ਸ਼ਹਿਰ ਦੀ ਨਿਕਾਸੀ ਵਾਲੇ ਪਾਣੀ ਦਾ ਵੱਡਾ ਹਿੱਸਾ ਸੰਭਾਲਣ ਵਾਲੇ ਛੱਪੜਾਂ ਦੀ ਹੋਂਦ ਨੂੰ ਖਤਰਾ
Saturday, Mar 31, 2018 - 08:03 AM (IST)
ਕੋਟਕਪੂਰਾ (ਨਰਿੰਦਰ) - ਸ਼ਹਿਰ ਦੇ ਵੱਡੇ ਹਿੱਸੇ ਦੀ ਨਿਕਾਸੀ ਦਾ ਗੰਦਾ ਪਾਣੀ ਸੰਭਾਲਣ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਬਣੇ ਹੋਏ ਛੱਪੜ ਲੋਕਾਂ ਲਈ ਵੱਡੀ ਮੁਸੀਬਤ ਬਣੇ ਹੋਏ ਹਨ। ਇਨ੍ਹਾਂ ਛੱਪੜਾਂ ਵਿਚ ਸ਼ਰੇਆਮ ਸੁੱਟੇ ਜਾ ਰਹੇ ਕੂੜਾ-ਕਰਕਟ ਕਾਰਨ ਇਨ੍ਹਾਂ ਦੀ ਹੋਂਦ ਨੂੰ ਹੀ ਖਤਰਾ ਪੈਦਾ ਹੋ ਗਿਆ ਹੈ। ਇਹ ਛੱਪੜ ਜਿੱਥੇ ਖਾਸ ਕਰ ਕੇ ਬਰਸਾਤਾਂ ਦੌਰਾਨ ਭਾਰੀ ਮਾਤਰਾ ਵਿਚ ਪਾਣੀ ਸੰਭਾਲ ਲੈਂਦੇ ਹਨ, ਉਥੇ ਲੋਕਾਂ ਵੱਲੋਂ ਇਨ੍ਹਾਂ ਵਿਚ ਲਗਾਤਾਰ ਸੁੱਟੀ ਜਾ ਰਹੀ ਗੰਦਗੀ ਨੇ ਇਨ੍ਹਾਂ ਦਾ ਰੂਪ ਹੀ ਬਦਲ ਕੇ ਰੱਖ ਦਿੱਤਾ ਹੈ। ਇਹ ਛੱਪੜ ਬਰਸਾਤਾਂ ਅਤੇ ਆਮ ਦਿਨਾਂ ਵਿਚ ਭਾਵੇਂ ਪਾਣੀ ਦੀ ਨਿਕਾਸੀ ਲਈ ਸਹਾਈ ਹੁੰਦੇ ਹਨ ਪਰ ਇਨ੍ਹਾਂ ਦੀ ਸਾਫ-ਸਫਾਈ ਵੱਲ ਕੋਈ ਖਾਸ ਧਿਆਨ ਨਾ ਦਿੱਤੇ ਜਾਣ ਕਾਰਨ ਦਿਨੋ-ਦਿਨ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ। ਇਨ੍ਹਾਂ ਛੱਪੜਾਂ ਵਿਚ ਪਈ ਗੰਦਗੀ ਅਤੇ ਭਾਰੀ ਬਦਬੂ ਕਾਰਨ ਨੇੜਲੀ ਆਬਾਦੀ ਨੂੰ ਵੀ ਭਾਰੀ ਪ੍ਰੇਸ਼ਾਨੀ ਆ ਰਹੀ ਹੈ। ਇਸ ਤੋਂ ਇਲਾਵਾ ਸਫਾਈ ਨਾ ਹੋਣ ਅਤੇ ਕੂੜਾ-ਕਰਕਟ ਇਨ੍ਹਾਂ ਦੇ ਆਲੇ-ਦੁਆਲੇ ਖਿੱਲਰਿਆ ਹੋਣ ਕਾਰਨ ਇਲਾਕੇ ਦੀ ਸੁੰਦਰਤਾ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ।
ਲੰਬੇ ਸਮੇਂ ਤੋਂ ਨਹੀਂ ਹੋਈ ਸਫਾਈ
