ਲੈਫਟ ਦੇ ਸਫਾਏ ਨਾਲ ਡ੍ਰੈਗਨ ਨੂੰ ਝਟਕਾ, ਪੱਛਮੀ ਬੰਗਾਲ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਚੀਨ ਦੇ ਮਨਸੂਬੇ ਫੇਲ
Monday, May 03, 2021 - 11:48 AM (IST)
ਜਲੰਧਰ (ਨਰੇਸ਼ ਅਰੋੜਾ) : ਦੁਨੀਆ ’ਚ ਖੱਬੇਪੱਖੀਆਂ ਦੇ ਗੜ੍ਹ ਚੀਨ ਦੀਆਂ ਨਜ਼ਰਾਂ ਵੀ ਆਸਾਮ ਦੇ ਨਾਲ-ਨਾਲ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ’ਤੇ ਲੱਗੀਆਂ ਹੋਈਆਂ ਸਨ ਪਰ ਚੋਣਾਂ ਦੇ ਨਤੀਜਿਆਂ ਪਿਛੋਂ ਚੀਨ ਨੂੰ ਵੀ ਝਟਕਾ ਲੱਗਾ ਹੈ। ਖੁਫ਼ੀਆ ਏਜੰਸੀਆਂ ਕੋਲ ਇਨਪੁਟ ਸੀ ਕਿ ਚੀਨ ਪੱਛਮੀ ਬੰਗਾਲ ਦੀਆਂ ਚੋਣਾਂ ’ਚ ਲੈਫਟ ਨੂੰ ਮਜ਼ਬੂਤ ਹੁੰਦੇ ਦੇਖਣਾ ਚਾਹੁੰਦਾ ਹੈ ਕਿਉਂਕਿ ਦੇਸ਼ ਦੇ ਖੱਬੇਪੱਖੀ ਲੋਕ ਵਿਚਾਰਕ ਪੱਖੋਂ ਚੀਨ ਦੇ ਨੇੜੇ ਹਨ। ਇਸ ਮਕਸਦ ਨਾਲ ਚੀਨ ਨੇ ਚੋਣਾਂ ’ਚ ਅਸਿੱਧੇ ਢੰਗ ਨਾਲ ਵਿੱਤੀ ਮਦਦ ਵੀ ਕੀਤੀ ਸੀ ਪਰ ਚੋਣਾਂ ਦੇ ਨਤੀਜਿਆਂ ਨੇ ਚੀਨ ਦੇ ਮਨਸੂਬੇ ਫੇਲ ਕਰ ਦਿੱਤੇ। ਪੱਛਮੀ ਬੰਗਾਲ ’ਚ ਲੈਫਟ ਦੀਆਂ ਤਿੰਨੋਂ ਪਾਰਟੀਆਂ ਕੁਲ ਮਿਲਾ ਕੇ 5 ਫੀਸਦੀ ਵੋਟਾਂ ਵੀ ਹਾਸਲ ਨਹੀਂ ਕਰ ਸਕੀਆਂ। ਆਸਾਮ ’ਚ ਭਾਜਪਾ ਦੀ ਵਾਪਸੀ ਨਾਲ ਚੀਨ ਨੂੰ ਖਾਸ ਤੌਰ ’ਤੇ ਵਧੇਰੇ ਝਟਕਾ ਲੱਗਾ ਹੈ। ਆਸਾਮ ਚੀਨ ਦੀ ਸਰਹੱਦ ਦੇ ਨੇੜੇ ਹੈ। ਕੇਂਦਰ ’ਚ ਭਾਜਪਾ ਦੀ ਸਰਕਾਰ ਆਉਣ ਪਿਛੋਂ ਉੱਤਰੀ ਪੂਰਬੀ ਸੂਬਿਆਂ ’ਚ ਮੂਲ ਢਾਂਚੇ ’ਤੇ ਕਾਫੀ ਕੰਮ ਕੀਤਾ ਗਿਆ ਹੈ। ਇਹ ਕੰਮ ਚੀਨ ਨੂੰ ਰਾਸ ਨਹੀਂ ਆ ਰਿਹਾ ਹੈ। ਦੇਸ਼ ਦਾ ਉੱਤਰ ਪੂਰਬ ਖੇਤਰ ਨਕਸਲੀਆਂ ਦਾ ਕੇਂਦਰ ਵੀ ਹੈ। ਇਨ੍ਹਾਂ ਰਾਹੀਂ ਉੱਤਰੀ ਪੂਰਬੀ ਭਾਰਤ ਨੂੰ ਅਸ਼ਾਂਤ ਰੱਖਣਾ ਚੀਨ ਨੂੰ ਬਹੁਤ ਰਾਸ ਆਉਂਦਾ ਰਿਹਾ ਹੈ ਪਰ ਹੁਣ ਉੱਤਰ ਪੂਰਬ ਦੇ ਸਭ ਤੋਂ ਵੱਡੇ ਸੂਬੇ ਆਸਾਮ ’ਚ ਭਾਜਪਾ ਦੀ ਵਾਪਸੀ ਨਾਲ ਚੀਨ ਨੂੰ ਜ਼ੋਰਦਾਰ ਝਟਕਾ ਲੱਗਾ ਹੈ। ਮਮਤਾ ਬੈਨਰਜੀ ਹਾਲਾਂਕਿ ਪੱਛਮੀ ਬੰਗਾਲ ’ਚ ਗਰਮ ਖਿਆਲੀ ਖੱਬੇਪੱਖੀਆਂ ਦੇ ਮਾਡਲ ’ਤੇ ਕੰਮ ਕਰ ਰਹੀ ਹੈ ਪਰ ਉਨ੍ਹਾਂ ਦੀ ਿਵਚਾਰਧਾਰਾ ਰਾਸ਼ਟਰਵਾਦੀ ਹੈ। ਮਮਤਾ ਦਾ ਪਿਛੋਕੜ ਕਾਂਗਰਸ ਨਾਲ ਜੁੜਿਆ ਹੋਇਆ ਹੈ। ਇਸ ਲਈ ਚੀਨ ਨੂੰ ਉਨ੍ਹਾਂ ਦੇ ਸੱਤਾ ’ਚ ਹੋਣ ਦਾ ਕੋਈ ਲਾਭ ਨਹੀਂ।
ਚੋਣ ਪ੍ਰਚਾਰ ਦੌਰਾਨ ਚੀਨੀ ਨੇਤਾ ਦੀ ਸ਼ਲਾਘਾ
4 ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਖੇਤਰ ਦੇ ਚੋਣ ਪ੍ਰਚਾਰ ਦੌਰਾਨ 19 ਫਰਵਰੀ ਨੂੰ ਸੀ. ਪੀ. ਆਈ. (ਐੱਮ.) ਦੀ ਪੁੱਡੂਚੇਰੀ ਇਕਾਈ ਨੇ 19 ਫਰਵਰੀ ਨੂੰ ਮਾਰੇ ਗਏ ਚੀਨੀ ਨੇਤਾ ਕਾਮਰੇਡ ਡੇਂਗ ਸ਼ਿਨਪਿੰਗ ਦੀ ਸ਼ਲਾਘਾ ’ਚ ਕਸੀਦੇ ਪੜ੍ਹ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਪਾਰਟੀ ਨੇ ਟਵੀਟ ’ਚ ਲਿਖਿਆ, ‘‘ਡੇਂਗ ਸ਼ਿਨਪਿੰਗ 1978 ਤੋਂ 1989 ਦਰਮਿਆਨ ਚੀਨ ਦੇ ਕ੍ਰਾਂਤੀਕਾਰੀ ਨੇਤਾ ਰਹੇ। ਉਨ੍ਹਾਂ ਲੈਨਿਨ ਅਤੇ ਮਾਰਕਿਸ ਦੀਆਂ ਨੀਤੀਆ ’ਤੇ ਚੱਲਦੇ ਹੋਏ ਚੀਨ ਦੇ ਵਿਕਾਸ ਲਈ ਅਹਿਮ ਕੰਮ ਕੀਤੇ। ਸੀ. ਪੀ. ਆਈ. (ਐੱਮ.) ਦੇ ਇਸ ਟਵੀਟ ਤੋਂ ਬਾਅਦ ਭਾਜਪਾ ਨੇ ਲੈਫਟ ’ਤੇ ਹਮਲਾ ਬੋਲਦੇ ਹੋਏ ਕਿਹਾ ਸੀ ਕਿ ਕੇਰਲ ਅਤੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੈਫਟ ਦੇ ਆਗੂਆਂ ਦੀ ਪਹਿਲ ਚੀਨ ਦਾ ਗੁਣਗਾਨ ਕਰਨਾ ਹੈ। ਲੋਕ ਇਸ ਸੋਚ ਨੂੰ ਨਕਾਰ ਦੇਣ ਕਿਉਂਕਿ ਇਹ ਸੋਚ ਨਾ ਤਾਂ ਦੇਸ਼ ਦੇ ਫੌਜੀਆਂ ਨਾਲ ਖੜ੍ਹੇ ਹੋਣ ਦੀ ਹੈ ਤੇ ਨਾ ਹੀ ਦੇਸ਼ ਦੇ ਆਮ ਲੋਕਾਂ ਨਾਲ ਖੜ੍ਹੇ ਹੋਣ ਦੀ ਹੈ।