‘ਆਪ ਬੀਮਾਰ’ ਫਿਰੋਜ਼ਪੁਰ ਦਾ ਸਿਵਲ ਹਸਪਤਾਲ

Monday, May 07, 2018 - 04:54 AM (IST)

‘ਆਪ ਬੀਮਾਰ’ ਫਿਰੋਜ਼ਪੁਰ ਦਾ ਸਿਵਲ ਹਸਪਤਾਲ

ਫਿਰੋਜ਼ਪੁਰ, (ਕੁਮਾਰ)– ਫਿਰੋਜ਼ਪੁਰ ਦੇ ਡਵੀਜ਼ਨਲ ਪੱਧਰ ਦੇ ਸਰਕਾਰੀ ਹਸਪਤਾਲ ਵਿਚ ਸਟਾਫ, ਡਾਕਟਰਾਂ ਤੇ ਦਵਾਈਆਂ ਦੀ ਭਾਰੀ ਘਾਟ ਕਾਰਨ ਸਰਹੱਦੀ ਲੋਕਾਂ ਨੂੰ ਲੋਡ਼ ਅਨੁਸਾਰ ਉਚਿਤ ਇਲਾਜ ਸਹੂਲਤਾਂ ਨਹੀਂ ਮਿਲ ਰਹੀਆਂ ਅਤੇ ਫਿਰੋਜ਼ਪੁਰ ਦੇ ਲੋਕਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਸਿਹਤ ਸਹੂਲਤਾਂ ਦੇਣ ਸਬੰਧੀ ਕੈਪਟਨ ਅਮਰਿੰਦਰ ਦੀ ਸਰਕਾਰ ਤੋਂ ਬਹੁਤ ਉਮੀਦਾਂ ਸਨ ਪਰ ਸੱਤਾਕਾਲ ਦੇ ਕਰੀਬ 15 ਮਹੀਨਿਆਂ ਵਿਚ ਕੈਪਟਨ ਸਰਕਾਰ ਵੀ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਲਈ ਕੁਝ ਵੀ ਚੰਗਾ ਨਹੀਂ ਕਰ ਸਕੀ, ਜਿਸ ਕਾਰਨ ਲੋਕਾਂ ਵਿਚ ਸਿਹਤ ਵਿਭਾਗ ਦੇ ਪ੍ਰਤੀ ਰੋਸ ਵਧਦਾ  ਜਾ ਰਿਹਾ ਹੈ। 
PunjabKesari
 ਬੱਚਿਆਂ ਦਾ ਆਰਥੋ ਤੇ ਈ. ਐੱਨ. ਟੀ. ਦੇ ਮਾਹਿਰ ਡਾਕਟਰ ਨਹੀਂ ਹਨ
 ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਬੱਚਿਆਂ ਦੀਆਂ ਬੀਮਾਰੀਆਂ ਦਾ ਆਰਥੋ ਤੇ ਈ. ਐੱਨ. ਟੀ. ਆਦਿ ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਪਿਛਲੇ ਕੁਝ ਸਮੇਂ ਤੋਂ ਕੁਝ ਮਾਹਿਰ ਡਾਕਟਰਾਂ ਵੱਲੋਂ ਕੀਤੇ ਜਾਣ ਵਾਲੇ ਚੰਗੇ ਇਲਾਜ  ਕਾਰਨ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਮਰੀਜ਼ਾਂ ਦੀ ਓ. ਪੀ. ਡੀ. ਵਿਚ ਵਾਧਾ ਹੋਇਆ ਹੈ ਅਤੇ  ਗਰਮੀ ਵਿਚ ਮਰੀਜ਼ਾਂ ਦੀ ਹਸਪਤਾਲ ਵਿਚ ਲਾਈਨਾਂ ਲੱਗੀਆਂ ਰਹੀਆਂ ਹਨ ਤੇ ਮਾਹਿਰ ਡਾਕਟਰਾਂ ਦੇ ਪਦ ਖਾਲੀ ਹੋਣ ਕਾਰਨ ਗਰੀਬ ਮਰੀਜ਼ਾਂ ਦੇ ਲਈ ਇਲਾਜ ਕਰਵਾਉਣਾ ਮੁਸ਼ਕਲ ਹੋ ਗਿਆ ਹੈ। 
ਲੈਬਾਰਟਰੀ ’ਚ ਸਟਾਫ ਦੀ ਘਾਟ, ਫਾਰਮਾਸਿਸਟ ਤੇ ਵਾਰਡ ਸਰਵੈਂਟ ਦੇ ਪਦ ਖਾਲੀ  
 ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਲੰਬੇ ਸਮੇਂ ਤੋਂ ਲੈਬਾਰਟਰੀ ਵਿਚ ਟੈਕਨੀਸ਼ੀਅਨਾਂ ਦੀ, ਫਾਰਮਾਸਿਸਟ, ਵਾਰਡ ਸਰਵੈਂਟ ਤੇ ਸਟਾਫ ਦੀ ਘਾਟ ਚੱਲ ਰਹੀ ਹੈ, ਜਿਸ ਕਾਰਨ ਆਮ ਜਨਤਾ ਤੇ ਡਾਕਟਰਾਂ ਆਦਿ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਮੁੱਖ ਮੰਤਰੀ ਤੋਂ ਮੰਗ ਹੈ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ। 


 


Related News