂਰ/ਧੂਰੀ (ਵਿਜੈ ਕੁਮਾਰ ਸਿੰਗਲਾ)-ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਅਤੇ ਵਿਧਾਨ ਸਭਾ ਹਲਕਾ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਨੇ ਅੱਜ ਵਿਧਾਨ ਸਭਾ ਹਲਕਾ ਧੂਰੀ ਅਧੀਨ ਪੈਂਦੇ ਡੇਢ ਦਰਜਨ ਤੋਂ ਵੱਧ ਪਿੰਡਾਂ ’ਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਪੰਜਾਬ ਵਿਧਾਨ ਸਭਾ ਦੀਆਂ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਦੋਵਾਂ ਸੀਟਾਂ ਤੋਂ ਚੋਣ ਬੁਰੀ ਤਰ੍ਹਾਂ ਹਾਰਨਗੇ।ਆਪਣੇ ਚੋਣ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਫੇਕ ਨਿਊਜ਼ ਬਣਾ ਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜੇਕਰ ਪੰਜਾਬ ਅੰਦਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਪੰਜਾਬ ’ਚੋਂ 10 ਸਾਲ ਪੁਰਾਣੀਆਂ ਮੋਟਰ ਗੱਡੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਵਿਰੋਧੀ ਅਤੇ ਸਿਆਸੀ ਪਾਰਟੀਆਂ ਵੱਲੋਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਦਕਿ ਇਸ ਵਿਚ ਕੋਈ ਵੀ ਸੱਚਾਈ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ’ਚੋਂ ਪੁਰਾਣੀਆਂ ਗੱਡੀਆਂ ਬੰਦ ਕਿਉਂ ਕਰਾਂਗੇ, ਜਦਕਿ ਅੱਜ ਵੀ ਦਿੱਲੀ ’ਚ ਪੰਦਰਾਂ ਸਾਲ ਪੁਰਾਣੀਆਂ ਗੱਡੀਆਂ ਚੱਲ ਰਹੀਆਂ ਹਨ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਕੂੜ ਪ੍ਰਚਾਰ ਨੂੰ ਸਮਝਦੇ ਹਨ ਕਿ ਇਹ ਵਿਰੋਧੀ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਵੀ ਅਜਿਹੀਆਂ ਹਰਕਤਾਂ ਕਰ ਰਹੇ ਹਨ।
ਬਾਦਲ ਪਰਿਵਾਰ ’ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ’ਚੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਸਮੇਤ ਉਨ੍ਹਾਂ ਦੇ ਸਕੇ ਰਿਸ਼ਤੇਦਾਰ ਪੰਜ ਵਿਅਕਤੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੇ ਹਨ। ਮਾਨ ਨੇ ਕਿਹਾ ਕਿ ਉਨ੍ਹਾਂ ਦੇ ਸੂਰਜ ਮੱਥੇ ਲੱਗਦਾ ਹੈ ਅਤੇ ਬੱਤੀ ਦੰਦ ਹਨ। ਬਾਦਲ ਪਰਿਵਾਰ ਪੰਜਾਬ ਦੀਆਂ ਪੰਜੇ ਵਿਧਾਨ ਸਭਾ ਸੀਟਾਂ ਤੋਂ ਚੋਣ ਹਾਰਨਗੇ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਸਬੰਧੀ ਬੋਲਦੇ ਹੋਏ ਕਿਹਾ ਕਿ ਗੋਲਡੀ ਅਤੇ ਉਨ੍ਹਾਂ ਦੀ ਪਤਨੀ ਕਹਿੰਦੇ ਹਨ ਕਿ ਉਹ ਅੱਜ ਤੱਕ ਭਗਵੰਤ ਮਾਨ ਨੂੰ ਨਹੀਂ ਮਿਲੇ। ਭਗਵੰਤ ਮਾਨ ਨੇ ਕਿਹਾ ਕਿ 2016 ’ਚ ਦਲਵੀਰ ਸਿੰਘ ਗੋਲਡੀ ਅਤੇ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਚੰਡੀਗਡ਼੍ਹ ਵਿਖੇ ਇਕ ਹੋਟਲ ’ਚ ਮਿਲੇ ਹਨ ਅਤੇ ਦਲਵੀਰ ਸਿੰਘ ਗੋਲਡੀ ਦੀ ਧਰਮ ਪਤਨੀ ਤੇ ਗੋਲਡੀ ਨੇ ਆਪਣਾ ਬਾਇਓਡਾਟਾ ਦਿਖਾਉਂਦੇ ਹੋਏ ਉਨ੍ਹਾਂ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਲਈ ਕਿਹਾ ਸੀ। ਮਾਨ ਨੇ ਕਿਹਾ ਕਿ ਗੋਲਡੀ ਅਤੇ ਉਨ੍ਹਾਂ ਦੀ ਪਤਨੀ ਗੁਰਦੁਆਰਾ ਸਾਹਿਬ ਵਿਚ ਜਾ ਕੇ ਇਹ ਗੱਲ ਕਹਿਣ ਕਿ ਉਹ ਭਗਵੰਤ ਮਾਨ ਨੂੰ ਮਿਲੇ ਹਨ। ਭਗਵੰਤ ਮਾਨ ਨੇ ਕਿਹਾ ਕਿ ਬੇਸ਼ੱਕ ਦਲਵੀਰ ਸਿੰਘ ਗੋਲਡੀ ਉਨ੍ਹਾਂ ਦੇ ਨਿੱਜੀ ਜ਼ਿੰਦਗੀ ਤੇ ਪਰਿਵਾਰ ਬਾਰੇ ਬੋਲ ਰਹੇ ਹਨ ਪਰ ਉਹ ਕਿਸੇ ਵੀ ਉਮੀਦਵਾਰ ਦੀ ਨਿੱਜੀ ਜ਼ਿੰਦਗੀ ਬਾਰੇ ਨਹੀਂ ਬੋਲਣਗੇ।