8 ਸਾਲ ਪੁਰਾਣੇ ਰਿਸ਼ਵਤ ਮਾਮਲੇ ’ਚ ਕਲਰਕ ਨੂੰ ਚਾਰ ਸਾਲ ਦੀ ਸਜ਼ਾ

Friday, Aug 21, 2026 - 01:59 PM (IST)

8 ਸਾਲ ਪੁਰਾਣੇ ਰਿਸ਼ਵਤ ਮਾਮਲੇ ’ਚ ਕਲਰਕ ਨੂੰ ਚਾਰ ਸਾਲ ਦੀ ਸਜ਼ਾ

ਚੰਡੀਗੜ੍ਹ (ਪ੍ਰੀਕਸ਼ਿਤ) : ਡਿਪਟੀ ਚੀਫ਼ ਕੰਟਰੋਲਰ ਆਫ਼ ਐਕਸਪਲੋਸਿਵਜ਼, ਮਨੀਮਾਜਰਾ ਦਫ਼ਤਰ ’ਚ ਤਾਇਨਾਤ ਕਲਰਕ ਸ਼ਿਆਮ ਸਿੰਘ ਚੌਹਾਨ ਨੂੰ 8 ਸਾਲ ਪੁਰਾਣੇ ਰਿਸ਼ਵਤ ਮਾਮਲੇ ’ਚ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਦੋ ਦਿਨ ਪਹਿਲਾਂ ਚੌਹਾਨ ਨੂੰ ਮਾਮਲੇ ’ਚ ਮੁਲਜ਼ਮ ਕਰਾਰ ਦਿੰਦਿਆਂ ਜੇਲ੍ਹ ਭੇਜ ਦਿੱਤਾ ਸੀ। ਵੀਰਵਾਰ ਨੂੰ ਅਦਾਲਤ ਨੇ ਉਸਦੀ ਸਜ਼ਾ ’ਤੇ ਫ਼ੈਸਲਾ ਸੁਣਾਉਂਦੇ ਹੋਏ ਉਸਨੂੰ ਚਾਰ ਸਾਲ ਦੀ ਸਜ਼ਾ ਸੁਣਾਈ। ਚੌਹਾਨ ਨੂੰ ਸੀ. ਬੀ. ਆਈ. ਨੇ 2018 ’ਚ 8 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਸੀ। ਸੀ. ਬੀ. ਆਈ. ਨੇ ਇਹ ਕਾਰਵਾਈ ਹਿਮਾਚਲ ਪ੍ਰਦੇਸ਼ ਦੇ ਮੰਡੀ ਵਾਸੀ ਬਲਾਸਟਰ ਦੇਵੇਂਦਰ ਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਸੀ।

ਸ਼ਿਕਾਇਤ ’ਚ ਦੋਸ਼ ਲਗਾਇਆ ਗਿਆ ਸੀ ਕਿ ਬਲਾਸਟਰ ਦਾ ਲਾਇਸੈਂਸ ਜਾਰੀ ਕਰਨ ਦੇ ਬਦਲੇ ’ਚ ਚੌਹਾਨ ਨੇ ਉਸ ਤੋਂ ਰਿਸ਼ਵਤ ਮੰਗੀ ਸੀ। ਦਵਿੰਦਰ ਪਾਲ ਸਿੰਘ ਨੇ ਸੀ. ਬੀ. ਆਈ. ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸਨੇ ਮੰਡੀ, ਹਿਮਾਚਲ ਪ੍ਰਦੇਸ਼ ਸਥਿਤ ‘ਤਾਰਾ ਚੰਦ ਮਲਹੋਤਰਾ ਐਂਡ ਸੰਨਜ਼ ਲਈ ਬਲਾਸਟਰ ਵਜੋਂ ਕੰਮ ਕਰਨ ਲਈ ਡਿਪਟੀ ਚੀਫ਼ ਕੰਟਰੋਲਰ ਆਫ਼ ਐਕਸਪਲੋਸਿਵਜ਼, ਮਨੀਮਾਜਰਾ ਦਫ਼ਤਰ ’ਚ ਅਰਜ਼ੀ ਦਿੱਤੀ ਸੀ। ਦਫ਼ਤਰ ’ਚ ਉਸਨੂੰ ਦੱਸਿਆ ਗਿਆ ਸੀ ਕਿ ਬਲਾਸਟਰ ਵਜੋਂ ਕੰਮ ਕਰਨ ਦੇ ਤਜਰਬੇ ਦੇ ਆਧਾਰ ’ਤੇ ਉਸਦਾ ਇੰਟਰਵਿਊ ਨਹੀਂ ਲਿਆ ਜਾਵੇਗਾ ਅਤੇ ਲਾਇਸੈਂਸ ਸਿੱਧਾ ਉਸਦੇ ਘਰ ਭੇਜ ਦਿੱਤਾ ਜਾਵੇਗਾ।

ਜਦੋਂ ਨਿਰਧਾਰਤ ਸਮੇਂ ਦੇ ਬਾਅਦ ਲਾਇਸੈਂਸ ਉਸਦੇ ਘਰ ਨਹੀਂ ਪਹੁੰਚਿਆ, ਤਾਂ ਦਵਿੰਦਰ ਪਾਲ ਸਿੰਘ ਨੇ ਦਫ਼ਤਰ ਨਾਲ ਸੰਪਰਕ ਕੀਤਾ। ਦੋਸ਼ ਹੈ ਕਿ ਇਸੇ ਦੌਰਾਨ ਉੱਥੇ ਤਾਇਨਾਤ ਕਲਰਕ ਸ਼ਿਆਮ ਸਿੰਘ ਚੌਹਾਨ ਨੇ ਲਾਇਸੈਂਸ ਜਾਰੀ ਕਰਨ ਦੇ ਬਦਲੇ ਉਸ ਤੋਂ ਰਿਸ਼ਵਤ ਦੀ ਮੰਗ ਕੀਤੀ। ਇਸ ਦੇ ਬਾਅਦ ਦਵਿੰਦਰ ਨੇ ਮਾਮਲੇ ਦੀ ਸ਼ਿਕਾਇਤ ਸੀ.ਬੀ.ਆਈ. ਨੂੰ ਦਿੱਤੀ। ਸ਼ਿਕਾਇਤ ਮਿਲਣ ਦੇ ਬਾਅਦ ਸੀ.ਬੀ.ਆਈ. ਨੇ 11 ਜੁਲਾਈ, 2018 ਨੂੰ ਜਾਲ ਵਿਛਾਇਆ। ਟੀਮ ਨੇ ਚੌਹਾਨ ਨੂੰ ਮਨੀਮਾਜਰਾ ਸਥਿਤ ਦਫ਼ਤਰ ਨੇੜੇ ਅੱਠ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਅਤੇ 13 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।


author

Babita

Content Editor

Related News