ਸ਼ਹਿਰ ਦੇ ਠਾੜਿਆਂ ਵਾਲੇ ਅਗਵਾੜ ਨੇੜੇ, ਮੁਹੱਲਾ ਜੀਵਨ ਨਗਰ, ਗੁਰੂ ਅਮਰਦਾਸ ਨਗਰ ਅਤੇ ਗੁਰੂ ਤੇਗ ਬਹਾਦਰ ਨਗਰ ਵਿਖੇ ਬਣੇ ਹੋਏ ਇਨ੍ਹਾਂ ਛੱਪੜਾਂ ਵਿਚ ਗੰਦਗੀ ਅਤੇ ਕੂੜਾ-ਕਰਕਟ ਲਗਾਤਾਰ ਵਧ ਰਿਹਾ ਹੈ ਕਿਉਂਕਿ ਲੋਕਾਂ ਵੱਲੋਂ ਆਪਣਾ ਕੂੜਾ ਇਨ੍ਹਾਂ ਵਿਚ ਸੁੱਟਣ ਤੋਂ ਇਲਾਵਾ ਲੰਬੇ ਸਮੇਂ ਤੋਂ ਇਨ੍ਹਾਂ ਛੱਪੜਾਂ ਦੀ ਸਫਾਈ ਨਹੀਂ ਹੋਈ ਹੈ। ਕਾਫੀ ਸਮਾਂ ਪਹਿਲਾਂ ਇਨ੍ਹਾਂ ਛੱਪੜਾਂ ਦਾ ਪਾਣੀ ਸਾਫ ਹੋਣ ਕਾਰਨ ਅਕਸਰ ਹੀ ਲੋਕ ਆਪਣੇ ਪਸ਼ੂਆਂ ਨੂੰ ਇਨ੍ਹਾਂ ਛੱਪੜਾਂ 'ਚ ਨਹਾਉਣ ਲਈ ਲੈ ਕੇ ਆਉਂਦੇ ਸਨ ਪਰ ਅੱਜ ਕੱਲ ਅਜਿਹਾ ਨਹੀਂ ਹੁੰਦਾ ਕਿਉਂਕਿ ਪਾਣੀ ਗੰਦਾ ਹੋ ਚੁੱਕਾ ਹੈ ਹੁਣ ਇੱਥੇ ਪਸ਼ੂਆਂ ਨੂੰ ਨਹਾਉਣਾ ਤਾਂ ਦੂਰ ਦੀ ਗੱਲ ਇਨ੍ਹਾਂ ਛੱਪੜਾਂ ਦੇ ਕੋਲੋਂ ਲੰਘਣਾ ਵੀ ਮੁਸ਼ਕਲ ਹੋ ਰਿਹਾ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਨ੍ਹਾਂ ਛੱਪੜਾਂ ਦੀ ਸਫਾਈ
ਕਰਵਾਈ ਜਾਵੇ।
ਬੀਮਾਰੀਆਂ ਫੈਲਣ ਦਾ ਡਰ
ਇਨ੍ਹਾਂ ਛੱਪੜਾਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਕਿਉਂਕਿ ਗੰਦੇ ਪਾਣੀ ਕਾਰਨ ਮੱਛਰਾਂ ਅਤੇ ਮੱਖੀਆਂ ਦੀ ਭਰਮਾਰ ਹੋ ਰਹੀ ਹੈ, ਜਿਸ ਕਾਰਨ ਬੀਮਾਰੀਆਂ ਫੈਲਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਭਾਰੀ ਬਦਬੂ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਚੁੱਕਾ ਹੈ ਅਤੇ ਇਨ੍ਹਾਂ ਛੱਪੜਾਂ ਦੇ ਨੇੜਿਓਂ ਲੰਘਣ ਵਾਲੇ ਲੋਕ ਨੱਕ ਢਕ ਕੇ ਲੰਘਣ ਲਈ ਮਜਬੂਰ ਹਨ।
ਅੱਗ ਦੀਆਂ ਘਟਨਾਵਾਂ ਕਾਰਨ ਹੋ ਸਕਦੈ ਨੁਕਸਾਨ
