ਮੁੱਖ ਸਕੱਤਰ ਵਲੋਂ ਪੰਜਾਬ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਹੁਕਮ

Friday, Jul 23, 2021 - 03:10 AM (IST)

ਮੁੱਖ ਸਕੱਤਰ ਵਲੋਂ ਪੰਜਾਬ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਹੁਕਮ

ਚੰਡੀਗੜ੍ਹ(ਅਸ਼ਵਨੀ)- ਸੂਬੇ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਸਬੰਧੀ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਅੱਜ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਪਾਣੀ ਅਤੇ ਹਵਾ ਪ੍ਰਦੂਸ਼ਣ ਦਾ ਹੱਲ ਕਰਨ ਦੇ ਨਾਲ-ਨਾਲ ਠੋਸ ਅਤੇ ਪਲਾਸਟਿਕ ਕੂੜੇ ਦੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਉਪਰਾਲੇ ਕਰਨ।

ਵਾਤਾਵਰਣ ਕਾਰਜ ਯੋਜਨਾ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਸੂਬਾ ਉੱਚ ਕਮੇਟੀ ਦੀ 15ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਪੀ.ਐੱਸ.ਆਈ.ਈ.ਸੀ. ਵਲੋਂ ਚਲਾਏ ਜਾ ਰਹੇ ਸੀਵਰੇਜ ਟਰੀਟਮੈਂਟ ਪਲਾਂਟ (ਐੱਸ.ਟੀ.ਪੀਜ਼.) ਨੂੰ 31 ਜੁਲਾਈ ਤੱਕ ਆਪਣੇ ਅਧੀਨ ਲੈਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਵਿਭਾਗ ਨੂੰ ਉਨ੍ਹਾਂ ਸਾਰੀਆਂ ਡਰੇਨਾਂ, ਜਿਥੇ ਐੱਸ.ਟੀ.ਪੀਜ਼. ਦੀ ਸਥਾਪਨਾ ਵਿਚ ਸਮਾਂ ਲੱਗ ਰਿਹਾ ਹੈ, ਵਿਚ ਜਲਦ ਤੋਂ ਜਲਦ ਬਾਇਓਰੈਮੇਡੀਏਸ਼ਨ ਦਾ ਕੰਮ ਸੁਰੂ ਕਰਨ ਲਈ ਕਿਹਾ ਤਾਂ ਜੋ ਸੂਬਾਵਾਸੀਆਂ ਨੂੰ ਪ੍ਰਦੂਸ਼ਣ ਤੋਂ ਤੁਰੰਤ ਰਾਹਤ ਦਿੱਤੀ ਜਾ ਸਕੇ।

ਮੁੱਖ ਤੌਰ ’ਤੇ ਲੁਧਿਆਣਾ ਦੇ ਸੀਵਰੇਜ ਅਤੇ ਨਾਲਿਆਂ ਦੇ ਨਿਕਾਸ ਕਾਰਨ ਸਤਲੁਜ ਦਰਿਆ ਵਿਚ ਵੱਧ ਰਹੇ ਜਲ ਪ੍ਰਦੂਸ਼ਣ ਦੀ ਸਮੀਖਿਆ ਕਰਦਿਆਂ ਮਹਾਜਨ ਨੇ ਜਲ ਸਰੋਤ ਵਿਭਾਗ ਨੂੰ ਹਦਾਇਤ ਕੀਤੀ ਕਿ ਇਸ ਮਹੀਨੇ ਦੇ ਅੰਤ ਤੱਕ ਸਰਹਿੰਦ ਨਹਿਰ ਤੋਂ ਬੁੱਢੇ ਨਾਲੇ ਵਿਚ 200 ਕਿਊਸਿਕ ਤਾਜ਼ਾ ਪਾਣੀ ਛੱਡਣ ਸਬੰਧੀ ਪ੍ਰਾਜੈਕਟ ਨੂੰ ਮੁਕੰਮਲ ਕੀਤਾ ਜਾਵੇ। ਉਨ੍ਹਾਂ 31 ਜੁਲਾਈ, 2021 ਤੱਕ ਲੁਧਿਆਣਾ ਵਿਖੇ 40 ਐੱਮ.ਐੱਲ.ਡੀ. ਅਤੇ 50 ਐੱਮ.ਐੱਲ.ਡੀ. ਦੇ ਸੀ.ਈ.ਟੀ.ਪੀਜ਼ ਨੂੰ ਕਾਰਜਸ਼ੀਲ ਕਰਨ ਲਈ ਵੀ ਕਿਹਾ।


author

Bharat Thapa

Content Editor

Related News