ਇਕ ਦਰਜਨ ਸਕੂਲ ਵੈਨਾਂ ਤੇ ਬਿਨਾਂ ਪਰਮਿਟ ਬੱਸਾਂ ਬੰਦ
Saturday, Nov 25, 2017 - 05:23 AM (IST)

ਅੰਮ੍ਰਿਤਸਰ, (ਨੀਰਜ)- ਮਾਣਯੋਗ ਹਾਈ ਕੋਰਟ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਰਾਜ 'ਚ ਬਿਨਾਂ ਪਰਮਿਟ ਚੱਲ ਰਹੀਆਂ ਪ੍ਰਾਈਵੇਟ ਬੱਸਾਂ ਅਤੇ ਸਕੂਲ ਵੈਨਾਂ ਖਿਲਾਫ ਜਾਰੀ ਮੁਹਿੰਮ ਤਹਿਤ ਅੱਜ ਆਰ. ਟੀ. ਏ. ਕੰਵਲਜੀਤ ਸਿੰਘ ਦੀ ਅਗਵਾਈ ਵਿਚ ਟਰਾਂਸਪੋਰਟ ਦੀਅ ਵੱਖ-ਵੱਖ ਟੀਮਾਂ ਵੱਲੋਂ ਨਾਕਾਬੰਦੀ ਕਰ ਕੇ ਛਾਪੇਮਾਰੀ ਕੀਤੀ ਗਈ, ਜਿਸ ਵਿਚ ਇਕ ਦਰਜਨ ਤੋਂ ਵੱਧ ਬਿਨਾਂ ਪਰਮਿਟ ਚੱਲਣ ਵਾਲੀਆਂ ਬੱਸਾਂ ਅਤੇ ਸਕੂਲ ਵੈਨਾਂ ਨੂੰ ਬੰਦ ਕੀਤਾ ਗਿਆ ਹੈ। ਇੰਨਾ ਹੀ ਨਹੀਂ, 20 ਦੇ ਕਰੀਬ ਬੱਸਾਂ ਦੇ ਚਲਾਨ ਵੀ ਕੱਟੇ ਗਏ ਹਨ, ਜੋ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਦਾ ਪਾਲਣ ਨਹੀਂ ਕਰ ਰਹੀਆਂ ਸਨ।
ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਇਸ ਤੋਂ ਪਹਿਲਾਂ ਵਿਜੀਲੈਂਸ ਵਿਭਾਗ, ਟਰਾਂਸਪੋਰਟ ਵਿਭਾਗ, ਜੀ. ਐੱਮ. ਰੋਡਵੇਜ਼ ਅਤੇ ਟ੍ਰੈਫਿਕ ਪੁਲਸ ਦੀਆਂ ਜੁਆਇੰਟ ਟੀਮਾਂ ਵੱਲੋਂ ਮੁਹਿੰਮ ਚਲਾਈ ਗਈ ਸੀ ਅਤੇ ਅਣਗਿਣਤ ਗੈਰ-ਕਾਨੂੰਨੀ ਅਤੇ ਬਿਨਾਂ ਪਰਮਿਟ ਚੱਲਣ ਵਾਲੀਆਂ ਬੱਸਾਂ ਨੂੰ ਬੰਦ ਕੀਤਾ ਗਿਆ ਸੀ ਪਰ ਹਾਈ ਕੋਰਟ ਵਿਚ ਦਰਜ ਮੰਗ 'ਤੇ ਕਾਰਵਾਈ ਕਰਦੇ ਹੋਏ ਅਦਾਲਤ ਨੇ ਹਰ 15 ਦਿਨਾਂ ਬਾਅਦ ਬਿਨਾਂ ਪਰਮਿਟ, ਬਿਨਾਂ ਰਜਿਸਟਰਡ ਅਤੇ ਬਾਹਰੀ ਰਾਜਾਂ ਦੇ ਨੰਬਰਾਂ ਵਾਲੀਆਂ ਸਕੂਲ ਵੈਨਾਂ ਨੂੰ ਬੰਦ ਕਰਨ ਦੇ ਜਿਥੇ ਆਦੇਸ਼ ਜਾਰੀ ਕੀਤੇ ਹੋਏ ਹਨ, ਉਥੇ ਹੀ ਇਸ ਦੀ ਰਿਪੋਰਟ ਬਣਾ ਕੇ ਅਦਾਲਤ ਵਿਚ ਪੇਸ਼ ਕਰਨ ਲਈ ਵੀ ਕਿਹਾ ਹੈ, ਜਿਸ 'ਤੇ ਟਰਾਂਸਪੋਰਟ ਵਿਭਾਗ ਵੱਲੋਂ ਕਾਰਵਾਈ ਜਾਰੀ ਹੈ।
