ਡਾਕਟਰ ਵੱਲੋਂ ਪੈਸੇ ਲੈਣ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ''ਚ ਜਾਂਚ ਟੀਮ ਸ਼ਿਕਾਇਤਕਰਤਾ ਨੂੰ ਕਰੇਗੀ ਤਲਬ

Thursday, Apr 12, 2018 - 11:20 AM (IST)

ਡਾਕਟਰ ਵੱਲੋਂ ਪੈਸੇ ਲੈਣ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ''ਚ ਜਾਂਚ ਟੀਮ ਸ਼ਿਕਾਇਤਕਰਤਾ ਨੂੰ ਕਰੇਗੀ ਤਲਬ

ਜਲੰਧਰ (ਸ਼ੋਰੀ)— ਸਿਵਲ ਹਸਪਤਾਲ ਦੇ ਐਮਰਜੈਂਸੀ ਡਾਕਟਰ ਦਾ ਪੈਸੇ ਲੈਣ ਦਾ ਵੀਡੀਓ ਵਾਇਰਲ ਹੋਣ ਦੇ ਮਾਮਲੇ 'ਚ ਭਾਵੇਂ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਬਾਵਾ ਨੇ 2 ਡਾਕਟਰਾਂ ਦੀ ਟੀਮ ਇਸ ਮਾਮਲੇ ਦੀ ਜਾਂਚ 'ਚ ਲਗਾਈ ਹੈ ਪਰ ਮਾਮਲੇ 'ਚ ਅਜੇ ਤੱਕ ਕੋਈ ਸ਼ਿਕਾਇਤ ਹੀ ਨਹੀਂ ਦਰਜ ਹੋਈ, ਮੈਡੀਕਲ ਬੋਰਡ ਦੇ ਮੈਂਬਰ ਐੱਸ. ਐੱਮ. ਓ. ਚਰਨਜੀਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਨ੍ਹਾਂ ਐੱਸ. ਐੱਮ. ਓ. ਤਿਰਲੋਚਨ ਸਿੰਘ ਦੇ ਨਾਲ ਮਿਲ ਕੇ ਸ਼ੁਰੂ ਕਰ ਦਿੱਤੀ ਹੈ ਪਰ ਮਾਮਲੇ 'ਚ ਸ਼ਿਕਾਇਤਕਰਤਾ ਨੇ ਕਥਿਤ ਮੁਲਜ਼ਮ ਡਾਕਟਰ ਦੇ ਖਿਲਾਫ ਕੋਈ ਬਿਆਨ ਦਰਜ ਨਹੀਂ ਕਰਵਾਏ।
ਨਿਯਮ ਮੁਤਾਬਕ ਜਾਂਚ ਇਸ ਤਰ੍ਹਾਂ ਕਿਵੇਂ ਅੱਗੇ ਵੱਧ ਸਕਦੀ ਹੈ, ਉਹ ਸ਼ਿਕਾਇਤਕਰਤਾ ਵੱਲੋਂ ਦਿੱਤੇ ਗਏ ਮੋਬਾਇਲ ਨੰਬਰ 'ਤੇ ਕਾਲ ਕਰਕੇ ਉਸ ਕੋਲੋਂ ਡਾਕਟਰ ਵੱਲੋਂ ਲਾਏ ਗਏ ਦੋਸ਼ਾਂ ਦਾ ਸਹੁੰ ਪੱਤਰ ਲੈਣਗੇ। ਜ਼ਿਕਰਯੋਗ ਹੈ ਕਿ ਡਾਕਟਰ ਵੱਲੋਂ ਪੈਸੇ ਲੈਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਪੂਰਾ ਮਾਮਲਾ ਚੰਡੀਗੜ੍ਹ ਪਹੁੰਚ ਚੁੱਕਾ ਹੈ। ਸੂਤਰਾਂ ਦੀ ਮੰਨੀਏ ਤਾਂ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਨੇ ਮੈਡੀਕਲ ਸੁਪਰਡੈਂਟ ਡਾ. ਬਾਵਾ ਕੋਲੋਂ ਪੂਰੇ ਮਾਮਲੇ ਦੀ ਜਾਂਚ ਜਲਦੀ ਹੀ ਕਰਵਾਉਣ ਲਈ ਕਿਹਾ ਹੈ ਤਾਂ ਜੋ ਪੰਜਾਬ ਸਰਕਾਰ ਦਾ ਅਕਸ ਲੋਕਾਂ 'ਚ ਖਰਾਬ ਨਾ ਹੋਵੇ। 
ਰਿਸ਼ਤੇਦਾਰ ਨੂੰ ਉਧਾਰ ਦਿੱਤੇ ਸਨ ਪੈਸੇ: ਡਾਕਟਰ
ਉਥੇ ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਡਾਕਟਰ ਨੇ ਜਾਂਚ ਟੀਮ ਨੂੰ ਦੱਸਿਆ ਕਿ ਉਸ ਨੇ ਕਿਸੇ ਕੋਲੋਂ ਰਿਸ਼ਵਤ ਦੇ ਤੌਰ 'ਤੇ ਪੈਸੇ ਨਹੀਂ ਲਏ ਸਨ, ਸਗੋਂ ਉਸ ਦੇ ਰਿਸ਼ਤੇਦਾਰ ਨੇ ਕੁਝ ਦਿਨ ਪਹਿਲਾਂ 12 ਹਜ਼ਾਰ ਰੁਪਏ ਉਧਾਰ ਲਏ ਸਨ, ਜੋ ਕਿ ਉਸ ਨੂੰ ਮੋੜਨ ਉਸ ਸਮੇਂ ਆਇਆ ਜਦੋਂ ਉਸ ਦੀ ਡਿਊਟੀ ਐਮਰਜੈਂਸੀ ਵਾਰਡ 'ਚ ਲੱਗੀ ਸੀ। ਇਸ ਦੌਰਾਨ ਪਿੱਛੇ ਖੜ੍ਹੇ ਇਕ ਨੌਜਵਾਨ ਨੇ ਆਪਣੇ ਮੋਬਾਇਲ ਨਾਲ ਵੀਡੀਓ ਤਿਆਰ ਕਰ ਲਈ।


Related News