CM ਮਾਨ ਨੂੰ ਮਿਲਿਆ ਤਜਾਕਿਸਤਾਨ ਦਾ ਵਫ਼ਦ : ਸੈਰ-ਸਪਾਟਾ ਸਮੇਤ ਇਨ੍ਹਾਂ ਖੇਤਰਾਂ 'ਚ ਬਿਹਤਰ ਸਬੰਧਾਂ 'ਤੇ ਦਿੱਤਾ ਜ਼ੋਰ

Wednesday, Oct 05, 2022 - 09:49 PM (IST)

ਚੰਡੀਗੜ੍ਹ : ਤਜਾਕਿਸਤਾਨ ਦਾ ਇਕ ਉੱਚ ਪੱਧਰੀ ਵਫ਼ਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵਾਂ ਮੁਲਕਾਂ ਦੇ ਲੋਕਾਂ ਦੀ ਭਲਾਈ ਲਈ ਅਕਾਦਮਿਕ, ਸੈਰ-ਸਪਾਟਾ, ਵਪਾਰ ਅਤੇ ਵਣਜ ਦੇ ਖੇਤਰਾਂ ਵਿੱਚ ਤਜਾਕਿਸਤਾਨ ਨਾਲ ਬਿਹਤਰ ਸਹਿਯੋਗ ਦੀ ਮੰਗ ਕੀਤੀ। ਤਜਾਕਿਸਤਾਨ ਦੇ ਉੱਚ ਪੱਧਰੀ ਵਫ਼ਦ ਨਾਲ ਅੱਜ ਮੁੱਖ ਮੰਤਰੀ ਨੇ ਆਪਣੀ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਇਸ ਮੌਕੇ ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਤੇਜ਼ੀ ਨਾਲ ਆਲਮੀ ਪਿੰਡ ਵਜੋਂ ਉੱਭਰ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ 'ਚ ਨਵੇਂ ਰੁਝਾਨਾਂ ਤੋਂ ਜਾਣੂ ਕਰਵਾਉਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ 'ਚ ਵੱਖ-ਵੱਖ ਦੇਸ਼ਾਂ ਦੀਆਂ ਯੂਨੀਵਰਸਿਟੀਆਂ, ਜੋ ਵਿੱਦਿਆ ਦੇ ਮੰਦਰ ਹਨ ਦਾ ਅਕਾਦਮਿਕ ਸਹਿਯੋਗ ਵਿਸ਼ਵ ਦੇ ਕੋਨੇ-ਕੋਨੇ 'ਚ ਗਿਆਨ ਦੀ ਰੌਸ਼ਨੀ ਫੈਲਾਉਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ 'ਚ ਵੀ ਸਹਾਈ ਹੋ ਸਕਦਾ ਹੈ। ਭਗਵੰਤ ਮਾਨ ਨੇ ਪੰਜਾਬ ਅਤੇ ਤਜਾਕਿਸਤਾਨ ਦਰਮਿਆਨ ਵਿਦਿਆਰਥੀ ਅਤੇ ਅਧਿਆਪਕਾਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸੂਬੇ ਅਤੇ ਤਜਾਕਿਸਤਾਨ ਦੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਗਿਆਨ 'ਚ ਵਾਧਾ ਕਰਨ ਅਤੇ ਅਧਿਆਪਕਾਂ ਦੇ ਹੁਨਰ ਨੂੰ ਤਰਾਸ਼ਣਾ ਸਮੇਂ ਦੀ ਲੋੜ ਹੈ, ਜਿਸ ਵਿੱਚ ਅਜਿਹੀਆਂ ਪਹਿਲਕਦਮੀਆਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਤਜਾਕਿਸਤਾਨ ਵਿਦਿਆਰਥੀ ਅਤੇ ਅਧਿਆਪਕਾਂ ਦੇ ਆਦਾਨ-ਪ੍ਰਦਾਨ ਲਈ ਪ੍ਰੋਗਰਾਮ ਸ਼ੁਰੂ ਕਰਨ ਦਾ ਉਪਰਾਲਾ ਕਰ ਸਕਦੇ ਹਨ, ਜਿਸ ਵਿੱਚ ਸੂਬਾ ਸਰਕਾਰ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਵੇਗੀ।  ਉਨ੍ਹਾਂ ਪੰਜਾਬ ਅਤੇ ਤਜਾਕਿਸਤਾਨ, ਦੋਵਾਂ ਦਰਮਿਆਨ ਸੈਰ-ਸਪਾਟਾ ਖੇਤਰ ਵਿੱਚ ਆਪਸੀ ਸਹਿਯੋਗ ਦਾ ਪੱਖ ਵੀ ਉਭਾਰਿਆ ਅਤੇ ਉਨ੍ਹਾਂ ਨੇ ਫਰਵਰੀ 2023 ਵਿੱਚ ਸੂਬੇ ਵਿੱਚ ਹੋਣ ਵਾਲੇ ਨਿਵੇਸ਼ ਪੰਜਾਬ ਸੰਮੇਲਨ 'ਚ ਸ਼ਾਮਲ ਹੋਣ ਲਈ ਵਫ਼ਦ ਨੂੰ ਸੱਦਾ ਦਿੱਤਾ।

