ਕੁਦਰਤੀ ਆਫ਼ਤ ਦਰਮਿਆਨ 20 ਘਰਾਂ 'ਚ ਗੂੰਜੀਆਂ ਕਿਲਕਾਰੀਆਂ, ਪਰਿਵਾਰਾਂ 'ਚ ਛਾਈ ਖ਼ੁਸ਼ੀ

Monday, Jul 17, 2023 - 02:13 PM (IST)

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ’ਚ ਜਿੱਥੇ ਸਤਲੁਜ ਦਾ ਪਾਣੀ ਕਹਿਰ ਮਚਾ ਰਿਹਾ ਹੈ, ਉਨ੍ਹਾਂ ਪਿੰਡਾਂ ਦੇ 20 ਘਰਾਂ 'ਚ ਪਿਛਲੇ ਦਿਨੀਂ ਕਿਲਕਾਰੀਆਂ ਗੂੰਜੀਆਂ ਹਨ। ਸਿਹਤ ਵਿਭਾਗ ਵਲੋਂ ਮੁਹੱਈਆ ਕਰਵਾਈਆਂ ਸਿਹਤ ਸਹੂਲਤਾਂ ਨਾਲ ਸਾਰੇ ਜੱਚਾ-ਬੱਚਾ ਸਿਹਤਮੰਦ ਅਤੇ ਸੁਰੱਖਿਅਤ ਹਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਜਣੇਪਾ ਉਪਰੰਤ ਦੀ ਮੈਡੀਕਲ ਸਹਾਇਤਾ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਵਿਭਾਗ ਨੇ 42 ਹੋਰ ਗਰਭਵਤੀ ਔਰਤਾਂ ਦੀ ਪਹਿਲਾਂ ਹੀ ਪਛਾਣ ਕੀਤੀ ਹੋਈ ਹੈ, ਜਿਨ੍ਹਾਂ ਦਾ ਜਣੇਪਾ ਆਉਣ ਵਾਲੇ ਦਿਨਾਂ ’ਚ ਹੋਣ ਵਾਲਾ ਹੈ। ਇਹ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਡਾ. ਸੇਨੂ ਦੂੱਗਲ ਅਤੇ ਸਿਵਲ ਸਰਜਨ ਡਾ. ਸਤੀਸ਼ ਗੋਇਲ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਨੂੰ ਤਿਆਰੀਆਂ ਕਰਨ ਲਈ ਸਮਾਂ ਮਿਲ ਗਿਆ ਸੀ, ਜਿਸ ਆਧਾਰ ’ਤੇ ਸਿਹਤ ਵਿਭਾਗ ਨੇ ਵਿਭਾਗ ਕੋਲ ਰਜਿਸਟਰਡ ਗਰਭਵਤੀ ਔਰਤਾਂ ਦੀ ਸੂਚੀ ਅਨੁਸਾਰ ਇਸ ਸਮੇਂ ਅਨੁਸਾਰ ਹੋਣ ਵਾਲੇ ਜਣੇਪਿਆਂ ਦੀ ਸੂਚੀ ਪਹਿਲਾਂ ਹੀ ਤਿਆਰ ਕਰ ਕੇ ਯੋਜਨਾਬੰਦੀ ਕਰ ਲਈ ਸੀ।

ਇਹ ਵੀ ਪੜ੍ਹੋ : ਚੋਅ 'ਚੋਂ ਮਿਲੇ ਬੰਬ ਨਾਲ ਬੱਚੇ ਲੈ ਰਹੇ ਸੀ ਸੈਲਫ਼ੀ, ਪਾਣੀ ਨਾਲ ਧੋ ਕਰ ਰਹੇ ਸੀ ਖੇਡਣ ਦੀ ਤਿਆਰੀ ਕਿ...

