CM ਚੰਨੀ ਦਾ ਵੱਡਾ ਹਮਲਾ, ਕਿਹਾ-22 ਫਰਵਰੀ ਵਾਲੀ ਪੇਸ਼ੀ ’ਚ ਨਹੀਂ ਬਚਣ ਵਾਲਾ ਮਜੀਠੀਆ
Thursday, Feb 10, 2022 - 04:50 PM (IST)
ਸ਼ਾਹਕੋਟ (ਰਾਹੁਲ ਕਾਲਾ)-ਪੰਜਾਬ ਵਿਧਾਨ ਸਭਾ ਦੀ ਤਾਰੀਖ਼ ਨੇੜੇ ਆਉਂਦਿਆਂ ਹੀ ਚੋਣ ਮਾਹੌਲ ਪੂਰੀ ਤਰ੍ਹਾਂ ਭਖ਼ਿਆ ਹੋਇਆ ਹੈ। ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ’ਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀਆਂ। ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਾਹਕੋਟ ਵਿਧਾਨ ਸਭਾ ਹਲਕੇ ’ਚ ਚੋਣ ਪ੍ਰਚਾਰ ਕਰਦਿਆਂ ਬਿਕਰਮ ਮਜੀਠੀਆ ’ਤੇ ਨਿਸ਼ਾਨਾ ਲਾਇਆ ਕਿ 22 ਫਰਵਰੀ ਨੂੰ ਹੋਣ ਵਾਲੀ ਪੇਸ਼ੀ ’ਚ ਉਹ ਬਚਣ ਵਾਲਾ ਨਹੀਂ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨਾਲ ਮਿਲੇ ਹੋਏ ਸਨ, ਇਸੇ ਕਰਕੇ ਬਿਕਰਮ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸ ਦੌਰਾਨ ਚੰਨੀ ਨੇ ਕਿਹਾ ਕਿ ਅੱਜ ਗ਼ਰੀਬ ਨੂੰ ਕੁਰਸੀ ਮਿਲੀ ਹੈ ਤੇ ਇਸ ਤਰ੍ਹਾਂ ਦਾ ਮੌਕਾ ਮੁੜ ਨਹੀਂ ਮਿਲਣਾ।
ਇਹ ਵੀ ਪੜ੍ਹੋ : ਰਿਟਾਇਰਡ PCS ਇਕਬਾਲ ਸੰਧੂ ਦਾ ਦਾਅਵਾ, ਕਿਹਾ-ਪਰਗਟ ਸਿੰਘ ਦੇ 111 ਦਿਨਾ ਕਾਰਜਕਾਲ ’ਚ ਹੋਏ ਵੱਡੇ ਘਪਲੇ
ਇਸ ਲਈ ਪੰਜਾਬ ਦੇ ਮਿਡਲ ਕਲਾਸ ਤੇ ਗ਼ਰੀਬ ਲੋਕ ਇਹ ਮੌਕਾ ਸਾਂਭ ਲੈਣ। ਇਸ ਦੌਰਾਨ ਉਨ੍ਹਾਂ ਵੱਡਾ ਐਲਾਨ ਕੀਤਾ ਕਿ ਮੁੜ ਕਾਂਗਰਸ ਸਰਕਾਰ ਬਣਨ ’ਤੇ ਛੇ ਮਹੀਨਿਆਂ ’ਚ ਬੇਘਰਿਆਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ। ਉਨ੍ਹਾਂ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਜਨਤਾ ਲਈ ਕੀਤੇ ਕੰਮ ਗਿਣਵਾਏ ਤੇ ਕਿਹਾ ਕਿ ਸ਼ਾਹਕੋਟ, ਪੱਟੀ ਤੇ ਧਰਮਕੋਟ ਹਲਕਿਆਂ ਦੇ ਬਿੱਲ ਸਭ ਤੋਂ ਜ਼ਿਆਦਾ ਮੁਆਫ਼ ਹੋਏ ਹਨ। ਇਸ ਦੌਰਾਨ ਉਨ੍ਹਾਂ ਨਾਲ ਰਾਣਾ ਗੁਰਜੀਤ ਵੀ ਮੌਜੂਦ ਸਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇੰਟੈਲੀਜੈਂਸ ਦੀਆਂ ਰਿਪੋਰਟਾਂ ਅਨੁਸਾਰ ਹਰਦੇਵ ਸਿੰਘ ਲਾਡੀ ਸ਼ਾਹਕੋਟ ਹਲਕੇ ਤੋਂ ਮੁੜ ਜਿੱਤ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਹਰਦੇਵ ਸਿੰਘ ਲਾਡੀ ਨੂੰ ਵਿਧਾਇਕ ਨਹੀਂ ਸਗੋਂ ਕੈਬਨਿਟ ਮੰਤਰੀ ਚੁਣਨਾ ਹੈ।