ਪੰਜਾਬ ਅਤੇ ਤਜਾਕਿਸਤਾਨ ਦਰਮਿਆਨ ਵਪਾਰ ਨੂੰ ਵੱਡੇ ਪੱਧਰ 'ਤੇ ਖੋਲ੍ਹਣ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵਾਂ ਦੇਸ਼ਾਂ ਦਰਮਿਆਨ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਵੀ ਬਹੁਤ ਸਹਾਈ ਹੋ ਸਕਦਾ ਹੈ।  ਇੱਕ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਬਾਸਮਤੀ ਦੀ ਤਜਾਕਿਸਤਾਨ ਵਿੱਚ ਬਹੁਤ ਮੰਗ ਹੈ ਅਤੇ ਇਸ ਦੀ ਬਰਾਮਦ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਇਹ ਸੂਬੇ ਦੇ ਕਿਸਾਨਾਂ ਦੀ ਕਿਸਮਤ ਬਦਲ ਸਕਦੀ ਹੈ।  ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਤਜਾਕਿਸਤਾਨ ਨਾਲ ਅਕਾਦਮਿਕ, ਸੈਰ-ਸਪਾਟਾ, ਵਪਾਰ ਅਤੇ ਵਣਜ ਦੇ ਖੇਤਰਾਂ ਵਿੱਚ ਬਿਹਤਰ ਸਬੰਧ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

PunjabKesari

ਇਸ ਦੌਰਾਨ ਵਫ਼ਦ ਵਿੱਚ ਇੰਟਰਨੈਸ਼ਨਲ ਯੂਨੀਵਰਸਿਟੀ ਆਫ਼ ਟੂਰਿਜ਼ਮ ਐਂਡ ਐਂਟਰਪ੍ਰਿਨਿਓਰਸ਼ਿਪ, ਤਜਾਕਿਸਤਾਨ ਤੋਂ ਉਬੈਦੁਲੋ ਐਸੋਰਜ਼ੋਦਾ, ਵਿਦੇਸ਼ ਮਾਮਲਿਆਂ ਦੇ ਵਾਈਸ ਰੈਕਟਰ ਜਬਰੋਵ ਫਤਹਿਉੱਲਾ ਅਮਰੀਵਿਚ, ਅਰਥ ਸ਼ਾਸਤਰੀ ਡਾਕਟਰ ਉਮਰੋਵ ਖੋਜਾਮਹਮਦ, ਡੀਨ, ਟੈਕਨੀਕਲ ਯੂਨੀਵਰਸਿਟੀ, ਤਜਾਕਿਸਤਾਨ ਰੁਸਤਮ ਚੋਲਮਾਤੋਵ ਨੇ ਮੁੱਖ ਮੰਤਰੀ ਨੂੰ ਪੰਜਾਬ ਅਤੇ ਤਜਾਕਿਸਤਾਨ  ਵਿਚਾਲੇ ਚੰਗੇ ਸਬੰਧਾਂ ਦਾ ਭਰੋਸਾ ਦਿੱਤਾ।


Mandeep Singh

Content Editor

Related News