ਇਸ ਕਾਰਨ ਇਨ੍ਹਾਂ ਖੇਤਰਾਂ ’ਚ 20 ਗਰਭਵਤੀ ਔਰਤਾਂ ਦੀ ਸੁਰੱਖਿਅਤ ਡਿਲੀਵਰੀ ਹੋ ਚੁੱਕੀ ਹੈ ਅਤੇ ਬਾਕੀਆਂ ਦੀ ਸੂਚੀ ਅਨੁਸਾਰ ਦੇਖਭਾਲ ਅਤੇ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਸਹੂਲਤਾਂ ਦੇਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਪਿੰਡ ’ਚ ਆਸ਼ਾ ਵਰਕਰਾਂ ਦੀ ਨਿਯੁਕਤੀ ਕੀਤੀ ਹੋਈ ਹੈ, ਜਿਨ੍ਹਾਂ ਵਲੋਂ ਜਣੇਪੇ ਤੋਂ ਬਾਅਦ ਔਰਤਾਂ ਅਤੇ ਜਨਮ ਤੋਂ ਬਾਅਦ ਬੱਚਿਆਂ ਦਾ ਚੈੱਕਅਪ ਵੀ ਘਰਾਂ ’ਚ ਜਾ ਕੇ ਕੀਤਾ ਜਾ ਰਿਹਾ ਹੈ। ਆਸ਼ਾ ਵਰਕਰਾਂ ਅਤੇ ਏ. ਐੱਨ. ਐੱਮ. ਜਣੇਪੇ ਤੋਂ ਬਾਅਦ ਜ਼ਰੂਰੀ ਦਵਾਈਆਂ ਦੇਣ ਅਤੇ ਮਾਂ ਅਤੇ ਬੱਚੇ ਦੀ ਦੇਖਭਾਲ ਲਈ ਹਰ ਘਰ ਦਾ ਦੌਰਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੌਂਗ ਡੈਮ ਤੋਂ ਅੱਜ ਫਿਰ ਛੱਡਿਆ ਜਾਵੇਗਾ ਡੇਢ ਗੁਣਾ ਜ਼ਿਆਦਾ ਪਾਣੀ, ਜਾਰੀ ਕੀਤਾ ਗਿਆ ਅਲਰਟ

ਮਹਾਤਮ ਨਗਰ ਦੇ ਕੰਟਰੋਲ ਰੂਮ ’ਚ ਸਿਹਤ ਵਿਭਾਗ ਦੀ ਟੀਮ ਸਮੇਤ ਐਂਬੂਲੈਂਸ 24 ਘੰਟੇ ਤਾਇਨਾਤ ਹੈ ਤਾਂ ਜੋ ਗਰਭਵਤੀ ਔਰਤ ਨੂੰ ਰਾਤ ਨੂੰ ਵੀ ਲੋੜ ਪੈਣ ’ਤੇ ਜਲਦੀ ਸਿਵਲ ਹਸਪਤਾਲ ਪਹੁੰਚਾਇਆ ਜਾ ਸਕੇ। ਸੀ. ਐੱਚ. ਸੀ. ਡੱਬਵਾਲਾ ਕਲਾਂ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿਭਾਗ ਵਲੋਂ ਗਰਭਵਤੀ ਔਰਤਾਂ ਦੇ ਸੰਭਾਵੀ ਜਣੇਪੇ ਦੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਆਸ਼ਾ ਵਰਕਰਾਂ ਲਗਾਤਾਰ ਉਨ੍ਹਾਂ ਨਾਲ ਸੰਪਰਕ ’ਚ ਹਨ। ਇਨ੍ਹਾਂ ਔਰਤਾਂ ਦੇ ਜਣੇਪੇ ਲਈ ਤੁਰੰਤ ਸਰਕਾਰੀ ਐਂਬੂਲੈਂਸ ਦਾ ਪ੍ਰਬੰਧ ਹੈ। ਬਲਾਕ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ ਨੇ ਦੱਸਿਆ ਕਿ ਮਮਤਾ ਦਿਵਸ ਮੌਕੇ ਇਨ੍ਹਾਂ ਖੇਤਰਾਂ ’ਚ 42 ਨਵੀਆਂ ਗਰਭਵਤੀ ਔਰਤਾਂ ਦਾ ਚੈੱਕਅਪ ਕੀਤਾ ਗਿਆ ਹੈ ਅਤੇ 64 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News