ਡੇਰਾ ਬਾਬਾ ਨਾਨਕ ''ਚ 550ਵੇਂ ਪ੍ਰਕਾਸ਼ ਪੁਰਬ ਦੇ ਸਮਾਪਤੀ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ
Monday, Nov 30, 2020 - 05:29 PM (IST)
ਡੇਰਾ ਬਾਬਾ ਨਾਨਕ (ਵਤਨ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਤੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਮਾਗਮਾਂ ਦੇ ਅੱਜ ਸਮਾਪਤੀ ਸਮਾਗਮ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਏ ਗਏ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਅਤੇ ਸਮਾਗਮ ਦੇ ਆਯੋਜਕ ਸੁਖਜਿੰਦਰ ਸਿੰਘ ਰੰਧਾਵਾ, ਸੰਤ ਸਮਾਜ ਅਤੇ ਹੋਰਨਾਂ ਧਰਮਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਅਰੁਣਾ ਚੌਧਰੀ, ਪ੍ਰਸ਼ਾਂਤ ਭੂਸ਼ਣ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਬਲਵਿੰਦਰ ਸਿੰਘ ਲਾਡੀ, ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ, ਚੇਅਰਮੈਨ ਭਗਵੰਤ ਪਾਲ ਸੱਚਰ ਆਦਿ ਨੇ ਵਿਸੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਸਮਾਗਮ 'ਚ ਹਜ਼ਾਰਾਂ ਦੀ ਗਿਣਤੀ 'ਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਇਸ ਮੌਕੇ ਸ਼੍ਰੀ ਆਖੰਡ ਪਾਠ ਦੇ ਆਰੰਭੇ ਪਾਠ ਦੇ ਭੋਗ ਉਪਰੰਤ ਭਾਈ ਜਸਵੰਤ ਸਿੰਘ ਜੀ ਦੇ ਜਥੇ ਵਲੋਂ ਗੁਰਬਾਣੀ ਦੇ ਰਸਭਿੰਨੇਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਹ ਵੀ ਪੜ੍ਹੋ : ਪ੍ਰਕਾਸ਼ ਪੁਰਬ ਮੌਕੇ ਬੀਬੀ ਜਗੀਰ ਕੌਰ ਵਲੋਂ ਲੰਗਰਾਂ ਦੀ ਸੇਵਾ ਕਰਨ ਵਾਲੇ ਧਾਰਮਿਕ ਜਥੇਬੰਦੀਆਂ ਦਾ ਸਨਮਾਨ
ਮੁੱਖ ਮੰਤਰੀ ਨੇ ਸਮੁੱਚੀ ਕੌਮ ਨੂੰ ਗੁਰਪੁਰਬ ਦੀ ਦਿੱਤੀ ਵਧਾਈ
ਇਸ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੁੱਚੀ ਕੌਮ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਅਸੀਂ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਪਤੀ ਸਮਾਗਮਾਂ ਦਾ ਹਿੱਸਾ ਬਨਣ ਦੇ ਨਾਲ-ਨਾਲ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਅਤੇ ਅੱਜ ਮੁੜ ਇੱਕ ਸਾਲ ਬਾਅਦ ਅਸੀਂ ਮੁੜ ਇਕੱਤਰ ਹੋਏ ਹਾਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਸਾਰੇ 14 ਸ਼ਹਿਰਾਂ ਨੂੰ ਵਿਕਾਸ ਲਈ ਕੁੱਲ 70 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ, ਜਿਨ੍ਹਾਂ ਦਾ ਸਬੰੰਧ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਹੈ ਅਤੇ ਇਸ ਦੇ ਨਾਲ ਇਨ੍ਹਾਂ ਖੇਤਰਾਂ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੁਣ ਸਰਕਾਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਸਮਾਗਮਾਂ ਦਾ ਹਿੱਸਾ ਬਨਣ ਜਾ ਰਹੀ ਹੈ।
ਇਹ ਵੀ ਪੜ੍ਹੋ : ਗੁਰਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕ
ਡੇਰਾ ਬਾਬਾ ਨਾਨਕ ਨੂੰ 3 ਕਰੋੜ ਨਾਲ ਬਨਣ ਵਾਲੀ ਹੈਰੀਟੇਜ ਸਟਰੀਟ ਦਾ ਉਦਘਾਟਨ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਵਿਰਾਸਤ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਵਿਰਾਸਤ 'ਚ ਸਾਨੂੰ ਗੁਰੂਆਂ ਨੇ ਬਹੁਤ ਕੁਝ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ 'ਚ 3 ਕਰੋੜ ਰੁਪਏ ਦੀ ਲਾਗਤ ਨਾਲ ਹੈਰੀਟੇਜ ਸਟਰੀਟ ਬਨਣ ਜਾ ਰਹੀ ਹੈ, ਜਿਸ ਦੀ ਦਿੱਖ ਵਿਰਾਸਤੀ ਹੋਵੇਗੀ ਅਤੇ ਕਸਬੇ ਦੀ ਦਿੱਖ ਨੂੰ ਚਾਰ ਚੰਨ੍ਹ ਲਾਵੇਗੀ।
ਕਲਾਨੌਰ 'ਚ ਗੰਨਾ ਖੋਜ ਕੇਂਦਰ ਦਾ ਵਿਰਚੂਅਲ ਉਦਘਾਟਨ
ਕੈਪਟਨ ਅਮਰਿੰਦਰ ਸਿੰਘ ਵਲੋਂ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਕਸਬਾ ਕਲਾਨੌਰ 'ਚ ਪੰਜਾਬ ਸਰਕਾਰ ਵਲੋਂ ਗੰਨਾ ਖੋਜ ਕੇਂਦਰ ਦਾ ਵੀ ਵਰਚੂਅਲ ਤਰੀਕੇ ਨਾਲ ਉਦਘਾਟਨ ਕਰਕੇ ਇਸ ਸਰਹੱਦੀ ਖੇਤਰ ਨੂੰ ਸੌਗਾਤ ਦਿੱਤੀ ਗਈ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਕੇਸ ਦੀ ਸੁਣਵਾਈ ਤੋਂ ਪਹਿਲਾਂ ਹੀ ਇਕਤਰਫ਼ਾ ਫੈਸਲਾ ਦਿੱਤਾ : ਜਾਖੜ