ਸਫਾਈ ਸੇਵਕਾਂ ਨੇ ਨਗਰ ਕੌਂਸਲ ਦਫਤਰ ਅੱਗੇ ਦਿੱਤਾ ਧਰਨਾ
Tuesday, Dec 05, 2017 - 01:08 AM (IST)

ਧੂਰੀ, (ਸੰਜੀਵ ਜੈਨ)- ਨਗਰ ਕੌਂਸਲ ਧੂਰੀ ਅਧੀਨ ਕੰਮ ਕਰ ਰਹੇ ਪੱਕੇ ਅਤੇ ਕੱਚੇ ਸਫ਼ਾਈ ਸੇਵਕਾਂ ਨੇ ਆਪਣੀਆਂ ਮੰਗਾਂ ਦੇ ਹੱਕ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸਹਿਯੋਗ ਨਾਲ ਨਗਰ ਕੌਂਸਲ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਮੌਜੂਦ ਆਮ ਆਦਮੀ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਡਾ. ਅਨਵਰ ਭਸੌੜ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ 60 ਸਫ਼ਾਈ ਸੇਵਕ ਨਗਰ ਕੌਂਸਲ ਧੂਰੀ ਲਈ ਕੰਮ ਕਰ ਰਹੇ ਹਨ ਪਰ ਹੁਣ ਨਗਰ ਕੌਂਸਲ ਵੱਲੋਂ ਮੰਗੇ ਗਏ ਨਵੇਂ ਟੈਂਡਰ ਅਨੁਸਾਰ 50 ਕੱਚੇ ਸਫ਼ਾਈ ਸੇਵਕਾਂ ਨੂੰ ਨਗਰ ਕੌਂਸਲ 'ਚ ਰੱਖ ਕੇ 10 ਸਫ਼ਾਈ ਸੇਵਕਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਰਕਾਰ ਬਣਨ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਦੇ ਉਲਟ 10 ਕੱਚੇ ਮੁਲਾਜ਼ਮਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੱਚੇ ਸਫ਼ਾਈ ਸੇਵਕਾਂ ਨੂੰ ਕੰਮ 'ਤੇ ਆਉਣ 'ਤੇ ਸਿਰਫ਼ 200 ਰੁਪਏ ਦਿਹਾੜੀ ਦੇਣ ਅਤੇ ਗੈਰ-ਹਾਜ਼ਰ ਹੋਣ ਦੀ ਸੂਰਤ ਵਿਚ 300 ਰੁਪਏ ਕੱਟੇ ਜਾਣ ਦਾ ਦੋਸ਼ ਵੀ ਲਾਇਆ।
ਉਨ੍ਹਾਂ ਕਿਹਾ ਕਿ ਧੂਰੀ 'ਚ 21 ਵਾਰਡ ਹਨ ਅਤੇ ਸ਼ਹਿਰ 'ਚ ਫੈਲੀ ਗੰਦਗੀ ਨੂੰ ਵੇਖਦੇ ਹੋਏ ਹੋਰ ਸਫ਼ਾਈ ਸੇਵਕਾਂ ਨੂੰ ਭਰਤੀ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਇਸ ਤੋਂ ਇਲਾਵਾ ਪੱਕੇ ਸਫ਼ਾਈ ਸੇਵਕਾਂ ਨੂੰ ਵੀ ਪਿਛਲੇ 2 ਮਹੀਨਿਆਂ ਤੋਂ ਤਨਖ਼ਾਹ ਨਾ ਦਿੱਤੇ ਜਾਣ 'ਤੇ ਵੀ ਰੋਸ ਪ੍ਰਗਟ ਕੀਤਾ।
ਈ. ਓ. ਦੇ ਭਰੋਸੇ 'ਤੇ ਚੁੱਕਿਆ ਧਰਨਾ : ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਦੇ ਹੋਏ ਨਗਰ ਕੌਂਸਲ ਧੂਰੀ ਦੇ ਕਾਰਜਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਨੇ ਕਿਹਾ ਕਿ ਉਨ੍ਹਾਂ ਦੀਆਂ ਵਾਜਿਬ ਮੰਗਾਂ 'ਤੇ ਗੌਰ ਕੀਤਾ ਜਾਵੇਗਾ। ਉਨ੍ਹਾਂ ਦੇ ਇਸ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ, ਬਲਵਿੰਦਰ ਵਿੱਕੀ, ਨਰੇਸ਼ ਸਿੰਗਲਾ ਬਲਾਕ ਪ੍ਰਧਾਨ ਆਪ, ਅਨਿਲ ਮਿੱਤਲ ਅਤੇ ਹਰਭਜਨ ਨੰਬਰਦਾਰ ਆਦਿ ਵੀ ਮੌਜੂਦ ਸਨ।
ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਥੇ ਅਹੁਦਾ ਸੰਭਾਲਣ ਤੋਂ ਪਹਿਲਾਂ ਨਗਰ ਕੌਂਸਲ ਦਾ ਬਜਟ ਪਾਸ ਹੋਇਆ ਸੀ। ਉਨ੍ਹਾਂ ਦੱਸਿਆ ਕਿ ਹੁਣ ਠੇਕੇਦਾਰੀ ਸਿਸਟਮ 'ਤੇ 18 ਫੀਸਦੀ ਜੀ.ਐੱਸ.ਟੀ. ਲੱਗਣ ਤੋਂ ਬਾਅਦ ਨਗਰ ਕੌਂਸਲ ਦੇ ਪਾਸ ਹੋਏ ਬਜਟ ਮੁਤਾਬਕ 50 ਕੱਚੇ ਸਫਾਈ ਕਰਮਚਾਰੀਆਂ ਨੂੰ ਹੀ ਤਨਖਾਹ ਦੇਣੀ ਮੁਮਕਿਨ ਹੈ, ਜਿਸ ਕਾਰਨ ਹੀ ਉਕਤ ਟੈਂਡਰ ਰਾਹੀਂ 50 ਕਰਮਚਾਰੀਆਂ ਨੂੰ ਭਰਤੀ ਕਰਨ ਦੀ ਸ਼ਰਤ ਰੱਖੀ ਗਈ ਹੈ।