ਵੈਨ ਨੇ ਫੌਜੀ ਦੇ 2 ਸਾਲਾ ਲੜਕੇ ਨੂੰ ਕੁਚਲਿਆ : ਮੌਤ

Friday, Mar 09, 2018 - 08:03 AM (IST)

ਵੈਨ ਨੇ ਫੌਜੀ ਦੇ 2 ਸਾਲਾ ਲੜਕੇ ਨੂੰ ਕੁਚਲਿਆ : ਮੌਤ

ਸਮਾਣਾ  (ਦਰਦ) - ਮਿਆਲਕਲਾਂ ਪਿੰਡ ਵਿਚ ਘਰ ਨੇੜੇ ਖੇਡ ਰਹੇ ਇਕ ਫੌਜੀ ਦੇ 2 ਸਾਲਾ ਪੁੱਤਰ ਨੂੰ ਪਿਕ-ਅਪ ਵੈਨ ਦੇ ਚਾਲਕ ਵੱਲੋਂ  ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ।  ਸਿਵਲ ਹਸਪਤਾਲ ਵਿਚ ਮ੍ਰਿਤਕ ਅਭਿਜੋਤ (2) ਦੇ ਪਿਤਾ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਇਕ ਪਰਿਵਾਰ ਰਹਿੰਦਾ ਹੈ, ਜਿਨ੍ਹਾਂ ਦੀ ਔਰਤ ਉਨ੍ਹਾਂ ਦੇ ਪਰਿਵਾਰ ਨਾਲ ਹਮੇਸ਼ਾ ਝਗੜਾ ਕਰਦੀ ਰਹਿੰਦੀ ਹੈ। ਬੁੱਧਵਾਰ ਉਸ ਦੀ ਮਾਤਾ ਕੁਲਜੀਤ ਕੌਰ ਨਾਲ ਉਕਤ ਔਰਤ ਨੇ ਝਗੜੇ ਦੌਰਾਨ ਉਨ੍ਹਾਂ ਦੇ ਪਰਿਵਾਰ ਨੂੰ ਖਤਮ ਕਰਨ ਦੀ ਧਮਕੀ ਦਿੱਤੀ। ਮਨਦੀਪ ਸਿੰਘ ਨੇ ਦੋਸ਼ ਲਾਇਆ ਕਿ ਇਸ ਮਗਰੋਂ ਹੀ ਸ਼ਾਮ ਸਮੇਂ ਗਲੀ ਵਿਚ ਸਾਈਕਲ 'ਤੇ ਖੇਡ ਰਹੇ ਉਸ ਦੇ ਪੁੱਤਰ ਅਭਿਜੋਤ ਨੂੰ ਉਸ ਔਰਤ ਦੇ ਇਸ਼ਾਰੇ 'ਤੇ ਕਿਸੇ ਵੈਨ ਵਾਲੇ ਨੇ ਕੁਚਲ ਦਿੱਤਾ। ਹਾਦਸੇ ਮਗਰੋਂ ਹਸਪਤਾਲ ਲੈ ਕੇ ਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦਿੱਲੀ ਵਿਖੇ ਆਰਮੀ ਕੈਂਪ ਵਿਚ ਡਿਊਟੀ ਦੇ ਰਹੇ ਫੌਜੀ ਪਿਤਾ ਮਨਦੀਪ ਸਿੰਘ ਆਪਣੇ ਇਕਲੌਤੇ ਪੁੱਤਰ ਦੀ ਮੌਤ ਦੀ ਸੂਚਨਾ ਮਿਲਣ 'ਤੇ ਤੁਰੰਤ ਪਿੰਡ ਪੁੱਜਾ। ਉਨ੍ਹਾਂ ਗੱਡੀ ਚਾਲਕ 'ਤੇ ਹੱਤਿਆ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਸਬੰਧੀ ਸਦਰ ਪੁਲਸ ਦੇ ਏ. ਐੱਸ. ਆਈ² ਸਾਹਿਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੇ ਦਾਦਾ ਕਸ਼ਮੀਰ ਸਿੰਘ ਨਿਵਾਸੀ ਪਿੰਡ ਮਿਆਲਕਲਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News