ਸਿਟੀ ਪੁਲਸ ਸਟੇਸ਼ਨ ਕੰਪਲੈਕਸ ’ਚ 2 ਏ. ਐੱਸ. ਆਈਜ਼ ਨਾਲ ਕੁੱਟ-ਮਾਰ, ਵਰਦੀ ਪਾਡ਼ੀ

Wednesday, Jul 04, 2018 - 12:08 AM (IST)

ਸਿਟੀ ਪੁਲਸ ਸਟੇਸ਼ਨ ਕੰਪਲੈਕਸ ’ਚ 2 ਏ. ਐੱਸ. ਆਈਜ਼ ਨਾਲ ਕੁੱਟ-ਮਾਰ, ਵਰਦੀ ਪਾਡ਼ੀ

ਗੁਰਦਾਸਪੁਰ,   (ਵਿਨੋਦ)-  ਇਕ ਕੇਸ ਵਿਚ ਪੁਲਸ ਦਖਲ ਨਾਲ ਸਮਝੌਤਾ ਹੋਣ ਉਪਰੰਤ ਸਿਟੀ ਪੁਲਸ ਸਟੇਸ਼ਨ ਵਿਚ ਹੀ ਮਾਮੂਲੀ ਗੱਲ ਨੂੰ ਲੈ ਕੇ ਮੁਲਜ਼ਮ ਪੱਖ ਦੇ ਲੋਕਾਂ ਨੇ 2 ਏ. ਐੱਸ. ਆਈਜ਼ ’ਤੇ ਹਮਲਾ ਕਰ ਕੇ  ਵਰਦੀ ਨੂੰ ਪਾਡ਼  ਦਿੱਤਾ। ਪੁਲਸ ਅਧਿਕਾਰੀਅਾਂ ’ਤੇ ਹਮਲਾ ਹੁੰਦਾ ਵੇਖ ਪੁਲਸ ਇਕਦਮ ਹਰਕਤ ਵਿਚ ਆਈ ਤੇ ਤਿੰਨ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਪੁਲਸ ਅਧਿਕਾਰੀਆਂ ਨੂੰ ਉਨ੍ਹਾਂ ਦੇ ਚੁੰਗਲ ’ਚੋਂ ਛੁਡਵਾਇਆ।
 ਸਿਟੀ ਪੁਲਸ ਸਟੇਸ਼ਨ ਵਿਚ ਡੀ. ਐੱਸ. ਪੀ. ਰਿਪੁਤਾਪਨ ਸਿੰਘ ਸੰਧੂ ਤੇ ਥਾਣਾ ਮੁਖੀ ਸ਼ਾਮ ਲਾਲ ਨੇ ਗੱਲਬਾਤ ਕਰਦਿਅਾਂ ਦੱਸਿਆ ਕਿ ਸੁਰਿੰਦਰ ਮਹਾਜਨ ਵਾਸੀ ਗੁਰਦਾਸਪੁਰ ਨੇ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਸੁਰਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਨਿਵਾਸੀ ਝਡ਼ੌਲੀ ਦੀਨਾਨਗਰ ਨਾਲ ਆਡ਼੍ਹਤ ਦਾ ਲੈਣ-ਦੇਣ ਦਾ ਝਗਡ਼ਾ ਸੀ ਅਤੇ ਇਸ ਸਬੰਧੀ ਅੱਜ ਜਾਂਚ ਅਧਿਕਾਰੀ ਏ. ਐੱਸ. ਆਈ. ਮਨਜਿੰਦਰ ਸਿੰਘ ਨੇ ਦੋਵਾਂ ਪਾਰਟੀਅਾਂ ਨੂੰ ਪੁਲਸ ਸਟੇਸ਼ਨ ਵਿਚ ਸਮਝੌਤੇ ਲਈ ਬੁਲਾਇਆ  ਸੀ ਅਤੇ ਦੋਵਾਂ ਪਾਰਟੀਅਾਂ ’ਚ  ਸਮਝੌਤਾ ਹੋ ਗਿਆ। ਉਪਰੰਤ ਸੁਰਿੰਦਰ ਸਿੰਘ ਦੇ ਸਾਥੀ ਗੁਰਨਾਮ ਸਿੰਘ ਪੁੱਤਰ ਜੈਮਲ ਸਿੰਘ ਨਿਵਾਸੀ  ਖੁੰਡਾ ਫਿਰੋਜ਼ਪੁਰ, ਹਰਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਪਿੰਡ ਰਾਜਪੁਰਾ ਪਠਾਨਕੋਟ ਕਿਸੇ ਗੱਲ ਨੂੰ ਲੈ ਕੇ ਪੁਲਸ ਸਟੇਸ਼ਨ ਕੰਪਲੈਕਸ ’ਚ ਲਡ਼ਨ ਲੱਗੇ। ਪੁਲਸ ਸਟੇਸ਼ਨ ’ਚ ਸ਼ੋਰ ਸੁਣ ਕੇ ਡਿਊਟੀ ਅਧਿਕਾਰੀ ਏ. ਐੱਸ. ਆਈ. ਰਾਜ ਮਸੀਹ ਨੇ ਉਕਤ ਵਿਅਕਤੀਆਂ ਨੂੰ ਰੋਕਿਅਾ ਪਰ  ਇਨ੍ਹਾਂ ਲੋਕਾਂ ਨੇ ਏ. ਐੱਸ. ਆਈ. ਰਾਜ ਮਸੀਹ ਨਾਲ ਝਗਡ਼ਾ ਸ਼ੁਰੂ ਕਰ ਦਿੱਤਾ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਉਕਤ ਲੋਕਾਂ ਨੇ ਰਾਜ ਮਸੀਹ ਦੀ ਵਰਦੀ ਪਾਡ਼ ਦਿੱਤੀ। ਇਸ ਦੌਰਾਨ ਜਾਂਚ ਅਧਿਕਾਰੀ ਏ. ਐੱਸ. ਆਈ. ਮਨਜਿੰਦਰ ਸਿੰਘ ਨੇ ਮਾਮਲੇ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਪਰ ਉਕਤ ਦੋਸ਼ੀਆਂ ਨੇ ਮਨਜਿੰਦਰ ਸਿੰਘ ’ਤੇ ਵੀ ਹਮਲਾ ਕਰ ਕੇ ਉਸ ਦੀ ਵਰਦੀ ਪਾਡ਼ ਦਿੱਤੀ। ਇਸ ਝਗਡ਼ੇ ’ਚ ਸੁਰਿੰਦਰ ਸਿੰਘ ਨੇ ਵੀ ਆਪਣੇ ਸਹਿਯੋਗੀਆਂ ਦਾ ਸਾਥ ਦਿੰਦੇ ਹੋਏ ਪੁਲਸ  ਨਾਲ ਹੱਥੋਪਾਈ ਕੀਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਸਬੰਧੀ ਸੁਰਿੰਦਰ ਸਿੰਘ, ਗੁਰਨਾਮ ਸਿੰਘ, ਹਰਦੀਪ ਸਿੰਘ ਵਿਰੁੱਧ  ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ।
 


Related News