ਕੋਰੋਨਾ ਵਾਇਰਸ ਨੂੰ ਲੈ ਕੇ ਆਸਟਰੇਲੀਆ ’ਚ ਚਾਈਨੀਜ਼ ਵਿਦਿਆਰਥੀਆਂ ਦੀ ਐਂਟਰੀ ’ਤੇ ਰੋਕ

02/08/2020 7:34:41 PM

ਜਲੰਧਰ (ਸੁਧੀਰ)-ਚੀਨ ’ਚ ਕੋਰੋਨਾ ਵਾਇਰਸ ਨੂੰ ਲੈ ਕੇ ਜਿਥੇ ਪੂਰੇ ਵਿਸ਼ਵ ਵਿਚ ਹਾਹਾਕਾਰ ਮਚੀ ਹੋਈ ਹੈ, ਉਥੇ ਹੀ ਇਸ ਸਬੰਧੀ ਆਸਟਰੇਲੀਆ ਸਰਕਾਰ ਛੇਤੀ ਹੀ ਪੜ੍ਹਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦੇ ਸਕਦੀ ਹੈ ਪਰ ਫਿਲਹਾਲ ਇਸ ਗੱਲ ਦੀ ਅਜੇ ਤੱਕ ਅਧਿਕਾਰਕ ਤੌਰ ’ਤੇ ਪੁਸ਼ਟੀ ਨਹੀਂ ਹੋਈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਣ ਆਸਟਰੇਲੀਆ ਸਰਕਾਰ ਭਾਰਤ ਨੂੰ ਲੈਵਲ 3 ਤੋਂ 2 ’ਚ ਲਿਆ ਸਕਦੀ ਹੈ। ਇਸ ਦੌਰਾਨ ਭਾਰਤੀ ਵਿਦਿਆਰਥੀਆਂ ਦਾ ਪੜ੍ਹਾਈ ਦੇ ਤੌਰ ’ਤੇ ਜਾਣਾ ਸੌਖਾ ਹੋ ਜਾਵੇਗਾ। ਉਥੇ ਹੀ ਦੂਜੇ ਪਾਸੇ ਆਸਟਰੇਲੀਆ ਸਰਕਾਰ ਵਲੋਂ ਭਾਰਤ ਨੂੰ ਲੈਵਲ 3 ਤੋਂ 2 ’ਤੇ ਆਉਣ ਦੀਆਂ ਸੰਭਾਵਨਾਵਾਂ ਕਾਰਣ ਪੰਜਾਬ ਦੇ ਟ੍ਰੈਵਲ ਕਾਰੋਬਾਰੀਆਂ ਨੇ ਆਸਟਰੇਲੀਆ ਸਟੂਡੈਂਟ ਵੀਜ਼ਾ ਨੂੰ ਪ੍ਰਮੋਟ ਕਰਨ ਲਈ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਹਨ। ਜੇਕਰ ਸੂਤਰਾਂ ਦੀ ਮੰਨੀਏ ਤਾਂ ਵੱਡੇ ਟ੍ਰੈਵਲ ਕਾਰੋਬਾਰੀ ਭਾਰਤ ਦੇ ਲੈਵਲ 2 ’ਤੇ ਆਉਣ ਦੀ ਖਬਰ ਨਾਲ ਇਕ ਇਨਟੇਕ ਨਾਲ ਕਰੋੜਾਂ ਰੁਪਏ ਦੇ ਕਾਰੋਬਾਰ ਕਰਨ ਦਾ ਮਨ ਬਣਾ ਰਹੇ ਹਨ।

ਜ਼ਿਕਰਯੋਗ ਹੈ ਕਿ ਪੜ੍ਹਾਈ ਦੇ ਤੌਰ ’ਤੇ ਆਸਟਰੇਲੀਆ ਜਾਣ ਦੇ ਚਾਹਵਾਨ ਵਿਦਿਆਰਥੀ ਚੀਨ ਤੋਂ ਵੱਡੀ ਗਿਣਤੀ ’ਚ ਪੜ੍ਹਾਈ ਕਰਨ ਜਾਂਦੇ ਸਨ ਅਤੇ ਚੀਨ ’ਚ ਕੋਰੋਨਾ ਵਾਇਰਸ ਆਉਣ ਕਾਰਣ ਆਸਟਰੇਲੀਆ ਸਰਕਾਰ ਨੇ ਚਾਈਨੀਜ਼ ਸਟੂਡੈਂਟਸ ਅਤੇ ਹੋਰ ਲੋਕਾਂ ’ਤੇ ਆਸਟਰੇਲੀਆ ’ਚ ਦਾਖਲ ਹੋਣ ’ਤੇ ਰੋਕ ਲਾ ਦਿੱਤੀ ਹੈ, ਜਿਸ ਕਾਰਣ ਆਸਟਰੇਲੀਆ ’ਚ ਸਟੂਡੈਂਟ ਇੰਡਸਟਰੀ ਨੂੰ ਮੰਦੀ ਦੀ ਮਾਰ ਝੱਲਣੀ ਪੈ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਤੋਂ ਇੰਟਰਨੈਸ਼ਨਲ ਸਟੂਡੈਂਟ ਨਾ ਆਉਣ ਕਾਰਣ ਆਸਟਰੇਲੀਆ ’ਚ ਐਜੂਕੇਸ਼ਨ ਇੰਡਸਟਰੀ ਨੂੰ ਮਿਲੀਅਨਸ ਡਾਲਰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਥੇ ਹੀ ਦੂਜੇ ਪਾਸੇ ਟ੍ਰੈਵਲ ਕਾਰੋਬਾਰੀਆਂ ਵਲੋਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਭਾਰਤ ਨੂੰ ਪਹਿਲਾਂ ਲੈਵਲ 3 ’ਚ ਰੱਖਿਆ ਗਿਆ ਸੀ ਪਰ ਹੁਣ ਕੋਰੋਨਾ ਵਾਇਰਸ ਅਤੇ ਆਸਟਰੇਲੀਆ ਐਜੂਕੇਸ਼ਨ ਇੰਡਸਟਰੀ ’ਚ ਮਿਲੀਅਨਸ ਡਾਲਰ ਘਾਟੇ ਕਾਰਣ ਭਾਰਤ ਨੂੰ ਛੇਤੀ ਲੈਵਲ 2 ’ਚ ਲਿਆਉਣ ਦਾ ਐਲਾਨ ਕੀਤਾ ਜਾ ਸਕਦਾ ਹੈ।

ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਲੈਵਲ 3 ’ਚ ਭਾਰਤੀ ਵਿਦਿਆਰਥੀਆਂ ਨੂੰ ਪਹਿਲਾਂ ਆਪਣੀ ਵੀਜ਼ਾ ਐਪਲੀਕੇਸ਼ਨ ਅਪਲਾਈ ਕਰਦੇ ਸਮੇਂ ਆਪਣੇ ਬੈਂਕ ਖਾਤੇ ’ਚ ਫੰਡ, ਆਈਲੈਟਸ ਟੈਸਟ ਤੇ ਹੋਰ ਕਈ ਤਰ੍ਹਾਂ ਦੇ ਦਸਤਾਵੇਜ਼ ਦਿਖਾਉਣੇ ਪੈਂਦੇ ਹਨ, ਜਿਸ ਕਾਰਣ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਲੈਣ ’ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਲੈਵਲ ’ਚ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਭਾਰਤੀ ਵਿਦਿਆਰਥੀਆਂ ਨੂੰ ਛੁਟਕਾਰਾ ਮਿਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ, ਜਿਸ ਕਾਰਣ ਟ੍ਰੈਵਲ ਕਾਰੋਬਾਰੀਆਂ ਦੇ ਚਿਹਰੇ ਵੀ ਖਿੜਨੇ ਸ਼ੁਰੂ ਹੋ ਗਏ ਹਨ।

ਪਹਿਲਾਂ ਆਓ, ਪਹਿਲਾਂ ਪਾਓ ਵਰਗੀ ਨੀਤੀ ਅਪਣਾਉਣ ’ਚ ਜੁਟੇ ਕਾਰੋਬਾਰੀ
ਸੋਸ਼ਲ ਮੀਡੀਆ ’ਤੇ ਐਕਟਿਵ ਹੋਏ ਟ੍ਰੈਵਲ ਕਾਰੋਬਾਰੀ

ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਅਜੇ ਫਿਲਹਾਲ ਆਸਟਰੇਲੀਆ ਸਰਕਾਰ ਨੇ ਇਸ ਗੱਲ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਪਰ ਇਸ ਦੇ ਬਾਵਜੂਦ ਪਿਛਲੇ ਕੁਝ ਸਮੇਂ ਦੌਰਾਨ ਹੀ ਆਸਟਰੇਲੀਆ ਸਰਕਾਰ ਵਲੋਂ ਭਾਰਤੀ ਵਿਦਿਆਰਥੀਆਂ ਦੇ ਪਾਜ਼ੇਟਿਵ ਰਿਜ਼ਲਟ ਦੇਖ ਕੇ ਟ੍ਰੈਵਲ ਕਾਰੋਬਾਰੀਆਂ ਨੇ ਆਪਣੀ ਕਮਰ ਵੀ ਪੂਰੀ ਤਰ੍ਹਾਂ ਕੱਸ ਲਈ ਹੈ, ਜਿਸ ਕਰ ਕੇ ਸੋਸ਼ਲ ਮੀਡੀਆ ’ਤੇ ਟ੍ਰੈਵਲ ਕਾਰੋਬਾਰੀਆਂ ਨੇ ਆਸਟਰੇਲੀਆ ਨੂੰ ਪ੍ਰਮੋਟ ਕਰਨ ਦੇ ਗੁਣਗਾਨ ਕਰਨੇ ਸ਼ੁਰੂ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਟ੍ਰੈਵਲ ਕਾਰੋਬਾਰੀ ਇਸੇ ਜੁਗਾੜ ’ਚ ਬੈਠੇ ਹਨ ਕਿ ਜਿਵੇਂ ਹੀ ਆਸਟਰੇਲੀਆ ਸਰਕਾਰ ਇਸ ਗੱਲ ਦੀ ਅਧਿਕਾਰਕ ਤੌਰ ’ਤੇ ਪੁਸ਼ਟੀ ਕਰਦੀ ਹੈ ਤਾਂ ਉਸ ਸਮੇਂ ਵਿਦਿਆਰਥੀਆਂ ਦੀਆਂ ਅਰਜ਼ੀਆਂ ਇਕੱਠੀਆਂ ਕਰ ਕੇ ਉਨ੍ਹਾਂ ਦੇ ਵੀਜ਼ਾ ਅਪਲਾਈ ਕਰ ਕੇ ਮੋਟੀ ਕਮਾਈ ਕੁਝ ਸਮੇਂ ’ਚ ਹੀ ਕੀਤੀ ਜਾਵੇ, ਨਹੀਂ ਤਾਂ ਬਾਅਦ ’ਚ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕੈਨੇਡਾ ਸਰਕਾਰ ਨੇ ਵੀ ਕੀਤੀ ਸਖਤੀ, ਅਰਜ਼ੀਆਂ ਹੋ ਰਹੀਆਂ ਹਨ ਰਿਫਿਊਜ਼
ਭੰਡਾ ਭੰਡਾਰੀਆਂ ਕਿੰਨਾ ਕੁ ਭਾਰ, ਇਕ ਮੁੱਠੀ ਚੁੱਕ ਲੈ, ਦੂਜੀ ਤਿਆਰ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਨੇ ਵੀ ਪਿਛਲੇ ਕੁਝ ਸਮੇਂ ਦੌਰਾਨ ਭਾਰਤੀ ਵਿਦਿਆਰਥੀਆਂ ’ਤੇ ਸਖਤੀ ਕੀਤੀ ਹੋਈ ਹੈ ਤੇ ਕੈਨੇਡਾ ਸਰਕਾਰ ਵਲੋਂ ਕਾਫੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਰਿਫਿਊਜ਼ ਹੋ ਰਹੀਆਂ ਹਨ, ਜਿਸ ਕਾਰਣ ਟ੍ਰੈਵਲ ਕਾਰੋਬਾਰੀਆਂ ਦਾ ਕੰਮ ਵੀ ਮੰਦੀ ’ਚ ਚੱਲ ਰਿਹਾ ਹੈ ਪਰ ਉਥੇ ਹੀ ਦੂਜੇ ਪਾਸੇ ਆਸਟਰੇਲੀਆ ਸਰਕਾਰ ਵਲੋਂ ਭਾਰਤੀ ਵਿਦਿਆਰਥੀਆਂ ਨੂੰ ਰਾਹਤ ਦੇਣ ਦੀ ਗੱਲ ਦੇ ਦੇਖਦਿਆਂ ਟ੍ਰੈਵਲ ਕਾਰੋਬਾਰੀਆਂ ਦੇ ਹੌਸਲੇ ਵੀ ਬੁਲੰਦ ਦਿਖਾਈ ਦੇਣੇ ਸ਼ੁਰੂ ਹੋ ਗਏ ਹਨ, ਜਿਸ ਨੂੰ ਦੇਖ ਕੇ ਇਹ ਕਹਾਵਤ ਟ੍ਰੈਵਲ ਕਾਰੋਬਾਰੀਆਂ ’ਤੇ ਢੁਕ ਰਹੀ ਹੈ ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇਕ ਮੁੱਠੀ ਚੁੱਕ ਲੈ, ਦੂਜੀ ਤਿਆਰ’, ਮਤਲਬ ਜੇ ਕੈਨੇਡਾ ਦੇ ਵੀਜ਼ੇ ਬੰਦ ਹੋ ਰਹੇ ਹਨ ਤਾਂ ਆਸਟਰੇਲੀਆ ਦੇ ਖੁੱਲ੍ਹ ਰਹੇ ਹਨ।


Sunny Mehra

Content Editor

Related News