ਲੀ-ਕਾਰਬੂਜੀਏ ਕਾਰਨ ਸਿਟੀ ਬਿਊਟੀਫੁੱਲ ਹੈ ''ਚੰਡੀਗੜ੍ਹ''

Sunday, Sep 15, 2019 - 12:13 PM (IST)

ਲੀ-ਕਾਰਬੂਜੀਏ ਕਾਰਨ ਸਿਟੀ ਬਿਊਟੀਫੁੱਲ ਹੈ ''ਚੰਡੀਗੜ੍ਹ''

ਚੰਡੀਗੜ੍ਹ (ਭੁੱਲਰ) - ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕਿਹਾ ਕਿ ਸਥਾਪਨਾ ਦੇ ਕਈ ਦਹਾਕਿਆਂ ਮਗਰੋਂ ਚੰਡੀਗੜ੍ਹ ਦੀ ਪਛਾਣ ਸਿਟੀ ਬਿਊਟੀਫੁੱਲ ਦੇ ਰੂਪ 'ਚ ਹੁੰਦੀ ਹੈ। ਇਸ ਦਾ ਸਿਹਰਾ ਇਸ ਸ਼ਹਿਰ ਨੂੰ ਡਿਜ਼ਾਈਨ ਕਰਨ ਵਾਲੇ ਫਰਾਂਸ ਦੇ ਆਰਕੀਟੈਕਟ ਲੀ-ਕਾਰਬੂਜੀਏ ਨੂੰ ਜਾਂਦਾ ਹੈ। ਇਸ ਲਈ ਇਥੋਂ ਦੀ ਵਿਰਾਸਤ 'ਚ ਛੇੜਛਾੜ ਕੀਤੇ ਬਿਨਾਂ ਇਸ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਦੀ ਦਿਸ਼ਾ 'ਚ ਪ੍ਰਸ਼ਾਸਨ ਵਲੋਂ ਯਤਨ ਕੀਤੇ ਜਾ ਰਹੇ ਹਨ। ਬਦਨੌਰ ਸ਼ਨੀਵਾਰ ਨੂੰ ਸੈਕਟਰ-17 ਸਥਿਤ ਪਰੇਡ ਗਰਾਊਂਡ 'ਚ ਪੀ.ਐੱਚਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਅਤੇ ਇੰਡੀਅਨ ਪਲੰਬਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੋਜਿਤ 7ਵੇਂ ਆਰਕੀਬਿਲਡ ਦਾ ਉਦਘਾਟਨ ਕਰਨ ਮਗਰੋਂ ਉਦਯੋਗਪਤੀਆਂ, ਆਰਕੀਟੈਕਚਰਲ ਸੈਕਟਰ ਨਾਲ ਜੁੜੇ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਈ ਸਾਲ ਪਹਿਲਾਂ ਡਿਜ਼ਾਈਨ ਕੀਤਾ ਗਿਆ ਚੰਡੀਗੜ੍ਹ ਆਰਕੀਟੈਕਚਰਲ ਖੇਤਰ ਨਾਲ ਜੁੜੇ ਲੋਕਾਂ ਦੇ ਲਈ ਖੋਜ ਦਾ ਕੇਂਦਰ ਹੈ। ਇਹੀ ਕਾਰਨ ਹੈ ਕਿ ਦੇਸ਼ ਦੇ ਕਈ ਹਿੱਸਿਆਂ 'ਚ ਨਵੇਂ ਸ਼ਹਿਰਾਂ ਦੀ ਸਥਾਪਨਾ ਦੇ ਲਈ ਚੰਡੀਗੜ੍ਹ ਨੂੰ ਕਾਪੀ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਸ ਸਮੇਂ ਚੰਡੀਗੜ੍ਹ ਦੀ ਸਭ ਤੋਂ ਵੱਡੀ ਸਮੱਸਿਆ ਪਾਰਕਿੰਗ ਅਤੇ ਲਗਾਤਾਰ ਵਧ ਰਹੀ ਟ੍ਰੈਫਿਕ ਦੀ ਹੈ, ਜਿਸ ਦੇ ਮੱਦੇਨਜ਼ਰ ਭਵਿੱਖ 'ਚ ਇਮਾਰਤ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨਿੱਜੀ ਖੇਤਰ ਨਾਲ ਜੁੜੇ ਲੋਕਾਂ ਨੂੰ ਸੱਦਾ ਦਿੱਤਾ ਕਿ ਪ੍ਰਾਈਵੇਟ ਖੇਤਰ ਦੀਆਂ ਇਮਾਰਤਾਂ 'ਚ ਜਿੱਥੇ ਭਵਿੱਖ ਦੀਆਂ ਜ਼ਰੂਰਤਾਂ ਅਨੁਸਾਰ ਨਿਰਮਾਣ ਕੀਤਾ ਜਾਵੇ, ਉਥੇ ਹੀ ਸੋਲਰ ਪ੍ਰਣਾਲੀ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਮੰਗ ਹੈ। ਸਮਾਗਮ ਦੀ ਅਗਵਾਈ ਕਰਦਿਆਂ ਚੰਡੀਗੜ੍ਹ ਭਾਜਪਾ ਪ੍ਰਧਾਨ ਸੰਜੇ ਟੰਡਨ ਨੇ ਕਿਹਾ ਕਿ ਚੰਡੀਗੜ੍ਹ 'ਚ ਆਰਕੀਟੈਕਟਾਂ ਨੂੰ ਚਾਹੀਦਾ ਹੈ ਕਿ ਉਹ ਭਵਨਾਂ ਦੇ ਨਕਸ਼ੇ ਇਸ ਤਰ੍ਹਾਂ ਡਿਜ਼ਾਈਨ ਕਰਨ, ਜਿਸ ਨਾਲ ਪਾਣੀ ਦੀ ਸੰਭਾਲ ਨੂੰ ਉਤਸ਼ਾਹ ਮਿਲੇ। ਚੰਡੀਗੜ੍ਹ ਦੀ ਸੁੰਦਰਤਾ ਨੂੰ ਬਚਾ ਕੇ ਰੱਖਣ ਲਈ ਸਾਰਿਆਂ ਨੂੰ ਇਕਜੁੱਟਤਾ ਦੇ ਨਾਲ ਕੰਮ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਪ੍ਰਸਾਸ਼ਕ ਦਾ ਇਥੇ ਪਹੁੰਚਣ 'ਤੇ ਸਵਾਗਤ ਕਰਦੇ ਹੋਏ ਪੀ.ਐੱਚਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਚੰਡੀਗੜ੍ਹ ਦੇ ਕੋ-ਚੇਅਰਮੈਨ ਮਧੂਸੂਦਨ ਵਿਜ ਨੇ ਕਿਹਾ ਕਿ ਚੈਂਬਰ ਵਲੋਂ ਆਯੋਜਿਤ 3 ਰੋਜ਼ਾ ਆਰਕੀਬਿਲਡ ਦੌਰਾਨ ਮਾਹਿਰਾਂ ਵਲੋਂ ਭਵਨ ਨਿਰਮਾਣ ਦੇ ਖੇਤਰ 'ਚ ਆ ਰਹੇ ਬਦਲਾਅ ਤੇ ਨਵੀਂ ਤਕਨੀਕ ਦੇ ਬਾਰੇ ਮੰਥਨ ਕੀਤਾ ਗਿਆ ਹੈ।


author

rajwinder kaur

Content Editor

Related News