ਚਿੰਤਪੂਰਨੀ ਮੈਡੀਕਲ ਕਾਲਜ ਦੇ ਸਾਰੇ ਵਿਦਿਆਰਥੀ ਸ਼ਿਫਟ ਕਰੇਗੀ ਪੰਜਾਬ ਸਰਕਾਰ

Monday, Oct 30, 2017 - 06:57 AM (IST)

ਚਿੰਤਪੂਰਨੀ ਮੈਡੀਕਲ ਕਾਲਜ ਦੇ ਸਾਰੇ ਵਿਦਿਆਰਥੀ ਸ਼ਿਫਟ ਕਰੇਗੀ ਪੰਜਾਬ ਸਰਕਾਰ

ਪਟਿਆਲਾ  (ਪਰਮੀਤ) - ਪੰਜਾਬ ਸਰਕਾਰ ਵੱਲੋਂ ਚਿੰਤਪੂਰਨੀ ਮੈਡੀਕਲ ਕਾਲਜ ਦੇ ਸਾਰੇ ਵਿਦਿਆਰਥੀਆਂ ਨੂੰ ਸ਼ਿਫਟ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ। ਇਹ ਪ੍ਰਗਟਾਵਾ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਕੀਤਾ।
ਅੱਜ ਇੱਥੇ ਇਕ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਇਸ ਮਾਮਲੇ 'ਤੇ ਮੰਤਰੀ ਮੰਡਲ ਦੀ ਮੀਟਿੰਗ ਵਿਚ ਵਿਚਾਰ-ਵਟਾਂਦਰਾ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕਰਨ ਵਾਸਤੇ ਲੋੜੀਂਦੀਆਂ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਮੈਡੀਕਲ ਕੌਂਸਲ ਆਫ ਇੰਡੀਆ (ਐੈੱਮ. ਸੀ. ਆਈ.) ਵੱਲੋਂ ਮਾਨਤਾ ਨਾ ਦੇਣ ਦੇ ਬਾਵਜੂਦ ਕਾਲਜ ਵਿਚ ਦਾਖਲੇ ਕੀਤੇ ਗਏ ਸਨ। ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਦੂਜੇ ਮੈਡੀਕਲ ਕਾਲਜ ਵਿਚ ਸ਼ਿਫਟ ਕਰਨ ਦੀ ਤਜਵੀਜ਼ ਐੈੱਮ. ਸੀ. ਆਈ. ਦੀ ਮਨਜ਼ੂਰੀ ਵਾਸਤੇ ਭੇਜੀ ਹੈ। ਮਨਜ਼ੂਰੀ ਮਿਲਦਿਆਂ ਹੀ ਇਹ ਵਿਦਿਆਰਥੀ ਸ਼ਿਫਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰਾਜ ਸਰਕਾਰ ਐੈੱਮ. ਸੀ. ਆਈ. ਨੂੰ ਚਿੰਤਪੂਰਨੀ ਮੈਡੀਕਲ ਕਾਲਜ ਦੀ 10 ਕਰੋੜ ਦੀ ਗਾਰੰਟੀ ਕੈਸ਼ ਕਰਵਾਉਣ ਵਾਸਤੇ ਵੀ ਲਿਖ ਰਹੀ ਹੈ।
ਡੇਂਗੂ ਦੇ ਮਰੀਜ਼ਾਂ ਲਈ ਮੁਫਤ ਇਲਾਜ ਵਾਸਤੇ ਹਦਾਇਤਾਂ
ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੇ ਮਰੀਜ਼ਾਂ ਦੇ ਮੁਫਤ ਇਲਾਜ ਅਤੇ ਮੁਫਤ ਟੈਸਟਾਂ ਵਾਸਤੇ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਹਨ। ਸਾਰੇ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੇ ਇਲਾਜ ਵਾਸਤੇ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ। ਸਿਹਤ ਵਿਭਾਗ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡੇਂਗੂ ਕੇਸਾਂ ਦੇ ਮਾਮਲੇ ਵਿਚ ਸਿਵਲ ਸਰਜਨਾਂ ਨੂੰ ਹੋਰ ਚੌਕਸੀ ਵਰਤਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।


Related News