ਟਰੈਕਟਰ ਹੇਠਾਂ ਆਉਣ ਕਾਰਨ ਪਿੰਡ ਡੋਹਕ ਦੇ ਬੱਚੇ ਪ੍ਰਭਨੂਰ ਸਿੰਘ ਦੀ ਮੌਤ

Saturday, Nov 21, 2020 - 12:00 AM (IST)

ਟਰੈਕਟਰ ਹੇਠਾਂ ਆਉਣ ਕਾਰਨ ਪਿੰਡ ਡੋਹਕ ਦੇ ਬੱਚੇ ਪ੍ਰਭਨੂਰ ਸਿੰਘ ਦੀ ਮੌਤ

ਸ੍ਰੀ ਮੁਕਤਸਰ ਸਾਹਿਬ,(ਰਮਨਦੀਪ ਸੋਢੀ) : ਸ਼ਹਿਰ 'ਚ ਪੈਂਦੇ ਪਿੰਡ ਡੋਹਕ 'ਚ ਟਰੈਕਟਰ ਹੇਠਾਂ ਆਉਣ ਕਾਰਨ ਸ਼ੁੱਕਰਵਾਰ ਨੂੰ 12 ਸਾਲਾ ਬੱਚੇ ਪ੍ਰਭਨੂਰ ਸਿੰਘ ਦੀ ਮੌਤ ਹੋ ਗਈ ਹੈ। ਪ੍ਰਭਨੂਰ ਜੋ ਸੰਧੂ ਪਰਿਵਾਰ ਦਾ ਇਕਲੌਤਾ ਵਾਰਿਸ ਸੀ, ਪਰਿਵਾਰ ਲਈ ਉਸ ਦਾ ਵਿਛੋੜਾ ਅਸਿਹਣਯੋਗ ਹੈ। ਬੱਚੇ ਦੀ ਮੌਤ ਨਾਲ ਤਮਾਮ ਰਿਸ਼ਤੇਦਾਰਾਂ ਸਮੇਤ ਪੂਰਾ ਪਿੰਡ ਸੋਗ ਵਿੱਚ ਹੈ।
ਜਾਣਕਾਰੀ ਮੁਤਾਬਕ ਪ੍ਰਭਨੂਰ ਜੋ ਅਕਸਰ ਆਪਣੇ ਪਿਤਾ ਦੇ ਨਾਲ ਹੀ ਜ਼ਿਆਦਾਤਰ ਰਹਿੰਦਾ ਸੀ। ਇਸੇ ਤਰ੍ਹਾਂ ਉਹ ਬੀਤੇ ਦਿਨ ਆਪਣੇ ਪਿਤਾ ਅਤੇ ਦਾਦੇ ਨਾਲ ਜ਼ਮੀਨ ਵਾਹੁਣ ਲਈ ਟਰੈਕਟਰ ਦੇ ਸ਼ੌਂਕ ਨਾਲ ਹੀ ਖੇਤ ਚਲਾ ਗਿਆ। ਪ੍ਰਭਨੂਰ ਦਾ ਦਾਦਾ ਟਰੈਕਟਰ ਚਲਾ ਰਿਹਾ ਸੀ ਤੇ ਉਹ ਨਾਲ ਮਰਗਾਟ 'ਤੇ ਸਵਾਰ ਸੀ।ਇਸ ਦੌਰਾਨ ਬੈਠਿਆਂ ਹੀ ਅਚਾਨਕ ਉਹ ਚੱਲਦੇ ਟਰੈਕਟਰ ਤੋਂ ਹੇਠਾਂ ਡਿੱਗ ਗਿਆ ਤੇ ਟਰੈਕਟਰ ਦੇ ਟਾਇਰ ਹੇਠਾਂ ਆ ਗਿਆ। ਮੌਕੇ 'ਤੇ ਹੀ ਬੱਚੇ ਦੇ ਪਿਤਾ ਰੁਪਿੰਦਰ ਸਿੰਘ ਤੇ ਦਾਦੇ ਵੱਲੋਂ ਉਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਬੱਚੇ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਮੁੱਢਲਾ
ਇਲਾਜ ਕਰਕੇ ਲੁਧਿਆਣਾ ਰੈਫਰ ਕਰ ਦਿੱਤਾ। ਬੇਸ਼ੱਕ ਡਾਕਟਰਾਂ ਵੱਲੋਂ ਬੱਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਡਾਕਟਰਾਂ ਮੁਤਾਬਕ ਟਰੈਕਟਰ ਦੇ ਦਬਾਅ ਨਾਲ ਲੀਵਰ ਖਤਮ ਹੋਣ ਕਾਰਨ ਬੱਚੇ ਦੀ ਜਾਨ ਨਹੀਂ ਬਚ ਸਕੀ।
ਬੀਤੇ ਸ਼ੁੱਕਰਵਾਰ ਪ੍ਰਭਨੂਰ ਸਿੰਘ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਡੋਹਕ ਵਿਖੇ ਕੀਤਾ ਗਿਆ ਹੈ ਤੇ ਉਸ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਵੀ ਆਉਂਦੇ ਸ਼ੁੱਕਰਵਾਰ ਨੂੰ ਪਿੰਡ ਡੋਹਕ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।


author

Deepak Kumar

Content Editor

Related News