ਵਿਜੀਲੈਂਸ ਦੀ ਟੀਮ ਨੇ ਸਿਵਲ ਹਸਪਤਾਲ ਦੀ ਇਮਾਰਤ ’ਚ ਲੱਗੇ ਮਟੀਰੀਅਲ ਦੇ ਭਰੇ ਸੈਂਪਲ
Tuesday, Jul 24, 2018 - 12:45 AM (IST)
ਕੋਟਕਪੂਰਾ, (ਨਰਿੰਦਰ)- ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਨਵੀਂ ਬਣੀ ਇਮਾਰਤ ਦੇ ਵਿਵਾਦ ਸਬੰਧੀ ਅਕਸਰ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਅਤੇ ਅੱਜ ਚੰਡੀਗਡ਼੍ਹ ਤੋਂ ਆਈ ਵਿਜੀਲੈਂਸ ਦੀ ਟੀਮ ਨੇ ਨਵੀਂ ਬਣੀ ਇਮਾਰਤ ਵਿਚ ਲੱਗੇ ਮਟੀਰੀਅਲ ਦੇ ਸੈਂਪਲ ਭਰੇ ਹਨ।
ਵਿਜੀਲੈਂਸ ਵਿਭਾਗ ਦੇ ਫਰੀਦਕੋਟ ਦਫਤਰ ਵਿਖੇ ਤਾਇਨਾਤ ਸਬ-ਇੰਸਪੈਕਟਰ ਪਾਲ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਬਣਨ ਵਾਲੀਆਂ ਸਰਕਾਰੀ ਇਮਾਰਤਾਂ ਦੀ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਗੁਪਤ ਰਿਪੋਰਟ ਚੰਡੀਗਡ਼੍ਹ ਵਿਖੇ ਭੇਜੀ ਜਾਂਦੀ ਹੈ। ਇਸ ਗੁਪਤ ਰਿਪੋਰਟ ਦੇ ਅਾਧਾਰ ’ਤੇ ਚੰਡੀਗਡ਼੍ਹ ਤੋਂ ਆਈ ਟੈਕਨੀਕਲ ਟੀਮ ਨੇ ਅੱਜ ਸਿਵਲ ਹਸਪਤਾਲ, ਕੋਟਕਪੂਰਾ ਦੀ ਨਵੀਂ ਬਣੀ ਇਮਾਰਤ ਦਾ ਮੁਆਇਨਾ ਕੀਤਾ। ਉਨ੍ਹਾਂ ਦੱਸਿਆ ਕਿ ਚੰਡੀਗਡ਼੍ਹ ਤੋਂ ਟੈਕਨੀਕਲ ਟੀਮ ’ਚ ਸ਼ਾਮਲ ਐਕਸੀਅਨ, ਐੱਸ. ਡੀ. ਓ. ਅਤੇ ਜੇ. ਈ. ਦੀ ਅਗਵਾਈ ਵਾਲੀ ਟੀਮ ਨੇ ਉਕਤ ਇਮਾਰਤ ਬਣਾਉਣ ਵਾਲੇ ਠੇਕੇਦਾਰ ਸਮੇਤ ਵਿਭਾਗ ਦੇ ਉਸ ਐੱਸ. ਡੀ. ਓ. ਅਤੇ ਜੇ. ਈ. ਨੂੰ ਵੀ ਸੂਚਿਤ ਕੀਤਾ, ਜਿਨ੍ਹਾਂ ਦੀ ਨਿਗਰਾਨੀ ਹੇਠ ਉਕਤ ਇਮਾਰਤ ਦਾ ਨਿਰਮਾਣ ਹੋਇਆ ਸੀ। ਸਬੰਧਤ ਠੇਕੇਦਾਰ ਤਾਂ ਮੌਕੇ ’ਤੇ ਨਹੀਂ ਪੁੱਜਾ ਪਰ ਟੈਕਨੀਕਲ ਟੀਮ ਨੇ ਸੀਮੈਂਟ, ਇੱਟਾਂ ਸਮੇਤ ਹੋਰ ਮਟੀਰੀਅਲ ਦੇ ਸੈਂਪਲ ਭਰ ਕੇ ਰਿਪੋਰਟ ਤਿਆਰ ਕਰ ਲਈ ਹੈ। ਜਾਂਚ-ਪਡ਼ਤਾਲ ਉਪਰੰਤ ਜੇਕਰ ਉਕਤ ਸੈਂਪਲਾਂ ’ਚ ਕੋਈ ਘਾਟ ਪਾਈ ਗਈ ਤਾਂ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਜ਼ਿਕਰਯੋਗ ਹੈ ਕਿ ਤਤਕਾਲੀਨ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ 25-05-2015 ਨੂੰ ਕਰੋਡ਼ਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਉਕਤ ਇਮਾਰਤ ਦਾ ਉਦਘਾਟਨ ਸਿਹਤ ਮੰਤਰੀ ਸੁਰਜੀਤ ਜਿਆਣੀ ਨੇ ਇੱਥੋਂ ਦੇ ਵਿਧਾਇਕ ਮਨਤਾਰ ਸਿੰਘ ਬਰਾਡ਼ ਦੀ ਹਾਜ਼ਰੀ ਵਿਚ ਕੀਤਾ ਸੀ ਅਤੇ ਜਦੋਂ ਤੋਂ ਉਕਤ ਇਮਾਰਤ ਹੋਂਦ ’ਚ ਆਈ ਹੈ, ਉਦੋਂ ਤੋਂ ਹੀ ਇਮਾਰਤ ਉਸਾਰੀ ਦੌਰਾਨ ਲੱਗੇ ਮਟੀਰੀਅਲ ਸਬੰਧੀ ਵਿਵਾਦਾਂ ’ਚ ਘਿਰ ਗਈ ਹੈ।