ਅੱਜ ਜਿਨ੍ਹਾਂ ਸਕੂਲ ਵੈਨਾਂ ਨੂੰ ਬੰਦ ਕੀਤਾ ਗਿਆ ਹੈ ਉਹ ਨਾਮਵਰ ਸਕੂਲਾਂ ਦੇ ਬੱਚਿਆਂ ਨੂੰ ਲਿਜਾ ਰਹੀਆਂ ਸਨ ਪਰ ਇਨ੍ਹਾਂ ਵਿਚ ਹਾਈ ਕੋਰਟ, ਚਾਈਲਡ ਰਾਈਟਸ ਕਮਿਸ਼ਨ, ਸੀ. ਬੀ. ਐੱਸ. ਈ. ਦੇ ਆਦੇਸ਼ਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਸੀ, ਜਿਸ ਕਰ ਕੇ ਅਧਿਕਾਰੀਆਂ ਨੇ ਇਨ੍ਹਾਂ ਬੱਸਾਂ ਨੂੰ ਬੰਦ ਕਰ ਦਿੱਤਾ।
ਹਰਿਆਣਾ, ਦਿੱਲੀ, ਯੂ. ਪੀ. ਤੇ ਹੋਰ ਰਾਜਾਂ ਦੀਆਂ ਸਕੂਲ ਵੈਨਾਂ ਹੋਣਗੀਆਂ ਬੰਦ
ਅਦਾਲਤ ਦੇ ਆਦੇਸ਼ਾਂ ਅਨੁਸਾਰ ਟਰਾਂਸਪੋਰਟ ਵਿਭਾਗ ਵੱਲੋਂ ਹਰਿਆਣਾ, ਦਿੱਲੀ, ਯੂ. ਪੀ. ਤੇ ਹੋਰ ਰਾਜਾਂ ਦੀਆਂ ਸਕੂਲ ਵੈਨਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਹਾਲਾਂਕਿ ਟਰਾਂਸਪੋਰਟ ਵਿਭਾਗ ਵੱਲੋਂ ਸੈਂਕੜਿਆਂ ਦੀ ਗਿਣਤੀ ਵਿਚ ਬਾਹਰੀ ਰਾਜਾਂ ਦੀਆਂ ਅੰਮ੍ਰਿਤਸਰ ਵਿਚ ਚੱਲਣ ਵਾਲੀਆਂ ਸਕੂਲ ਵੈਨਾਂ ਨੂੰ ਬੰਦ ਕੀਤਾ ਜਾ ਚੁੱਕਾ ਹੈ। ਰਿਜਨਲ ਟਰਾਂਸਪੋਰਟ ਅਥਾਰਟੀ ਅੰਮ੍ਰਿਤਸਰ ਦੇ ਅੰਕੜਿਆਂ 'ਤੇ ਨਜ਼ਰ ਪਾਈਏ ਤਾਂ ਪਤਾ ਲੱਗਦਾ ਹੈ ਕਿ ਅਜੇ ਤੱਕ 250 ਦੇ ਕਰੀਬ ਸਕੂਲ ਵੈਨਾਂ ਨੂੰ ਬੰਦ ਕੀਤਾ ਜਾ ਚੁੱਕਾ ਹੈ ਪਰ ਅਜੇ ਵੀ ਕੁਝ ਨਾਮਵਰ ਸਕੂਲਾਂ ਦੇ ਬਾਹਰ ਪੰਜਾਬ ਤੋਂ ਹੋਰ ਰਾਜਾਂ ਦੀਆਂ ਸਕੂਲ ਵੈਨਾਂ ਚੱਲ ਰਹੀਆਂ ਹਨ, ਜਿਨ੍ਹਾਂ ਦੀ ਗਿਣਤੀ ਸੌ ਦੇ ਕਰੀਬ ਹੈ ਪਰ ਆਉਣ ਵਾਲੇ ਦਿਨਾਂ ਵਿਚ ਵਿਭਾਗ ਵੱਲੋਂ ਇਨ੍ਹਾਂ ਬੱਸਾਂ ਨੂੰ ਸੜਕਾਂ 'ਤੇ ਚੱਲਣ ਨਹੀਂ ਦਿੱਤਾ ਜਾਵੇਗਾ ਕਿਉਂਕਿ ਜ਼ਿਲਾ ਪ੍ਰਸ਼ਾਸਨ ਬੱਚਿਆਂ ਦੇ ਮਾਮਲੇ ਵਿਚ ਕਿਸੇ ਤਰ੍ਹਾਂ ਦਾ ਰਿਸਕ ਲੈਣ ਨੂੰ ਤਿਆਰ ਨਹੀਂ ਹੈ। ਇਥੋਂ ਤੱਕ ਕਿ ਮੁੱਖ ਮੰਤਰੀ ਵੀ ਆਦੇਸ਼ ਜਾਰੀ ਕਰ ਚੁੱਕੇ ਹਨ ਕਿ ਸਕੂਲ ਵੈਨਾਂ ਦੇ ਮਾਮਲੇ 'ਚ ਕਿਸੇ ਤਰ੍ਹਾਂ ਦਾ ਦਬਾਅ ਬਰਦਾਸ਼ਤ ਨਾ ਕੀਤਾ ਜਾਵੇ।
ਕੁਝ ਸਕੂਲਾਂ ਦੇ ਮੁਖੀ ਅਜੇ ਵੀ ਉਠਾ ਰਹੇ ਰਿਸਕ ਅੰਮ੍ਰਿਤਸਰ : ਅਟਾਰੀ ਕਸਬੇ ਦੇ ਸੀਮਾਵਰਤੀ ਇਲਾਕੇ
ਵਿਚ ਸਕੂਲੀ ਬੱਚਿਆਂ ਦੀ ਵੈਨ ਡਰੇਨ ਵਿਚ ਡਿੱਗਣ ਨਾਲ ਮੌਤ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਕੂਲ ਮੁਖੀ ਖਿਲਾਫ ਵੀ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ ਸੀ, ਜਿਸ ਨਾਲ ਇਹ ਸਾਬਿਤ ਹੋ ਗਿਆ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਸਰਕਾਰ ਡਰਾਈਵਰ ਅਤੇ ਕੰਡਕਟਰ ਦੇ ਨਾਲ-ਨਾਲ ਸਕੂਲ ਮੁਖੀ ਖਿਲਾਫ ਵੀ ਪਰਚਾ ਦਰਜ ਕਰੇਗੀ ਪਰ ਅੱਜ ਵੀ ਕੁਝ ਨਾਮਵਰ ਸਕੂਲਾਂ ਦੇ ਮੁਖੀ ਕੰਡਮ ਅਤੇ ਬਾਹਰੀ ਰਾਜਾਂ ਦੀਆਂ ਸਕੂਲ ਵੈਨਾਂ ਆਪਣੇ ਸਕੂਲਾਂ ਦੇ ਬਾਹਰ ਖੜ੍ਹਾ ਕਰਵਾ ਰਹੇ ਹਨ ਅਤੇ
ਆਪਣਾ ਰਿਸਕ ਲੈ ਰਹੇ ਹਨ, ਹਾਲਾਂਕਿ ਇਸ ਮਾਮਲੇ ਵਿਚ ਬੱਚਿਆਂ ਦੇ ਮਾਪਿਆਂ ਵੱਲੋਂ ਲਿਖਵਾਇਆ ਜਾਂਦਾ ਹੈ ਪਰ ਦੁਰਘਟਨਾ ਹੋਣ ਦੀ ਹਾਲਤ ਵਿਚ ਸਕੂਲ ਮੈਨੇਜਮੈਂਟ ਵੀ ਕਾਨੂੰਨ ਦੇ ਸ਼ਿਕੰਜੇ ਤੋਂ ਬਾਹਰ ਨਹੀਂ ਰਹਿ ਸਕਦੀ।