CM ਮਾਨ ਦਾ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਲੈ ਕੇ ਵੱਡਾ ਬਿਆਨ, 'ਅਜੇ ਤਾਂ ਕਿੱਸੇ ਖੁੱਲ੍ਹਣੇ ਸ਼ੁਰੂ ਹੀ ਹੋਏ, ਹੁਣ ਅੱਗੇ..
Monday, Jan 02, 2023 - 08:50 AM (IST)
ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਜੀਲੈਂਸ ਬਿਊਰੋ ’ਤੇ ਉਨ੍ਹਾਂ ਨੂੰ ਤੰਗ ਕਰਨ ਦੇ ਲਾਏ ਗਏ ਦੋਸ਼ਾਂ ’ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਜੇ ਤਾਂ ਚੰਨੀ ਦੇ ਚਾਹ, ਕਚੌਰੀਆਂ ਅਤੇ ਥਾਲੀਆਂ ਦੇ ਛੋਟੇ-ਮੋਟੇ ਰੋਟਾਂ ਨੂੰ ਹੀ ਖੋਲ੍ਹਿਆ ਗਿਆ ਹੈ। ਅਜੇ ਹੋਰ ਵੀ ਵੱਡੇ-ਵੱਡੇ ਰੇਟਾਂ ਨੂੰ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਦੀ ਸਰਕਾਰ ਖੋਲ੍ਹੇਗੀ ਤਾਂ ਜੋ ਸਾਰੀ ਸੱਚਾਈ ਜਨਤਾ ਦੇ ਸਾਹਮਣੇ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਅਜੇ ਤਾਂ ਕਿੱਸੇ ਖੁੱਲ੍ਹਣੇ ਸ਼ੁਰੂ ਹੀ ਹੋਏ ਹਨ ਅਤੇ ਅੱਗੇ-ਅੱਗੇ ਦੇਖੋ ਹੁੰਦਾ ਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਉਨ੍ਹਾਂ ਦੀ ਸਰਕਾਰ ਨੇ ਜੋ ਸਟੈਂਡ ਲਿਆ ਹੋਇਆ ਹੈ, ਉਸ ’ਤੇ ਉਹ ਅੱਜ ਵੀ ਕਾਇਮ ਹਨ। ਭ੍ਰਿਸ਼ਟਾਚਾਰ ਕਰਕੇ ਜਿਸ ਨੇ ਵੀ ਕਮਾਈ ਕੀਤੀ ਹੈ, ਉਸ ਕੋਲੋਂ ਇਕ-ਇਕ ਪੈਸੇ ਦਾ ਹਿਸਾਬ ਲੈ ਕੇ ਰਹਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਕਮਾਇਆ ਗਿਆ ਪੈਸਾ ਸਰਕਾਰੀ ਖ਼ਜ਼ਾਨੇ ’ਚ ਜਮ੍ਹਾਂ ਕਰਵਾਇਆ ਜਾਵੇਗਾ ਅਤੇ ਇਸ ਨਾਲ ਸੂਬੇ ’ਚ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਲੋਕਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਕੇ ਅਤੇ ਭਰੋਸਾ ਜਤਾ ਕੇ ਉਨ੍ਹਾਂ ਨੂੰ ਆਪਣਾ ਰਿਣੀ ਬਣਾ ਲਿਆ ਹੈ। ਪੰਜਾਬੀਆਂ ਤੋਂ ਮਿਲੇ ਇੰਨੇ ਪਿਆਰ ਦਾ ਕਰਜ਼ਾ ਉਹ ਅਗਲੇ 7 ਜਨਮਾਂ ਤੱਕ ਨਹੀਂ ਉਤਾਰ ਸਕਣਗੇ। ਇਸ ਲਈ ਉਹ ਪੰਜਾਬੀਆਂ ਨਾਲ ਕੀਤੇ ਇਕ-ਇਕ ਵਾਅਦੇ ਨੂੰ ਪੂਰਾ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਜਿਸ ਤਰ੍ਹਾਂ ਸਾਲ 2022 ’ਚ ਜੰਗ ਚੱਲੀ ਸੀ, ਉਹੀ ਜੰਗ 2023 ’ਚ ਵੀ ਚੱਲਦੀ ਰਹੇਗੀ। ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵਿਜੀਲੈਂਸ ਬਿਊਰੋ ਰਾਹੀਂ ਕਿਸੇ ਨੂੰ ਨਾਜਾਇਜ਼ ਤੰਗ ਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਨੂੰ ਕਾਫੀ ਤਕਲੀਫ਼ ਹੋ ਰਹੀ ਹੈ। ਹੁਣ ਤੱਕ ਵਿਜੀਲੈਂਸ ਬਿਊਰੋ ਵੱਲੋਂ ਜੋ ਵੀ ਕਾਰਵਾਈ ਕੀਤੀ ਗਈ ਹੈ, ਉਹ ਜਨਤਾ ਦੇ ਸਾਹਮਣੇ ਹੈ। ਕੁੱਝ ਵੀ ਲੁਕਿਆ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