ਇਨ੍ਹਾਂ ਛੱਪੜਾਂ 'ਚ ਜ਼ਿਆਦਾਤਰ ਸਰਕੰਡਾ ਪੈਦਾ ਹੋ ਚੁੱਕਾ ਹੈ ਅਤੇ ਖਾਸ ਕਰ ਕੇ ਗਰਮੀਆਂ ਦੇ ਦਿਨਾਂ ਵਿਚ ਇੱਥੇ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ। ਛੱਪੜਾਂ ਵਿਚ ਲੱਗੀ ਇਹ ਅੱਗ ਜਿੱਥੇ ਨੇੜਲੀ ਆਬਾਦੀ ਲਈ ਕਿਸੇ ਵੇਲੇ ਵੀ ਖਤਰਾ ਸਿੱਧ ਹੋ ਸਕਦੀ ਹੈ, ਉਥੇ ਅਨੇਕਾਂ ਵਾਰ ਲੱਗੀ ਇਸ ਅੱਗ ਕਾਰਨ ਹੁਣ ਤੱਕ ਹਜ਼ਾਰਾਂ ਦੀ ਗਿਣਤੀ 'ਚ ਪੰਛੀ ਝੁਲਸ ਕੇ ਮਾਰੇ ਜਾ ਚੁੱਕੇ ਹਨ। ਛੱਪੜਾਂ ਦੀ ਸੀਮਾ ਸਬੰਧੀ ਕੋਈ ਪੱਕੀ ਨਿਸ਼ਾਨਦੇਹੀ ਨਾ ਹੋਣ ਕਾਰਨ ਇਸ ਸਰਕਾਰੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕਰਨ ਦੀਆਂ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਹਨ ਅਤੇ ਇਸ ਸਬੰਧੀ ਕਈ ਵਾਰ ਸੁਰਖੀਆਂ ਵੀ ਬਣ ਚੁੱਕੀਆਂ ਹਨ। ਸਮਾਜ ਸੇਵੀ ਸੰਸਥਾਵਾਂ ਵੱਲੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਰੋਜ਼ ਗਾਰਡਨ ਦੀ ਥਾਂ ਬਣਿਆ ਛੱਪੜ
ਸਾਲ 1995 ਵਿਚ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਵੱਲੋਂ ਸ਼ਹਿਰ ਦੇ ਵਾਰਡ ਨੰਬਰ 17 'ਚ ਰੋਜ਼ ਗਾਰਡਨ ਬਣਾਉਣ ਲਈ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਜਾਣਕਾਰੀ ਅਨੁਸਾਰ ਇਹ ਰੋਜ਼ ਗਾਰਡਨ 6 ਏਕੜ ਦੇ ਕਰੀਬ ਪਈ ਖਾਲੀ ਸਰਕਾਰੀ ਜ਼ਮੀਨ 'ਤੇ ਬਣਾਇਆ ਜਾਣਾ ਸੀ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਧਿਆਨ ਨਾ ਦੇਣ ਕਾਰਨ ਇਸ ਜਗ੍ਹਾ ਨੇ ਰੋਜ਼ ਗਾਰਡਨ ਦੀ ਥਾਂ ਇਕ ਵੱਡੇ ਛੱਪੜ ਦਾ ਰੂਪ ਧਾਰਨ ਕਰ ਲਿਆ, ਜਿਸ ਕਾਰਨ ਭਵਿੱਖ ਵਿਚ ਲੋਕਾਂ ਨੂੰ ਸਾਫ-ਸੁਥਰਾ ਵਾਤਾਵਰਣ ਅਤੇ ਬੱਚਿਆਂ ਦੇ ਖੇਡਣ ਲਈ ਸ਼ਾਨਦਾਰ ਜਗ੍ਹਾ ਮਿਲਣ ਦੀ ਬਜਾਏ ਇਸ ਛੱਪੜ ਵਿਚ ਭਰੀ ਹੋਈ ਗੰਦਗੀ ਅਤੇ ਸਰਕੰਡਾ ਨਸੀਬ ਹੋਇਆ।
